ਪੇਸ਼ ਕਰਤਾ:- ਨਾਜਰ ਸਿੰਘ
ਲੁਧਿਆਣਾ – Pin Code-141007
Telephone number – 0161-2632136
(M) +91 94641 58136
(ਸਮਾਜ ਵੀਕਲੀ)
ਲੰਘ ਰਹੇ ਵੇਲ਼ੇ ਤੋਂ ਸਾਨੂੰ ਪਿੱਛੋਕੜ ਵਾਲੇ ਅਤੇ ਗੈਰ ਪਿੱਛੋਕੜ ਵਾਲੇ ਲੋਕਾਂ ਦਾ ਪਤਾ ਲਗਦਾ ਹੈ। ਲੋਕਾਂ ਦਾ ਵਤੀਰਾ ਕਿਹੋ ਜਿਹਾ ਸੀ। ਉਨ੍ਹਾ ਨੇ ਬੀਤੇ ਤੋਂ ਕੀ ਸਿੱਖਿਆ ਹੈ? ਉਹਨਾਂ ਦੀਆ ਰੌਸਾਂ (Traditions) ਕਿਹੋ ਜਿਹੀਆਂ ਰਹੀਆ? ਉਹਨਾਂ ਨੇ ਇਹ ਰੌਸਾਂ (Traditions) ਕਿੱਥੋਂ-ਕਿੱਥੋਂ ਲਈਆ? ਇਹਨਾਂ ਲੋਕਾਂ ਵਿੱਚ ਵੱਖੋ ਵੱਖਰੀਆ ਰੌਸਾਂ (Traditions) ਵਾਲੇ ਲੋਕ ਇੱਕ ਥਾਂ ਰਹਿੰਦੇ ਹਨ? ਇਹਨਾ ਲੋਕਾ ਦੀਆਂ ਰੌਸਾਂ (Traditions) ਵੱਖੋ ਵੱਖਰੀਆਂ ਕਿਉਂ ਹਨ? ਅਤੇ ਲੋਕ ਇਹਨਾਂ ਰੌਸਾਂ (Traditions) ਵਿੱਚ ਕਿਉਂ ਬੱਝੇ ਹੋਏ ਹਨ? ਇਹਨਾਂ ਗੱਲਾਂ ਨੂੰ ਦੇਖ ਕੇ ਆਪਣੇ ਅੰਦਰ ਵਖਰੇਵੇਂ ਵਾਲੇ ਲੋਕ ਝਾਤੀ ਮਾਰਦੇ ਹਨ ਤਾਂ ਕਿ ਉਹਨਾਂ ਅੰਦਰ ਆਪਣੇ ਇਤਿਹਾਸ ਨੂੰ ਪੜਚੋਲਣ ਦਾ ਚਾਅ ਪੈਦਾ ਹੋ ਜਾਵੇ। ਮਹਿਰੂਮ ਲੋਕਾਂ ਨੂੰ ਜੇ ਕੋਈ ਝਲਕ ਉਪਰੋਤ ਤੋਂ ਮਿਲ ਜਾਵੇ ਤਾਂ ਆਪਣੇ ਤੇ ਭਰੋਸਾ ਅਤੇ ਘਮੰਡ (ਮਾਣ ਅਤੇ ਸਵੈਮਾਣ) ਵੀ ਹੁੰਦਾ ਹੈ। ਇਸ ਨਾਲ ਸਾਨੂੰ ਪਿਛਲੀਆ ਤਲਖੀਆ ਦਾ ਗਿਆਨ ਵੀ ਹੁੰਦਾ ਹੈ, ਜਿਨ੍ਹਾਂ ਕਰਕੇ ਉਹ ਮੌਜੂਦਾ ਸਥਿਤੀਆਂ ਵਿੱਚ ਹਨ।ਇਤਿਹਾਸ ਵਾਚਣ ਲਈ ਸਾਨੂੰ ਬੜੇ ਵਿਵੇਕ ਦੀ ਲੋੜ ਹੈ ਨਹੀ ਤਾਂ ਅਸੀ ਗਲਤ ਸਿੱਟੇ ਤੇ ਪੁੱਜ ਜਾਂਦੇ ਹਾਂ। ਇਤਿਹਾਸ ਲਿਖਣ ਵਾਲਿਆ ਦਾ ਵੀ ਆਪਣਾ ਮਨੋਰਥ ਹੁੰਦਾ ਹੈ ਜਿਸ ਨੂੰ ਸਾਹਮਣੇ ਰੱਖ ਕੇ ਲਿਖਦੇ ਹਨ। ਕਈ ਲਿਖਾਰੀ ਆਪਣੇ ਬੌਸ ਨੂੰ ਖੁਸ਼ ਕਰਨ ਲਈ ਵੀ ਲਿਖਦੇ ਹਨ ਅਤੇ ਕੁੱਝ ਲਿਖਾਰੀ ਪਾਰਖੂ ਵੀ ਹੁੰਦੇ ਹਨ ਅਤੇ ਸੱਚ ਨੂੰ ਜਾਣਨਾ ਚਾਹੁੰਦੇ ਹਨ। ਕੁੱਝ ਲਿਖਾਰੀ ਆਪਣੇ ਲਾਭ ਅਤੇ ਪ੍ਰਸਿੱਧੀ ਲਈ ਵੀ ਲਿਖਦੇ ਹਨ। ਕੁੱਝ ਲੋੋਕ ਉਹ ਵੀ ਹਨ ਜੋ ਲੋਕਾਂ ਨੂੰ ਜਗਾਉਂਦੇ ਹਨ ਤਾਂ ਕਿ ਆਉਣ ਵਾਲੀ ਪ੍ਹੀੜੀ ਸੱਚ ਨੂੰ ਜਾਣ ਸਕੇ। ਪੁਰਾਣੇ ਵੇਲ਼ੇ ਦੇ ਲੋਕਾਂ ਦਾ ਵਿਚਾਰ ਸੀ ਕਿ ਇਤਿਹਾਸ ਦੋ ਤਰ੍ਹਾਂ ਹੁੰਦਾ ਹੈ-ਇੱਕ ਜੱਗ ਬੀਤੀ ਅਤੇ ਦੂਜੀ ਆਪ ਬੀਤੀ। ਜਿਹੜਾ ਇਤਿਹਾਸ ਲਿਖਿਆ ਮਿਲਦਾ ਹੈ ਇਹ ਸ਼ਬਦ ਨੂੰ ਪ੍ਰਮਾਣ ਮੰਨ ਕੇ ਖੋਜਿਆ ਜਾਂਦਾ ਹੈ। ਕੁੱਝ Oral ਨੂੰ ਸੱਚ ਮੰਨ ਕੇ ਵੀ ਖੋਜ ਕਰਦੇ ਹਨ। ਉਹਦੇ ਵਿੱਚ ਸਾਡੀਆ ਰੌਸਾਂ (Traditions) ਅਤੇ ਲੋਕ ਦਾਸਤਾਨਾਂ (Legends) ਵੀ ਹੁੰਦੀਆ ਹਨ। ਬੋਲੀ ਦੇ ਇਤਿਹਾਸ ਵਿੱਚ ਡਿਕਸ਼ਨਰੀ, ਗਰੈਮਰ, ਮੁਹਾਵਰੇ ਅਤੇ ਅਖਾਣਾ ਵੀ ਇਤਿਹਾਸ ਦਾ ਪਤਾ ਦੇਂਦੀਆ ਹਨ।
ਅੱਜ-ਕੱਲ੍ਹ Archaeology & D.N.A ਤੋਂ ਵੀ ਇਤਿਹਾਸ ਦਾ ਪਤਾ ਲਗਾਇਆ ਜਾਂਦਾ ਹੈ। ਦੁਨੀਆ ਦੀਆਂ ਤਬਾਹ ਹੋਈਆ ਰਹਿਤਲ਼ਾ (ਸੱਭਿਆਤਾਵਾਂ) ਦਾ ਵੀ ਉਪਰੋਕਤ ਦੋ ਢੰਗਾ ਦੀ ਮਦਦ ਨਾਲ ਸਾਨੂੰ ਪਤਾ ਲਗਦਾ ਹੈ ਕਿ ਤਬਾਹ ਹੋਈਆ ਰਹਿਤਲ਼ਾਂ ਕਿੰਨੀਆ ਮਹਾਨ ਸਨ। ਇਸ ਤੋਂ ਪਹਿਲਾ ਸਾਨੂੰ ਐਂਟੀਕਿਊਟੀ ਤੋਂ ਵੀ ਪਤਾ ਲਗਦਾ ਰਿਹਾ ਕਿ ਜਿਊਂ-ਜਿਊਂ ਸਮਾਂ ਬੀਤਦਾ ਗਿਆ ਤਾਂ ਕਾਢੀਆ ਨੇ ਵੀ ਨਵੀਆਂ ਕਾਢਾ ਕੱਢੀਆਂ ਜਿਵੇਂ ਧਰਤੀ, ਪੁਲਾੜ, ਸਮੁੰਦਰ, ਅਕਾਸ਼ ਅਤੇ ਨਸਲਾਂ ਬਾਰੇ ਨਵੀਆਂ ਜਾਣਕਾਰੀਆ ਦਿੱਤੀਆਂ ਹਨ। ਉੁੱਪਰ ਦੱਸੀਆਂ ਇਤਿਹਾਸ ਦੀਆਂ ਘਟਨਾਵਾਂ ਨੂੰ ਦੇਖ ਕੇ ਵਿਦਵਾਨਾਂ ਨੇ ਆਪੋ-ਆਪਣੇ ਅੰਦਾਜ਼ੇ ਅਨੁਸਾਰ ਲਿਖਿਆ। ਕਈਆ ਨੇ ਸਥਾਪਤੀ ਦੇ ਹੱਕ ਵਿੱਚ ਲਿਖਿਆ ਅਤੇ ਕਈਆ ਨੇ ਗੋਲਮੋਲ ਕਰਕੇ ਲਿਖਿਆ ਅਤੇ ਕਈਆ ਨੇ ਸਥਾਪਤੀ ਦੇ ਵਿਰੁੱਧ ਲਿਖਿਆ।
Archaeology ਖੋਜੀਆਂ ਰਾਂਹੀ ਭਾਂਤ-ਭਾਤ ਦਾ ਸਮਾਨ ਉੱਪਲੱਬਧ ਹੋਇਆ ਹੈ। ਸੰਸਾਰ ਦੀਆ ਬਹੁਤ ਸਾਰੀਆ ਰਹਿਤਲ਼ਾ ਤਬਾਹ ਹੋਈਆ ਹਨ ਜਾਂ ਕਰ ਦਿੱਤੀਆ ਗਈਆ ਹਨ। ਤਬਾਹ ਕਰਨ ਵਾਲੀ ਰੁੱਚੀ ਹੈਰਾਨ ਕਰਨ ਵਾਲੀ ਹੈ, ਜਿਸ ਤੋਂ ਸਾਨੂੰ ਮਨੁੱਖੀ ਸੁਭਾਅ ਦਾ ਪਤਾ ਚਲਦਾ ਹੈ ਕਿ ਆਪਣੇ ਤੋਂ ਵੱਖਰੇ ਕਬੀਲੇ ਨੂੰ ਬਰਦਾਸ਼ਤ ਨਹੀ ਕਰਦਾ ਸੀ ਅਤੇ ਉਸ ਨੂੰ ਤਬਾਹ ਕਰਕੇ ਆਪਣੇ ਕਬੀਲੇ ਨੂੰ ਸਥਾਪਿਤ ਕਰਨਾ ਚਾਹੁੰਦਾ ਰਿਹਾ।
ਇਸ ਤਰ੍ਹਾਂ ਸਥਾਪਿਤ ਧਰਮਾਂ ਅਤੇ ਨਵੇਂ ਆਏ ਟੋਲਿਆ ਦੇ ਵਿਚਕਾਰ ਲੜਾਈਆ ਝਗੜੇ ਹੁੰਦੇ ਆਏ। ਪੁਰਾਣੇ ਧਾੜਵੀ ਹਾਕਮਾਂ ਦੇ ਤਸੀਹਿਆ ਦਾ ਬਦਲਾ ਮੌਜੂਦਾ ਪੀੜੀਆ ਤੋਂ ਲਿਆ ਜਾ ਰਿਹਾ ਹੈ ਅਤੇ ਰਾਜਨੀਤੀ ਨਵੇਂ ਹਾਕਮਾਂ ਨੇ ਲੋਕਾਂ ਨੂੰ ਅਜਿਹਾ ਪਲੋਸਿਆ ਕਿ ਲੋਕ ