ਜਲੰਧਰ (ਸਮਾਜਵੀਕਲੀ): ਕੋਵਿਡ-19 ਮਹਾਮਾਰੀ ਦੌਰਾਨ ਕੀਮਤੀ ਜਾਨਾਂ ਬਚਾਉਣ ਵਿਚ ਲੱਗੇ ਹੋਏ ਯੋਧਿਆਂ ਨੂੰ ਪ੍ਰਣਾਮ ਕਰਦੇ ਹੋਏ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਨੇ ਇਕ ਲਿਖਤੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਕੋਵਿਡ-19 ਦੀ ਮਹਾਮਾਰੀ ਦਾ ਕਹਿਰ ਪੂਰੇ ਦੇਸ਼ ਵਿਚ ਦਿਨੋ ਦਿਨ ਵੱਧ ਰਿਹਾ ਹੈ।ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਲਾਕ ਡਾਉਨ ਅਤੇ ਕਰਫਿਊ ਲਗਾਏ ਹੋਏ ਹਨ। ਸੱਭ ਇਨਸਾਨਾਂ ਨੂੰ ਸ਼ਰੀਰਕ ਦੂਰੀ ਬਣਾ ਕੇ ਰਹਿਣ, ਸੇਨੇਟਾਈਜ਼ ਕਰਨ, ਬਾਰ ਬਾਰ ਹੱਥ ਧੋਣ ਦੇ ਆਦੇਸ਼ ਹਨ।
ਮੈਡਮ ਸੁਦੇਸ਼ ਕਲਿਆਣ ਨੇ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਹਰ ਸਾਲ 14 ਅਪ੍ਰੈਲ ਨੂੰ ਅੰਬੇਡਕਰ ਭਵਨ ਜਲੰਧਰ ਵਿਖੇ ‘ਅੰਬੇਡਕਰ ਜੈਯੰਤੀ’ ਮਨਾਉਂਦੀ ਹੈ। ਇਸ ਵਾਰ ਵੀ ਸੁਸਾਇਟੀ ਨੇ ‘ਅੰਬੇਡਕਰ ਜੈਯੰਤੀ’ ਵੱਡੇ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਸੀ।ਇਸ ਮੌਕੇ ਮੈਡਮ ਅਰੁੰਧਤੀ ਰਾਏ, ਇਕ ਭਾਰਤੀ ਲੇਖਕ ਅਤੇ ਐਕਟਿਵਿਸਟ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਪਰ ਕੋਵਿਡ-19 ਮਹਾਂਮਾਰੀ ਕਾਰਨ ਕੇਂਦਰੀ ਸਰਕਾਰ / ਰਾਜ ਸਰਕਾਰ ਦੀਆਂ ਲਾਕਡਾਉਨ / ਕਰਫਿਉ ਅਤੇ ਸ਼ਰੀਰਕ ਦੂਰੀਆਂ ਦੀਆਂ ਹਦਾਇਤਾਂ ਦੇ ਮੱਦੇਨਜ਼ਰ, ਸੁਸਾਇਟੀ ਨੇ ਪਹਿਲਾਂ ਹੀ ‘ ਅੰਬੇਡਕਰ ਜੈਯੰਤੀ’ ਜਨਤਕ ਸਮਾਗਮ ਨੂੰ ਆਮ ਹਾਲਤਾਂ ਤੱਕ ਮੁਲਤਵੀ ਕਰ ਦਿੱਤਾ ਹੈ।
ਮੈਡਮ ਕਲਿਆਣ ਨੇ ਅੱਗੇ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਸਾਰੇ ਪੈਰੋਕਾਰਾਂ ਅਤੇ ਤਰਕਸ਼ੀਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 14 ਅਪ੍ਰੈਲ 2020 ਨੂੰ ਦਿਨ ਦੌਰਾਨ ਆਪਣੇ ਘਰਾਂ ਵਿਚ ਰਹਿ ਕੇ ਆਪਣੇ ਪਰਿਵਾਰਾਂ ਨੂੰ ਭਾਰਤ ਦੇ ਮਹਾਨ ਸਪੂਤ ਡਾ. ਬਾਬਾ ਸਾਹਿਬ ਅੰਬੇਡਕਰ ਦੇ ਸੰਘਰਸ਼ਾਂ ਰਾਹੀਂ ਪ੍ਰਾਪਤੀਆਂ ਤੋਂ ਜਾਣੂ ਕਰਵਾ ਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਣ । ਅੰਬੇਡਕਰ ਮਿਸ਼ਨ ਸੁਸਾਇਟੀ ਡਾਕਟਰਾਂ, ਨਰਸਾਂ, ਹੈਲਪਰਾਂ, ਪੈਰਾ ਮੈਡੀਕਲ ਸਟਾਫ, ਪੁਲਿਸ ਕਰਮਚਾਰੀਆਂ, ਵਿਗਿਆਨੀਆਂ / ਖੋਜਕਰਤਾਵਾਂ, ਪ੍ਰਬੰਧਕਾਂ, ਸਫਾਈ ਕਰਮਚਾਰੀਆਂ ਜੋ ਕੋਵਿਡ-19 ਦੀ ਮਹਾਮਾਰੀ ਦੌਰਾਨ ਕੀਮਤੀ ਜਾਨਾਂ ਬਚਾਉਣ ਵਿਚ ਲੱਗੇ ਹੋਏ ਹਨ ਅਤੇ ਹੋਰਾਂ ਨੂੰ ਅਤੇ ਉਨ੍ਹਾਂ ਗਰੀਬ ਲੱਖਾਂ ਲੋਕਾਂ ਨੂੰ ਤਾਲਾਬੰਦ ਹੋਣ ਕਾਰਨ ਜ਼ਿੰਦਗੀ ਦੀਆਂ ਜਰੂਰਤਾਂ ਤੱਕ ਨਾ ਪਹੁੰਚਣ ਲਈ ਬੇਮਿਸਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਬੇਡਕਰ ਮਿਸ਼ਨ ਸੁਸਾਇਟੀ ਦੇ ਸਮੂਹ ਮੈਂਬਰਜ਼ ਸਾਰਿਆਂ ਦੀ ਤੰਦਰੁਸਤੀ ਲਈ ਸ਼ੁੱਭ ਕਾਮਨਾਵਾਂ ਕਰਦੇ ਹਨ।