ਬੰਗਾ/ਨਵਾਂਸ਼ਹਿਰ (ਸਮਾਜਵੀਕਲੀ) – ਪਿਛਲੇ 19 ਦਿਨਾਂ ਤੋਂ ਕਰੋਨਾਵਾਇਰਸ ਦੀ ਮਾਰ ਨਾਲ ਝੰਭੇ ਪਿੰਡ ਪਠਲਾਵਾ ਵਿਚ ਅੱਜ ਸਵੇਰ ਦਾ ਮਾਹੌਲ ਆਮ ਦਿਨਾਂ ਵਰਗਾ ਸੀ। ਪਿੰਡ ਦੇ ਜ਼ੇਰੇ ਇਲਾਜ 7 ਵਿਅਕਤੀਆਂ ਦੇ ਸਿਹਤਯਾਬ ਹੋਣ ਮਗਰੋਂ ਪਿੰੰਡ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਕਰੋਨਾ ’ਤੇ ਜਿੱਤ ਪਾਉਣ ਵਾਲੇ ਪਿੰਡ ਪਠਲਾਵਾ ਦੇ ਧਾਰਮਿਕ ਅਸਥਾਨ ਦੇ ਸੰਚਾਲਕ ਬਾਬਾ ਗੁਰਬਚਨ ਸਿੰਘ ਅਤੇ ਪਿੰਡ ਦੇ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਇਸ ਔਖੀ ਘੜੀ ’ਚ ਡਾਕਟਰ ਉਨ੍ਹਾਂ ਲਈ ਰੱਬ ਬਣ ਕੇ ਬਹੁੜੇ ਹਨ। ਕਰੋਨਾ ਨਾਲ ਮਰੇ ਇਸੇ ਪਿੰਡ ਦੇ ਗਿਆਨੀ ਬਲਦੇਵ ਸਿੰਘ ਦੀਆਂ ਪੋਤਰੀਆਂ ਹਰਪ੍ਰੀਤ ਕੌਰ, ਕਿਰਨਪ੍ਰੀਤ ਕੌਰ ਤੇ ਗੁਰਲੀਨ ਕੌਰ ਹੱਥਾਂ ਵਿਚ ‘ਹਿੰਮਤ ਰੱਖਣ’ ਦੇ ਹੋਕੇ ਵਾਲੀਆਂ ਤਖ਼ਤੀਆਂ ਫੜ ਕੇ ‘ਹੈਲੋ ਪਠਲਾਵਾ’ ਆਖ ਰਹੀਆਂ ਸਨ। ਇਸ ਆਫ਼ਤ ਤੋਂ ਬਚੇ ਪਿੰਡ ਦੇ ਵਸਨੀਕ ਫ਼ਤਿਹ ਸਿੰਘ ਅਤੇ ਮਨਜਿੰਦਰ ਸਿੰਘ ਨੇ ਡਰਨ ਦੀ ਥਾਂ ਆਪਣੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨ ਦੀ ਰਾਇ ਦਿੱਤੀ। ਪਿੰਡ ਵਾਸੀਆਂ ਨੂੰ ਬਾਕੀਆਂ ਦੇ ਵੀ ਜਲਦ ਠੀਕ ਹੋਣ ਦੀ ਉਡੀਕ ਹੈ।
ਇਸੇ ਦੌਰਾਨ ਜਿੱਥੇ ਕਰੋਨਾ ਕਾਰਨ ਆਪਣਿਆ ਵੱਲੋਂ ਹੀ ਮ੍ਰਿਤਕਾਂ ਦੀ ਅੰਤਮ ਕਿਰਿਆ ਤੋਂ ਦੂਰ ਰਹਿਣ ਦੀਆਂ ਖਬਰਾਂ ਆ ਰਹੀਆਂ ਹਨ, ਉੱਥੇ ਹੀ ਪਠਲਾਵਾ ਦੇ ਕਰੋਨਾ ਤੋਂ ਮੁਕਤ ਹੋਏ ਮਰੀਜ਼ ਹਸਪਤਾਲ ’ਚ ਆਪਣਿਆਂ ਦੇ ਠੀਕ ਹੋਣ ਤੱਕ ਉੱਥੇ ਹੀ ਰਹਿਣ ਲਈ ਬਜ਼ਿੱਦ ਹਨ। ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਸਪਤਾਲ ’ਚ ਹੀ ਮੌਜੂਦ ਹਨ।