ਗੱਲ ਉਹਨਾਂ ਦਿਨਾਂ ਦੀ ਆ, ਜਦੋਂ ਫ਼ਿਰੋਜ਼ਪੁਰ ਕਾਲਜ ਇੰਜੀਨੀਅਰਿੰਗ ਕਰਦੇ ਹੁੰਦੇ ਸੀ। ਜਦੋਂ ਨਵੇਂ-ਨਵੇਂ ਗਏ ਸਾਂ ਤਾਂ ਸਾਡੇ ਸੀਨਿਅਰ ਵਿਦਿਆਰਥੀ ਸਾਡੇ ਨਾਲ ‘ਥੋੜੀ- ਬਹੁਤੀ’ ਰੈਗਿੰਗ (ਇਕ ਤਰ੍ਹਾਂ ਨਾਲ ਤੰਗ ਕਰਨਾ) ਕਰਦੇ ਹੁੰਦੇ ਸੀ। ‘ਥੋੜੀ-ਬਹੁਤੀ’ ਇਸ ਲਈ ਕਿਹਾ ਕਿਉਂ ਕੇ ਜੋ ਕੁਛ ਸਾਡੇ ਨਾਲ ਹੁੰਦਾ ਸੀ ਉਹ ਏਥੇ ਮੈਂ ਲਿਖ ਨਹੀਂ ਸਕਦਾ। ਮੋਟੀ ਮੋਟੀ ਗੱਲ ਇਹ ਵਾ ਕਿ ਸੀਨੀਅਰ ਵਿਦਿਆਰਥੀਆਂ ਵਲੋਂ ਕਾਲਜ਼ ਵਿੱਚ ਇੱਕ ‘ਅਨੁਸਾਸ਼ਨ’ ਬਣਇਆ ਹੁੰਦਾ ਸੀ ਕਿ ਜਦੋ ਵੀ, ਜਿਥੇ ਵੀ, ਜਿਵੇਂ ਦੀ ਹਾਲਤ ਵਿਚ ਕੋਈ ਸੀਨੀਅਰ ਵਿਦਿਆਰਥੀ ਮਿਲੇ, ਜੂਨੀਅਰ ਵਿਦਿਆਰਥੀ ਉਸਨੂੰ, ਇੱਕ ਹੱਥ ਪੇਟ ‘ਤੇ ਰੱਖ ਕੇ ਅਤੇ ਇਕ ਹੱਥ ਪਿੱਛੇ ਲੱਕ ‘ਤੇ ਰੱਖ ਕੇ ਅਤੇ 90 ਡਿਗਰੀ ਤੇ ਝੁੱਕ ਕੇ ‘ਸਾ’ਸਰੀ ਕਾਲ’ ਬੁਲਾਵੇ। ਇਸ ਨੂੰ ‘ਸਲੂਟ-ਮਾਰਨਾ’ ਕਿਹਾ ਜਾਂਦਾ ਸੀ। ਇਹ ਨਿਯਮ ਸਾਰੇ ਜੂਨੀਅਰ ਵਿਦਿਆਰਥੀਆਂ ਤੇ ਲਾਗੂ ਹੁੰਦਾ ਸੀ। ਨਾਂਹ ਜਾਂ ਚੂੰ-ਪੈਂ ਕਰਨ ਦੀ ਸੂਰਤ ਵਿਚ ਅੰਜ਼ਾਮ ਰਾਤ ਨੂੰ ਖਾਣਾ ਖਾਣ ਤੋਂ ਬਾਦ ਹੋਸਟਲ ਦੀ ਮੈੱਸ ਤੇ ਭੁਗਤਣਾ ਪੈਂਦਾ ਸੀ।
ਜਿਹੜਾ ਕਿ ਇੱਕ-ਦੋ ਵਾਰ ਮੈਨੂੰ ਵੀ ਭੁਗਤਣਾ ਪਿਆ।
ਸਾਡਾ ਤਾਂ ਸਲੂਟ ਮਾਰ-ਮਾਰ ਕੇ ਕਈ ਵਾਰ ਲੱਕ ਵੀ ਦੁਖਣ ਲੱਗ ਪੈਂਦਾ ਸੀ। ਪਰ ਮਜ਼ਾਲ ਸੀ ਕਿਸੇ ਦੀ ਕਿ ਕਿਸੇ ਸੀਨੀਅਰ ਭਾਜੀ ਕੋਲੋਂ ਸਿੱਧੇ ਹੋ ਕੇ ਲੰਘ ਸਕੇ। ਝੁਕਣਾ ਤਾਂ ਪੈਂਦਾ ਹੀ ਸੀ।
