ਨਵੀਂ ਦਿੱਲੀ (ਸਮਾਜਵੀਕਲੀ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ-ਜਾਪਾਨ ਦੀ ਵਿਸ਼ੇਸ਼ ਭਾਈਵਾਲੀ ਵਿਸ਼ਵ ਨਾਲ ਰਲ ਕੇ ਕਰੋਨਾ ਖ਼ਿਲਾਫ਼ ਨਵੀਂ ਤਕਨਾਲੋਜੀ ਇਜਾਦ ਕਰਨ ਅਤੇ ਇਸ ਵਾਇਰਸ ਦਾ ਸੰਭਵ ਹੱਲ ਲੱਭਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਪ੍ਰਧਾਨ ਮੰਤਰੀ ਦਾ ਇਹ ਟਵੀਟ ਜਾਪਾਨ ਦੇ ਆਪਣੇ ਹਮਰੁਤਬਾ ਸ਼ਿੰਜੋ ਐਬੇ ਨਾਲ ਕਰੋਨਾਵਾਇਰਸ ਦੇ ਮਾਮਲੇ ਸਬੰਧੀ ਹੋਈ ਗੱਲਬਾਤ ਤੋਂ ਬਾਅਦ ਆਇਆ। ਉਨ੍ਹਾਂ ਕਿਹਾ, ‘‘ਭਾਰਤ-ਜਾਪਾਨ ਦੀ ਵਿਸ਼ੇਸ਼ ਨੀਤੀ ਵਿਸ਼ਵ ਨਾਲ ਰਲ ਕੇ ਅਜਿਹੀ ਤਕਨਾਲੋਜੀ ਇਜਾਦ ਕਰਨ ਦੇ ਸਮਰੱਥ ਹੈ ਜੋ ਇਸ ਮਹਾਮਾਰੀ ਤੋਂ ਵਿਸ਼ਵ ਨੂੰ ਨਿਜਾਤ ਦਿਵਾਉਣ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ।’’ ਪ੍ਰਧਾਨ ਮੰਤਰੀ ਆਬੇ ਨੇ ਹੁਣੇ ਹੁਣੇ ਟੋਕੀਓ ਸਮੇਤ ਛੇ ਸੂਬਿਆਂ ਵਿੱਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਐਮਰਜੈਂਸੀ ਦਾ ਐਲਾਨ ਕੀਤਾ ਹੈ।
ਸ੍ਰੀ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨਾਲ ਵੀ ਕਰੋਨਾਵਾਇਰਸ ਦੇ ਮੁੱਦੇ ’ਤੇ ਗੱਲਬਾਤ ਕੀਤੀ ਹੈ। ਸ੍ਰੀ ਮੋਦੀ ਨੇ ਟਵੀਟ ਵਿੱਚ ਲਿਖਿਆ, ‘‘ਅਸੀਂ ਇਸ ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਨੂੰ ਸੰਭਾਲਣ ਦੇ ਮੁੱਦੇ ’ਤੇ ਗੱਲਬਾਤ ਕੀਤੀ ਹੈ।’’ ਪ੍ਰਧਾਨ ਮੰਤਰੀ ਨੇ ਨੇਪਾਲ ਦੇ ਲੋਕਾਂ ਦੀ ਇਸ ਗੱਲੋਂ ਤਾਰੀਫ਼ ਕੀਤੀ ਕਿ ਉਹ ਇਸ ਬਿਪਤਾ ਨਾਲ ਨਿਪਟਣ ਲਈ ਉਸਾਰੂ ਸੋਚ ਰੱਖਦੇ ਹਨ।