ਦੱਖਣੀ ਕੋਰੀਆ(ਸਮਾਜ ਵੀਕਲੀ) (ਹਰਜਿੰਦਰ ਛਾਬੜਾ)- ਦੱਖਣੀ ਕੋਰੀਆ ਵਿੱਚ ਸੱਤਾਧਾਰੀ ਪਾਰਟੀ ਨੇ ਸੰਸਦੀ ਚੋਣਾਂ ‘ਚ ਵੱਡੀ ਜਿੱਤ ਹਾਸਿਲ ਕੀਤੀ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਟ ‘ਚ ਹੋਏ ਮੱਤਦਾਨ ਦੇ ਵਿੱਚ ਲੋਕ ਘਰਾਂ ਤੋਂ ਬਾਹਰ ਆ ਗਏ ਅਤੇ ਵੋਟਾਂ ਦੀ ਪ੍ਰਤੀਸ਼ਤਤਾ ਨੇ ਪਿੱਛਲੇ ਤਿੰਨ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਚੋਣ ਅਧਿਕਾਰੀਆਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਅਤੇ ਇਸ ਦੇ ਸਹਿਯੋਗੀ ਨੇ ਮਿਲ ਕੇ ਸੰਸਦ ਦੀਆਂ 300 ਵਿਚੋਂ 180 ਸੀਟਾਂ ਜਿੱਤੀਆਂ ਹਨ। ਉਸੇ ਸਮੇਂ, ਭਾਰੀ ਆਬਾਦੀ ਵਾਲੇ ਸੋਲ ਮਹਾਨਗਰ ਖੇਤਰ ਵਿੱਚ ਰੂੜ੍ਹੀਵਾਦੀ ਲੋਕਾਂ ਨੂੰ ਬਹੁਤ ਮਾੜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਜਿੱਤ ਨੇ ਫਿਰ ਰਾਸ਼ਟਰਪਤੀ ਮੂਨ ਜੇ-ਇਨ ਆਪਣੇ ਮੁੱਖ ਘਰੇਲੂ ਅਤੇ ਵਿਦੇਸ਼ੀ ਉਦੇਸ਼ਾਂ ਨੂੰ ਪੂਰਾ ਕਰਨ ਦਾ ਮੌਕਾ ਦਿੱਤਾ ਹੈ। ਖ਼ਾਸਕਰ, ਇਸ ਵਿੱਚ ਪ੍ਰਮਾਣੂ ਹਥਿਆਰ ਰੱਖਣ ਵਾਲੇ ਉੱਤਰੀ ਕੋਰੀਆ ਨਾਲ ਕੂਟਨੀਤਕ ਸੰਬੰਧਾਂ ਨੂੰ ਮੁੜ ਸੁਰਜੀਤ ਕਰਨਾ ਸ਼ਾਮਿਲ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਸਾਹਮਣੇ ਇੱਕ ਇਤਿਹਾਸਕ ਸਿਹਤ ਸੰਕਟ ਵੀ ਹੈ, ਜਿਸ ਦਾ ਅਸਰ ਦੱਖਣੀ ਕੋਰੀਆ ਦੇ ਕਾਰੋਬਾਰ ‘ਤੇ ਵੀ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਦੇ ਰੁਜ਼ਗਾਰ ‘ਤੇ ਸੰਕਟ ਦੇ ਬੱਦਲ ਛਾਏ ਹੋਏ ਹਨ।
ਡੈਮੋਕਰੇਟਿਕ ਪਾਰਟੀ ਦੇ ਲੀਡਰ ਲੀ ਹੀ-ਚੈਨ ਨੇ ਇੱਕ ਪਾਰਟੀ ਦੀ ਬੈਠਕ ਵਿੱਚ ਕਿਹਾ, “ਅਸੀਂ ਇੱਕ ਭਾਰੀ ਜ਼ਿੰਮੇਵਾਰੀ ਮਹਿਸੂਸ ਕਰਦੇ ਹਾਂ ਜਿਸ ਨੇ ਸਾਡੀ ਜਿੱਤ ਦੀ ਖੁਸ਼ੀ ਨੂੰ ਦਬਾ ਦਿੱਤਾ ਹੈ।” ਰਾਸ਼ਟਰੀ ਚੋਣ ਕਮਿਸ਼ਨ ਨੇ ਦੱਸਿਆ ਕਿ ਬੁੱਧਵਾਰ ਨੂੰ ਮੱਤਦਾਨ 66.2 ਪ੍ਰਤੀਸ਼ਤ ਰਿਹਾ। ਜੋ ਕਿ 1992 ਵਿੱਚ ਸਭ ਤੋਂ ਵੱਧ 71.9 ਪ੍ਰਤੀਸ਼ਤ ਦੇ ਮੱਤਦਾਨ ਤੋਂ ਵੀ ਵੱਧ ਹੈ।