ਪੰਜਾਬ ’ਚ ਕਰੋਨਾ ਦਾ ਤੇਜ਼ੀ ਨਾਲ ਫੈਲਾਅ

ਚੰਡੀਗੜ੍ਹ  (ਸਮਾਜਵੀਕਲੀ) –  ਪੰਜਾਬ ਵਿੱਚ ਪਿਛਲੇ ਇੱਕ ਹਫਤੇ ਦੌਰਾਨ ਕਰੋਨਾਵਾਇਰਸ ਤੋਂ ਪ੍ਰਭਾਵਿਤ 100 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ‘ਕੋਵਿਡ ਬੁਲੇਟਿਨ’ ਮੁਤਾਬਕ ਸੂਬੇ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 298 ਹੋ ਗਈ ਹੈ। ਮਹੱਤਵਪੂਰਨ ਤੱਥ ਇਹ ਹੈ ਕਿ ਸੂਬੇ ਵਿੱਚ 6 ਅਪਰੈਲ ਤੱਕ ਇਹ ਗਿਣਤੀ 99 ਸੀ ਅਤੇ 18 ਕੁ ਦਿਨਾਂ ਵਿੱਚ ਇਹ ਗਿਣਤੀ 300 ਦੇ ਨੇੜੇ ਢੁੱਕ ਗਈ ਹੈ।

ਅਪਰੈਲ ਦੇ ਮਹੀਨੇ ਵਿੱਚ ਤੇਜ਼ੀ ਨਾਲ ਪੀੜਤਾਂ ਦੀ ਗਿਣਤੀ ’ਚ ਵਾਧਾ ਦੇਖਿਆ ਗਿਆ ਹੈ। ਕਰੋਨਾਵਾਇਰਸ ਨਾਲ ਹੁਣ ਤੱਕ 6 ਮਹੀਨੇ ਦੀ ਬੱਚੀ ਸਮੇਤ 17 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿੱਚ ਮੌਤਾਂ ਦਾ ਔਸਤ ਹੋਰਨਾਂ ਸੂਬਿਆਂ ਨਾਲੋਂ ਜ਼ਿਆਦਾ ਮੰਨਿਆ ਜਾ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮਰੀਜ਼ ਦੇ ਬਿਲਕੁਲ ਅੰਤਿਮ ਸਮੇਂ ਗੰਭੀਰ ਹਾਲਤ ਵਿੱਚ ਇਲਾਜ ਲਈ ਪਹੁੰਚ ਕਰਨ ਅਤੇ ਪਹਿਲਾਂ ਤੋਂ ਹੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਣ ਕਾਰਨ ਮੌਤਾਂ ਦਾ ਅੰਕੜਾ ਵਧ ਰਿਹਾ ਹੈ।

ਪਿਛਲੇ 24 ਘੰਟਿਆਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਪਟਿਆਲਾ ਵਿੱਚ 6 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 55 ਤੱਕ ਪਹੁੰਚ ਗਈ ਹੈ। ਇਸ ਜ਼ਿਲ੍ਹੇ ਵਿੱਚ ਇੱਕੋ ਮਰੀਜ਼ ਸਿਤਹਯਾਬ ਹੋਇਆ ਹੈ ਅਤੇ 54 ਹੁਣ ਤੱਕ ਜ਼ੇਰੇ ਇਲਾਜ ਹਨ। ਜਲੰਧਰ ਜ਼ਿਲ੍ਹੇ ’ਚ ਵੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ।

ਇਸ ਜ਼ਿਲ੍ਹੇ ਵਿੱਚ ਤਾਜ਼ਾ ਅੰਕੜਾ 63 ਤੱਕ ਪਹੁੰਚ ਗਿਆ ਹੈ। ਮੁਹਾਲੀ ਜ਼ਿਲ੍ਹੇ ਵਿੱਚ ਵੀ ਲੰਘੀ ਰਾਤ ਨਵਾਂਗਾਉਂ ਦੇ ਇੱਕ ਵਾਸੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਥੇ ਕੁੱਲ ਗਿਣਤੀ 63 ਹੋ ਗਈ ਹੈ। ਮਾਨਸਾ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵੀ ਇੱਕ-ਇੱਕ ਨਵਾਂ ਮਰੀਜ਼ ਸਾਹਮਣੇ ਆਇਆ ਹੈ। ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਹੁਣ ਤੱਕ ਕੁੱਲ 70 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।

ਨਵਾਂਸ਼ਹਿਰ ਤੋਂ ਬਾਅਦ ਮੋਗਾ, ਰੋਪੜ, ਬਰਨਾਲਾ, ਫਤਿਹਗੜ੍ਹ ਸਾਹਿਬ ਅਤੇ ਗੁਰਦਾਸਪੁਰ ਜ਼ਿਲ੍ਹੇ ਅਜਿਹੇ ਹਨ ਜਿੱਥੇ ਕੋਈ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ ਹੈ ਅਤੇ ਉਥੇ ਕੋਈ ਇਲਾਜ ਅਧੀਨ ਵੀ ਨਹੀਂ ਹੈ। ਬਠਿੰਡਾ, ਫਾਜ਼ਿਲਕਾ ਅਤੇ ਤਰਨਤਾਰਨ ਵੀ ਇਸ ਵਾਇਰਸ ਦੀ ਮਾਰ ਤੋਂ ਬਚੇ ਹੋਏ ਹਨ।

Previous articleਰੂਹਾਨੀ ਹੂਕ ਤੇ ਅਨੋਖਾ ਅਹਿਸਾਸ ਹੈ ਪਿਆਰ
Next article15 new Covid positive cases lift Karnataka tally to 489