ਮੁੰਬਈ (ਸਮਾਜਵੀਕਲੀ) – ਮਹਾਰਾਸ਼ਟਰ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਕੋਵਿਡ-19 ਕਾਰਨ ਤਿੰਨ ਪੁਲੀਸ ਮੁਲਾਜ਼ਮਾਂ ਦੀ ਹੋਈ ਮੌਤ ਤੋਂ ਬਾਅਦ ਮੁੰਬਈ ਪੁਲੀਸ ਨੇ 55 ਸਾਲ ਤੋਂ ਵੱਧ ਉਮਰ ਦੇ ਪੁਲੀਸ ਕਰਮੀਆਂ ਨੂੰ ਛੁੱਟੀ ’ਤੇ ਭੇਜਣ ਦਾ ਫੈਸਲਾ ਕੀਤਾ ਹੈ। ਇਹ ਫੈਸਲੇ ਬਾਰੇ ਦੱਸਦਿਆਂ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਇਥੋਂ ਦੇ ਇਕ 52 ਸਾਲ ਦੇ ਪੁਲੀਸ ਕਰਮੀ ਜੋ ਸ਼ੱਕਰ ਰੋਗ ਅਤੇ ਬਲੱਡ ਪ੍ਰੈੱਸ਼ਰ ਦੀ ਬਿਮਾਰੀ ਤੋਂ ਪੀੜਤ ਹੈ, ਨੂੰ ਵੀ ਛੁੱਟੀ ਲੈ ਕੇ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਹ ਫੈਸਲਾ 57 ਸਾਲਾ ਹੈੱਡ ਕਾਂਸਟੇਬਲ ਦੀ ਸੋਮਵਾਰ ਨੂੰ ਕੋਵਿਡ-19 ਨਾਲ ਹੋਈ ਮੌਤ ਅਤੇ ਇਕ 52 ਸਾਲਾ ਹੈੱਡ ਕਾਂਸਟੇਬਲ ਅਤੇ ਇਕ 57 ਸਾਲਾ ਕਾਂਸਟੇਬਲ ਦੀ ਸ਼ਨਿਚਰਵਾਰ ਅਤੇ ਐਤਵਾਰ ਨੂੰ ਹੋਈ ਮੌਤ ਤੋਂ ਬਾਅਦ ਕੀਤਾ ਗਿਆ ਹੈ। ਮੁੰਬਈ ਪੁਲੀਸ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਹ ਫੈਸਲਾ ਮੁੰਬਈ ਪੁਲੀਸ ਨੇ ਆਪਣੇ ਸੀਨੀਅਰ ਅਤੇ ਵਡੇਰੀ ਉਮਰ ਦੇ ਸਾਥੀਆਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਕੀਤਾ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਵਿਅਕਤੀ ਦੀ ਵਡੇਰੀ ਉਮਰ ’ਚ ਇਸ ਮਹਾਮਾਰੀ ਖਿਲਾਫ਼ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਮੁੰਬਈ ਪੁਲੀਸ ਇਸ ਸਥਿਤੀ ’ਚ ਨਹੀਂ ਹੈ ਕਿ ਆਪਣੇ ਵਡੇਰੀ ਉਮਰ ਦੇ ਜਵਾਨਾਂ ਦੀ ਜਾਨ ਨੂੰ ਖ਼ਤਰੇ ’ਚ ਪਾਇਆ ਜਾ ਸਕੇ। ਇਸੇ ਦੇ ਮੱਦੇਨਜ਼ਰ ਪੁਲੀਸ ਨੇ 55 ਸਾਲ ਤੋਂ ਉਪਰ ਉਮਰ ਦੇ ਪੁਲੀਸ ਕਰਮੀਆਂ ਨੂੰ ਛੁੱਟੀ ’ਤੇ ਭੇਜਣ ਦਾ ਫੈਸਲਾ ਕੀਤਾ ਹੈ।