ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਵਾਸੀਆਂ ਨੇ ਮੁੰਬਈ, ਦਿੱਲੀ, ਕੋਲਕਾਤਾ ਅਤੇ ਹੋਰ ਥਾਵਾਂ ’ਤੇ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਜਾਣ ਲਈ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ’ਤੇ ਇਕੱਠੇ ਹੋਏ ਵੇਖਿਆ। ਪੰਜਾਬ ਵਿਚ ਵੀ ਦੂਸਰੇ ਸੂਬਿਆਂ ਤੋਂ ਆਏ ਹੋਏ ਪਰਵਾਸੀ ਮਜ਼ਦੂਰ ਕੰਮ ਕਰਦੇ ਹਨ। ਲੱਖਾਂ ਦੀ ਗਿਣਤੀ ਵਿਚ ਇਹ ਮਜ਼ਦੂਰ ਪੰਜਾਬ ਵਿਚ ਵਸ ਗਏ ਹਨ ਪਰ ਬਹੁਤ ਸਾਰਿਆਂ ਦੇ ਆਪਣੇ ਪੁਰਾਣੇ ਸੂਬਿਆਂ ਨਾਲ ਸਬੰਧ ਕਾਇਮ ਹਨ।
ਪੰਜਾਬੀ ਆਪਣੇ ਪਰਵਾਸ ਦਾ ਮਤਲਬ ਵਿਦੇਸ਼ਾਂ ਵਿਚ ਜਾਣ ਤੋਂ ਲੈਂਦੇ ਹਨ ਅਤੇ ਵੱਖ ਵੱਖ ਅਨੁਮਾਨਾਂ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਤੋਂ ਲਗਭਗ 1 ਲੱਖ ਤੋਂ ਜ਼ਿਆਦਾ ਵਿਦਿਆਰਥੀ ਅਤੇ ਹੋਰ ਪੰਜਾਬੀ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਜਾ ਚੁੱਕੇ ਹਨ। ਇਸ ਜਟਿਲ ਦ੍ਰਿਸ਼ ਵਿਚ ਬਹੁਤ ਲੋਕਾਂ ਦੇ ਅੱਖੋਂ ਇਹ ਗੱਲ ਓਝਲ ਹੋ ਗਈ ਹੈ ਕਿ ਪੰਜਾਬ ਤੋਂ ਵੀ ਸੈਂਕੜੇ ਮਜ਼ਦੂਰ ਵੱਖ ਵੱਖ ਸੂਬਿਆਂ ਵਿਚ ਮਜ਼ਦੂਰੀ ਕਰਨ ਜਾਂਦੇ ਹਨ।
ਕੁਝ ਲੋਕਾਂ ਨਾਲ ਹੋਏ ਸੰਪਰਕ ਤੋਂ ਇਹ ਪਤਾ ਲੱਗਾ ਹੈ ਕਿ ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਵਿਚ 240 ਤੋਂ ਜ਼ਿਆਦਾ ਮਜ਼ਦੂਰ ਗਏ ਹੋਏ ਹਨ ਜਿਹੜੇ ਪੰਜਾਬ ਵਿਚ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ਇਕ ਅਨੁਮਾਨ ਅਨੁਸਾਰ ਮੱਧ ਪ੍ਰਦੇਸ਼ ਵਿਚ ਲਗਭਗ 1,000 ਮਹਾਰਾਸ਼ਟਰ ਵਿਚ 500, ਆਂਧਰਾ, ਤਿਲੰਗਾਨਾ ਅਤੇ ਛੱਤੀਸਗੜ੍ਹ ਵਿਚ 500 ਅਤੇ ਇਸੇ ਤਰੀਕੇ ਨਾਲ ਕੁਝ ਹੋਰ ਪ੍ਰਾਂਤਾਂ ਵਿਚ ਕਈ ਮਜ਼ਦੂਰ ਫਸੇ ਹੋਏ ਹਨ।
