ਨਿਊਜੀਲੈਂਡ, ਆਕਲੈਂਡ (ਸਮਾਜਵੀਕਲੀ) – ਜਿੱਥੇ ਨਿਊਜ਼ੀਲੈਂਡ ‘ਚ ਵੱਖ-ਵੱਖ ਸੰਸਥਾਵਾਂ ਵੱਲੋਂ ਸਮਾਜ ਸੇਵਾ ਦੇ ਖੇਤਰ ‘ਚ ਵਿਚਰ ਕੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਸੰਤ ਬਾਬਾ ਭਾਗ ਸਿੰਘ ਕਬੱਡੀ ਕਲੱਬ ਨੇਪੀਅਰ ਵੀ ਪਿਛਲੇ ਕਈ ਦਿਨਾਂ ਤੋਂ ਜ਼ਰੂਰਤਮੰਦ ਲੋਕਾਂ ਨੂੰ ਫੂਡ ਮੁਹੱਈਆ ਕਰਵਾਉਣ ‘ਚ ਲੱਗਾ ਹੋਇਆ ਹੈ।
ਇਹ ਸੇਵਾ ਨਿਭਾਅ ਰਹੇ ਚਰਨਜੀਤ ਸਿੰਘ ਥਿਆੜਾ ਨੇ ਦੱਸਿਆ ਕਿ ਵਾਇਕਲੈਸ ਸੁਪਰੈਟ ਓਨੀਕਾਵਾ ਰਾਹੀਂ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਸਹਿਯੋਗ ਨਾਲ ਇਹ ਉਪਰਾਲਾ ਪਿਛਲੇ ਕਈ ਦਿਨਾਂ ਤੋਂ ਕੀਤਾ ਜਾ ਰਿਹਾ ਹੈ। ਹਰ ਸੋਮਵਾਰ ਅਤੇ ਸ਼ੁੱਕਰਵਾਰ 150 ਫੂਡ ਬੈਗ (ਜਿਸ ਵਿੱਚ ਦੋ ਲਿਟਰ ਦੁੱਧ, ਬਰੈੱਡ ਤੇ ਫਰੂਟ ਹੁੰਦੇ ਹਨ) ਲੋੜਵੰਦ ਲੋਕਾਂ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਔਖ ਦੀ ਘੜੀ ‘ਚ ਸਿੱਖ ਭਾਈਚਾਰੇ ਵੱਲੋਂ ਨਿਭਾਈ ਜਾ ਰਹੀ ਸੇਵਾ ਨੂੰ ਦੇਸ਼ ਭਰ ਸਲਾਹਿਆ ਜਾ ਰਿਹਾ ਹੈ। ਜਿਸ ਨਾਲ ਸਰਬੱਤ ਦੇ ਭਲੇ ਦਾ ਸੰਕਲਪ ਵੀ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਗਲੇ ਦਿਨੀਂ ਵੀ ਸੇਵਾ ਜਾਰੀ ਰੱਖੀ ਜਾਵੇਗੀ ਤਾਂ ਜੋ ਲੋੜਵੰਦਾਂ ਦੀ ਜ਼ਰੂਰਤ ਪੂਰੀ ਹੁੰਦੀ ਰਹੇ। ਇਸ ਸੇਵਾ ‘ਚ ਕਬੱਡੀ ਫ਼ੈਡਰੇਸ਼ਨ ਆਫ਼ ਨਿਊਜ਼ੀਲੈਂਡ ਦੇ ਚੇਅਰਮੈਨ ਪੰਮੀ ਬੋਲੀਨਾ, ਗੁਰਵਿੰਦਰ ਸਿੰਘ ਗੋਪਾ ਬੈਂਸ, ਦਰਸ਼ਨ ਨਿੱਝਰ, ਕਾਂਤਾ ਧਾਲੀਵਾਲ, ਬਲਜੀਤ ਬਾਠ ਦਾ ਅਹਿਮ ਯੋਗਦਾਨ ਹੈ।