ਕਰੋਨਾਵਾਇਰਸ: ਇਕੋ ਦਿਨ ’ਚ 773 ਨਵੇਂ ਕੇਸ, 32 ਮੌਤਾਂ

ਨਵੀਂ ਦਿੱਲੀ (ਸਮਾਜਵੀਕਲੀ) – ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 32 ਵਿਅਕਤੀ ਕਰੋਨਾਵਾਇਰਸ ਕਰਕੇ ਦਮ ਤੋੜ ਗਏ ਹਨ ਜਦੋਂਕਿ ਮਹਾਮਾਰੀ ਦੀ ਜ਼ੱਦ ਵਿੱਚ ਆਉਣ ਵਾਲੇ 773 ਨਵੇਂ ਕੇਸ ਰਿਪੋਰਟ ਹੋਏ ਹਨ। ਅੱਜ ਹੋਈਆਂ ਮੌਤਾਂ ਨਾਲ ਕੋਵਿਡ-19 ਕਰਕੇ ਮਰਨ ਵਾਲਿਆਂ ਦਾ ਕੁੱਲ ਅੰਕੜਾ 149 ਤੇ ਕੁੱਲ ਕੇਸਾਂ ਦੀ ਗਿਣਤੀ 5,274 ਹੋ ਗਈ ਹੈ। ਉਂਜ ਵੱਖ ਵੱਖ ਰਾਜਾਂ ਤੋਂ ਪ੍ਰਾਪਤ ਅੰਕੜਿਆਂ ਨੂੰ ਸਹੀ ਮੰਨੀਏ ਤਾਂ ਦੇਸ਼ ਵਿੱਚ ਹੁਣ ਤਕ ਕੁੱਲ 181 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕਰੋਨਾਵਾਇਰਸ ਲਾਗ ਦੇ ਵਧਦੇ ਕੇਸਾਂ ਕਰਕੇ ਸਰਕਾਰ ਨੇ ਰਾਜਾਂ ਦੇ ਸਹਿਯੋਗ ਨਾਲ ਆਪਣੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।

ਸਰਕਾਰ ਵੱਲੋਂ ਕੋਵਿਡ-19 ਦੇ ਟਾਕਰੇ ਲਈ ਘੜੀ ਰਣਨੀਤੀ ਦੀ ਤਫ਼ਸੀਲ ਦਿੰਦਿਆਂ ਅਗਰਵਾਲ ਨੇ ਕਿਹਾ ਕਿ ਮਹਾਰਾਸ਼ਟਰ, ਜਿੱਥੇ ਹੁਣ ਤਕ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ ਹਨ, ਵਿੱਚ ਪੁਣੇ ਸੈਂਟਰਲ ਤੇ ਕੋਂਧਵਾ ਖੇਤਰ ਵਿੱਚ ਸਿਹਤ ਕਾਮਿਆਂ ਦੀ ਟੀਮ 35 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਘਰ-ਘਰ ਜਾ ਕੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰਜ਼ ਨਾਲ ਜੂਝ ਰਹੇ ਲੋਕਾਂ ਅਤੇ ਉਨ੍ਹਾਂ ਦੇ ਪੀੜਤ ਮਰੀਜ਼ ਦੇ ਸੰਪਰਕ ਵਿੱਚ ਆਉਣ ਜਾਂ ਵਿਦੇਸ਼ ਯਾਤਰਾ ਸਬੰਧੀ ਜਾਣਕਾਰੀ ਇਕੱਤਰ ਕਰ ਰਹੀ ਹੈ।

ਇਸੇ ਤਰ੍ਹਾਂ ਕੇਰਲਾ ਦੇ ਪਠਾਨਮਥਿੱਟਾ ਵਿੱਚ ਪ੍ਰਸ਼ਾਸਨ ਨੇ ਚੌਕਸੀ ਵਧਾਉਂਦਿਆਂ ਪੀੜਤਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਦੀ ਨਿਸ਼ਾਨਦੇਹੀ ਦਾ ਕੰਮ ਵਿੱਢ ਦਿੱਤਾ ਹੈ। ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਨਿਸ਼ਾਨਾ ਸਮਾਜਿਕ ਦੂਰੀ ਤੇ ਲਾਗ ਨੂੰ ਫੈਲਣ ਤੋਂ ਰੋਕਣਾ ਤੇ ਵੱਡੀ ਗਿਣਤੀ ਮੈਡੀਕਲ ਅਮਲੇ ਨੂੰ ਤਿਆਰ ਕਰਨਾ ਹੈ। ਹਾਈਡਰੋਕਸੀਕਲੋਰੋਕੁਈਨ ਦੀ ਉਪਲੱਬਧਤਾ ਬਾਰੇ ਪੁੱਛੇ ਜਾਣ ’ਤੇ ਅਗਰਵਾਲ ਨੇ ਕਿਹਾ ਕਿ ਪੂਰੇ ਹਾਲਾਤ ਨੂੰ ਸਿਖਰਲੇ ਪੱਧਰ ’ਤੇ ਵਾਚਿਆ ਜਾ ਰਿਹੈ।

ਆਈਸੀਐੱਮਆਰ ਵਿੱਚ ਐਪੀਡੈਮੀਓਲੋਜੀ ਤੇ ਕਮਿਊਨੀਕੇਬਲ ਡਿਸੀਜ਼ਿਜ਼ ਵਿਭਾਗ ਦੇ ਮੁਖੀ ਰਮਨ ਆਰ.ਗੰਗਾਖੇਡਕਰ ਨੇ ਕਿਹਾ ਕਿ ਹੁਣ ਤਕ ਪੂਰੇ ਮੁਲਕ ਵਿੱਚ 1,21,271 ਨਮੂਨਿਆਂ ਦੀ ਕੋਵਿਡ-19 ਲਈ ਜਾਂਚ ਕੀਤੀ ਜਾ ਚੁੱਕੀ ਹੈ। ਮਹਾਰਾਸ਼ਟਰ ਵਿੱਚ ਮੌਤਾਂ ਦੀ ਗਿਣਤੀ ਵਧਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘ਅਸੀਂ ਮਹਿਜ਼ ਅੰਕੜਿਆਂ ਦੇ ਅਧਾਰ ’ਤੇ ਇਹ ਫੈਸਲਾ ਨਹੀਂ ਕਰ ਸਕਦੇ ਕਿ ਮੌਤਾਂ ਵੱਧ ਕਿਉਂ ਹੋ ਰਹੀਆਂ ਹਨ। ਜੇਕਰ ਤੁਸੀਂ ਪੂਰੇ ਦੇਸ਼ ਵਿੱਚ ਹੋਈਆਂ ਮੌਤਾਂ ਦੇ ਅੰਕੜੇ ਨੂੰ ਵੇਖੋ ਤਾਂ ਕੋਈ ਇਹ ਨਹੀਂ ਆਖੇਗਾ ਕਿ ਮਹਾਰਾਸ਼ਟਰ ਵਿੱਚ ਇਹ ਅੰਕੜਾ ਵੱਧ ਹੈ। ਇਹ ਮਹਿਜ਼ ਮੌਕਾ ਮੇਲ ਹੈ ਤੇ ਇਸ ਨੂੰ ਇਸੇ ਪਰਿਪੇਖ ਤੋਂ ਵੇਖਣਾ ਚਾਹੀਦਾ ਹੈ।’

Previous articleਪੰਜਾਬ: ਕੋਵਿਡ-19 ਤੋਂ ਪੀੜਤਾਂ ਦੀ ਗਿਣਤੀ 106 ਹੋਈ
Next articleScope of CPEC to be enhanced in 2nd phase: Pak official