ਇਹ ਮਜ਼ਦੂਰ ਉੱਥੇ ਕਣਕ ਦੀ ਵਢਾਈ ਦੌਰਾਨ ਅਤੇ ਕੰਬਾਈਨਾਂ ’ਤੇ ਕੰਮ ਕਰਨ ਗਏ ਸਨ। ਇਸੇ ਤਰ੍ਹਾਂ ਰਾਜਸਥਾਨ ਵਿਚ ਸਰ੍ਹੋਂ ਵੱਢਣ ਗਏ ਮਜ਼ਦੂਰ ਵੀ ਕੁਝ ਤਾਂ ਪੈਦਲ ਆ ਗਏ ਹਨ ਅਤੇ ਕੁਝ ਨੂੰ ਵੱਖ ਵੱਖ ਥਾਵਾਂ ’ਤੇ ਰਹਿਣਾ ਪੈ ਰਿਹਾ ਹੈ। ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਦੀ ਤਹਿਸੀਲ ਰਹਿਤਗਾਉਂ ਦੇ ਪਿੰਡ ਦੁੱਧਕਸ਼ ਕਲਾਂ ਵਿਚ ਕਈ ਮਜ਼ਦੂਰ ਹਨ।
ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਕਈ ਹੋਰ ਸੂਬਿਆਂ ਦੀਆਂ ਸਰਕਾਰਾਂ ਆਪਣੇ ਆਪਣੇ ਪ੍ਰਾਂਤਾਂ ਦੇ ਪਰਵਾਸੀ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਬੱਸਾਂ ਦਾ ਇੰਤਜ਼ਾਮ ਕਰ ਰਹੀਆਂ ਹਨ। ਉਨ੍ਹਾਂ ਨੇ ਦੂਸਰੇ ਰਾਜਾਂ ਨਾਲ ਸਹਿਯੋਗ ਕਰਕੇ ਪਰਵਾਸੀ ਮਜ਼ਦੂਰਾਂ ਨੂੰ ਵਾਪਸ ਲਿਆਉਣ ਦੀ ਯੋਜਨਾ ਬਣਾਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਰਵਾਸੀ ਮਜ਼ਦੂਰ ਜਿੱਥੇ ਵੀ ਰਹਿ ਰਹੇ ਹਨ, ਉੱਥੇ ਨਾ ਤਾਂ ਹਾਲਾਤ ਠੀਕ ਹਨ ਅਤੇ ਨਾ ਹੀ ਉਨ੍ਹਾਂ ਦੇ ਖਾਣ-ਪੀਣ ਦੀ ਚੰਗੀ ਤਰ੍ਹਾਂ ਵਿਵਸਥਾ ਹੋ ਰਹੀ ਹੈ।
ਉਨ੍ਹਾਂ ਉੱਤੇ ਮਾਨਸਿਕ ਦਬਾਓ ਵੀ ਵਧ ਰਿਹਾ ਹੈ। ਇਸ ਲਈ ਲੌਕਡਾਊਨ ਦੌਰਾਨ ਉਨ੍ਹਾਂ ਨੂੰ ਲੰਮੇ ਸਮੇਂ ਲਈ ਆਪਣੇ ਪ੍ਰਾਂਤਾਂ ਤੋਂ ਬਾਹਰ ਰੱਖਣ ਨੂੰ ਨਿਆਂਪੂਰਨ ਨਹੀਂ ਕਿਹਾ ਜਾ ਸਕਦਾ। ਪੰਜਾਬ ਸਰਕਾਰ ਨੇ ਪ੍ਰਾਂਤ ’ਚੋਂ ਬਾਹਰ ਗਏ ਹੋਰ ਵਿਅਕਤੀਆਂ ਨੂੰ ਵੀ ਵਾਪਸ ਲਿਆਂਦਾ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਸਬੰਧ ਵਿਚ ਪੰਜਾਬ ਤੋਂ ਬਾਹਰ ਗਏ ਕਿਰਤੀਆਂ ਨੂੰ ਵਾਪਸ ਲਿਆਉਣ ਲਈ ਉੱਚਿਤ ਪ੍ਰਬੰਧ ਕਰੇ।