‘ਰੋਟੀ ਤਾਂ ਦੇ ਨਹੀਂ ਸਕੇ, ਘਰ ਜਾਣ ਦੀ ਇਜਾਜ਼ਤ ਹੀ ਦੇ ਦਿਓ’

ਪਟਿਆਲਾ  (ਸਮਾਜਵੀਕਲੀ) – ਇਥੋਂ ਦੇ ਲੱਕੜ ਮੰਡੀ ਨੇੜਲੀਆਂ ਵੱਖ ਵੱਖ ਕਲੋਨੀਆਂ ਵਿਚ ਰਹਿ ਰਹੇ ਸੌ ਤੋਂ ਵੱਧ ਪਰਵਾਸੀ ਮਜ਼ਦੂਰਾਂ ਨੇ ਰਾਸ਼ਨ ਨਾ ਮਿਲਣ ਦੇ ਮਾਮਲੇ ਨੂੰ ਲੈ ਕੇ ਅੱਜ ਇਥੇ ਲੱਕੜ ਮੰਡੀ ਵਿੱਚ ਇਕੱਤਰ ਹੋ ਕੇ ਰੋਸ ਪ੍ਰਦਰਸ਼ਨ ਕੀਤਾ।

ਇਸ ਪ੍ਰਦਰਸ਼ਨ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉੱਡ ਗਈਆਂ। ਯੂਪੀ ਅਤੇ ਬਿਹਾਰ ਨਾਲ ਸਬੰਧਤ ਇਨ੍ਹਾਂ ਮਜ਼ਦੂਰਾਂ ਨੇ ਰਾਸ਼ਨ ਮੁਹੱਈਆ ਕਰਵਾਉਣ ’ਚ ਸਰਕਾਰ ਨੂੰ ਫੇਲ੍ਹ ਗਰਦਾਨਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਰੀ ਰਾਜਾਂ ਵਿੱਚ ਭੇਜਣ ਦੀ ਵਿਵਸਥਾ ਕੀਤੀ ਜਾਵੇ ਕਿਉਂਕਿ ਇਥੇ ਉਹ ਭੁੱਖੇ ਨਹੀਂ ਮਰਨਾ ਚਾਹੁੰਦੇ।

ਜਾਣਕਾਰੀ ਅਨੁਸਾਰ ਸੌ ਤੋਂ ਵੱਧ ਇਹ ਮਜ਼ਦੂਰ ਵੀਰਵਾਰ ਨੂੰ ਸ਼ਾਮ ਵੇਲੇ ਲੱਕੜ ਮੰਡੀ ਵਿੱਚ ਇਕੱਤਰ ਹੋ ਗਏ ਤੇ ਰਾਸ਼ਨ ਨਾ ਮਿਲਣ ’ਤੇ ਰੋਸ ਜਤਾਇਆ। ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਸੀ ਕਿ ਲੌਕਡਾਊਨ ਕਾਰਨ ਕੰਮ ਬੰਦ ਹੋਣ ਕਰਕੇ ਉਹ ਵਿਹਲੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚੋਂ ਬਹੁਤਿਆਂ ਕੋਲ਼ ਹੁਣ ਤੱਕ ਰਾਸ਼ਨ ਲਈ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਧਿਰ ਨੇ ਪਹੁੰਚ ਨਹੀਂ ਕੀਤੀ।

ਉਨ੍ਹਾਂ ਕੋਲ਼ ਮੌਜੂਦ ਆਪਣਾ ਰਾਸ਼ਨ ਵੀ ਖਤਮ ਹੋ ਚੁੱਕਾ ਹੈ ਤੇ ਉਹ ਪੈਸੇ ਵੀ ਖਰਚ ਬੈਠੇ ਹਨ ਜਿਸ ਕਰਕੇ ਉਹ ਹੁਣ ਡਾਢੇ ਪ੍ਰੇਸ਼ਾਨ ਹਨ। ਧਰਮਵੀਰ ਨਾਮ ਦੇ ਮਜ਼ਦੂਰ ਨੇ ਕਿਹਾ ਕਿ ਉਹ ਯੂ.ਪੀ ਦੇ ਰਹਿਣ ਵਾਲੇ ਹਨ ਤੇ ਘਰ ਜਾਣਾ ਚਾਹੁੰਦੇ ਹਨ। ਮਜਨੂੰ ਨੇ ਕਿਹਾ ਕਿ ਉਹ ਬਿਹਾਰ ਦਾ ਰਹਿਣ ਵਾਲ਼ਾ ਹੈ ਤੇ ਉਹ ਕਈ ਜਣੇ ਹਨ। ਭੁੱਖਣ ਭਾਣੇ ਇਨ੍ਹਾਂ ਮਜ਼ਦੂਰਾਂ ਕੋਲ ਨਾ ਰਾਸ਼ਨ ਹੈ ਨਾ ਪੈਸੇ।

ਲਲਿਤ ਕੁਮਾਰ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਰੋਟੀ ਤਾਂ ਦੇ ਨਹੀਂ ਸਕੀ, ਹੁਣ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਹੀ ਦੇ ਦੇਵੇ। ਪੁਲੀਸ ਦੇ ਪਹੁੰਚਣ ’ਤੇ ਇਹ ਮਜ਼ਦੂਰ ਇੱਕ ਦੂਜੇ ਦੇ ਨਾਲ਼ ਜੁੜ ਕੇ ਖੜ੍ਹੇ ਸਨ। ਪੁਲੀਸ ਨੇ ਇਹ ਹਾਲਾਤ ਦੇਖਦਿਆਂ ਹੀ ਉਨ੍ਹਾਂ ਨੂੰ ਖਦੇੜ ਦਿੱਤਾ।

Previous articleਪੰਜਾਬ: ਕਰੋਨਾ ਪੀੜਤਾਂ ਦੀ ਗਿਣਤੀ ’ਚ ਵੱਡਾ ਵਾਧਾ
Next articleਮਹਾਮਾਰੀ ਦੌਰਾਨ ਭਾਰਤੀ-ਅਮਰੀਕੀ ਭਾਈਚਾਰੇ ਵਲੋਂ ਦਿਖਾਏ ਸੇਵਾ-ਭਾਵ ਦੀ ਸ਼ਲਾਘਾ