ਆਖ਼ਰ ਜਿਵੇਂ-ਕਿਵੇਂ ਕਰਕੇ ਪਹਿਲਾ ਸਾਲ ਗੁੱਜ਼ਰ ਗਿਆ ਅਤੇ ਸੌਖਾ ਸਾਹ ਲਿਆ ਕਿ ‘ਸਲੂਟ’ ਦੀ ਜਹਾਲਤ ਤੋਂ ਛੁਟਕਾਰਾ ਮਿਲਿਆ। ਹੁਣ ਅਸੀਂ ਵੀ ‘ਸੀਨੀਅਰ’ ਸਾਂ ਕਿਉਂ ਜੋ ਸਾਡੇ ਵਾਸਤੇ ਵੀ ‘ਨਵੇਂ-ਮੁਰਗੇ’ ਭਾਵ ਸਾਡੇ ਜੂਨੀਅਰ ਆ ਗਏ ਸਨ। ਸਾਡੇ ਸਾਥੀ ਅਤੇ ਸਾਡੇ ਸੀਨੀਅਰ ਸਾਥੀ ਹੁਣ ਜੂਨੀਅਰ ਵਿਦਿਆਰਥੀਆਂ ਦੀ ਭੰਬੀਰੀ ਘੁੰਮਾਈ ਰੱਖਦੇ। ਹੁਣ ਉਹ ਸਾਨੂੰ ਜਿਥੇ ਵੀ ਮਿਲਦੇ, ਜਿਵੇਂ ਵੀ ਮਿਲਦੇ ਝੁਕ ਕੇ ਸਲੂਟ ਮਾਰਨ ਲੱਗ ਪੈਂਦੇ।
ਇੱਕ ਦਿਨ ਮੈਂ ਅੱਧੀ ਛੁੱਟੀ ਤੋਂ ਬਾਦ ਆਪਣੇ ਸੌਚਾਲੇ (ਬਾਥਰੂਮ) ਵਿਚ ‘ਜੰਗਲ-ਪਾਣੀ’ (ਟੋਇਲਟ) ਬੈਠਾ ਹੋਇਆ ਸੀ ਕਿ ਅਚਾਨਕ ਢੁਕੇ ਹੋਏ ਦਰਵਾਜ਼ੇ ਨੂੰ ਕਿਸੇ ਲੱਤ ਮਾਰੀ। ਦਰਵਾਜ਼ਾ ਖੜਾਕ ਦੇਣੀ ਕੰਧ ਵਿੱਚ ਜਾ ਵੱਜਾ। ਸਾਹਮਣੇ ਮੇਰੇ, ਸਾਡਾ ਜੂਨੀਅਰ ਵਿਦਿਆਰਥੀ ਖੜਾ ਸੀ।ਉਹ ਬਹੁਤ ਘਬਰਾ ਗਿਆ ਅਤੇ ਬਿਨ੍ਹਾਂ ਹੋਰ ਕੁਝ ਕੀਤਿਆਂ, ਮੈਨੂੰ ਬੈਠੇ ਨੂੰ ਦੇਖ ਕੇ, ਇੱਕ ਹੱਥ ਅੱਗੇ ਰੱਖਕੇ, ਇੱਕ ਹੱਥ ਪਿੱਛੇ ਰੱਖਕੇ, ਝੁੱਕ ਕੇ ਬੋਲਿਆ,”ਭਾਜੀ ਸਾ’ਸਰੀ ਕਾਲ।”
ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਓਹਤੇ ਗੁੱਸੇ ਹੋਵਾਂ ਜਾਂ ਹੱਸਾਂ। ਪਰ ਬਾਦ ਵਿਚ ਜਦੋਂ ਇਹ ਗੱਲ ਆਪਣੇ ਦੋਸਤਾਂ ਨੂੰ ਦੱਸੀ ਤਾਂ ਸਾਰੇ ਬਹੁਤ ਹੱਸੇ।?
- ਅਵਤਾਰ