ਮਾੜੇ ਪ੍ਰਬੰਧਾਂ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਮੁਜ਼ਾਹਰੇ

ਚਾਉਕੇ  (ਸਮਾਜਵੀਕਲੀ)- ਨਗਰ ਪੰਚਾਇਤ ਮੰਡੀ ਕਲਾਂ ਵਿੱਚ ਸਰਕਾਰ ਵੱਲੋਂ ਕਣਕ ਦੀ ਖਰੀਦ ਕਰਨ ਵਿੱਚ ਕੀਤੀ ਜਾਂ ਰਹੀ ਦੇਰੀ ਤੋ ਰੋਸ ਵਿੱਚ ਆਏ ਪਿੰਡ ਵਾਸੀਆਂ ਨੇ ਅਨਾਜ ਮੰਡੀ ਵਿੱਚ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਬੀਕੇਯੂ ਸਿੱਧੂਪੁਰ ਦੇ ਆਗੂ ਬਲਰਾਜ ਸਿੰਘ ਨੇ ਕਿਹਾ ਕਿ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਕਿ ਪਿੰਡ ਦੇ ਬਹੁਤੇ ਕਿਸਾਨਾਂ ਦੀ ਫਸਲ ਸਰਕਾਰ ਵੱਲੋਂ ਅਲਾਟ ਕੀਤੇ ਸੈਲਰਾ ਵਿੱਚ ਜਾਣੀ ਹੈ ਤਾਂ ਕਿਸਾਨਾਂ ਨੇ ਸੈਲਰਾ ਵਿੱਚ ਜਾ ਕੇ ਵੇਖਿਆਂ ਉਥੇ ਖਰਾਬ ਹੋ ਚੁੱਕੇ ਫਰਸ਼ ਤੇ ਹੀ ਕਿਸਾਨਾਂ ਨੂੰ ਫਸਲ ਰੱਖਣੀ ਪੈ ਰਹੀ ਹੈ, ਉਥੇ ਸੈਨੇਟਾਈਜ਼ਰ, ਮਾਸਕ ਤਾਂ ਕੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਨਹੀਂ ਸੀ, ਜੋ ਲਾਈਟਾ ਲੱਗੀਆਂ ਹਨ, ਉਨ੍ਹਾਂ ਦੀ ਲਾਈਟ ਬਹੁਤ ਥੋੜ੍ਹੀ ਹੈ।

ਦੂਸਰੇ ਪਾਸੇ ਜੋ ਪਿੰਡ ਦੀ ਅਨਾਜ ਮੰਡੀ ਕਰੀਬ 15 ਏਕੜ ਵਿੱਚ ਹੈ ਅੱਧੋਂ ਵੱਧ ਖਾਲੀ ਹੈ ਇਸ ਲਈ ਕਿਸਾਨਾਂ ਨੂੰ ਪਿੰਡ ਵਾਲੀ ਹੀ ਅਨਾਜ ਮੰਡੀ ਵਿੱਚ ਕਣਕ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਿਸਾਨ ਕਣਕ ਲਾਉਣ ਸਾਰ ਹੀ ਇਕ ਦੋ ਕਿਸਾਨਾਂ ਨੂੰ ਛੱਡ ਕੇ ਬਾਕੀ ਆਪਣੇ ਘਰਾਂ ਵਿੱਚ ਚਲੇ ਜਾਣਗੇ। ਕਣਕ ਤੋਲਣ ਸਮੇਂ ਹੀ ਅਨਾਜ ਮੰਡੀ ਵਿੱਚ ਆਉਣਗੇ ਤਾਂ ਜੋ ਕਿਸਾਨ ਪੁੱਤਾ ਵਾਂਗੂ ਪਾਲੀ ਫਸਲ ਰੁਲਣ ਤੋਂ ਬਚਾ ਕੇ ਵੇਚ ਸਕਣ।

ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿੱਚ ਕਣਕ 17 ਅਪਰੈਲ ਤੋਂ ਆ ਰਹੀ ਹੈ। ਕੁਝ ਢੇਰੀਆਂ ਦੀ ਬੋਲੀ ਲਗਾਈ ਗਈ ਸੀ ਬਾਕੀ ਨੂੰ ਖਰੀਦ ਅਧਿਕਾਰੀ ਨਮੀ ਦਾ ਬਹਾਨਾ ਲਗਾ ਕੇ ਛੱਡ ਗਏ ਤੇ ਗੱਟਿਆਂ ’ਚ ਭਰੀ ਗਈ ਕਣਕ ਦੀ ਲਿਫਟਿੰਗ ਨਹੀਂ ਹੋਈ। ਜਥੇਬੰਦੀ ਦੇ ਬਲਾਕ ਪ੍ਰਧਾਨ ਕਰਮ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਫਸਲ ਫਰਸ਼ੀ ਕੰਢਿਆ ’ਤੇ ਤੋਲ ਕੇ ਕੁਇੰਟਲ ਮਗਰ ਇਕ ਕਿਲੋ ਕਾਟ ਕੱਟ ਕੇ ਕਿਤੇ ਮਰਜ਼ੀ ਰਖਵਾ ਲਏ।

ਕਿਸਾਨ ਆਗੂਆਂ ਨੇ ਕਿਹਾ ਕਿ ਜੇ ਬੋਲੀ ਦੀ ਰਫਤਾਰ ਤੇਜ਼ ਨਾ ਕੀਤੀ ਗਈ ਤੇ ਕਿਸਾਨਾਂ ਦੀਆਂ ਦੂਸਰੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸਰਕਾਰ ਦੀਆ ਕਰੋਨਾ ਬਿਮਾਰੀ ਤੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਧਿਆਨ ’ਚ ਰੱਖਦੇ ਹੋਏ ਭੁੱਖ ਹੜਤਾਲ ’ਤੇ ਬੈਠਣਗੇ।

Previous article16 killed in Canada shooting rampage
Next articleFlyAmritsar Initiative appeals for more humanitarian evacuation flights and assistance for Canadian permanent residents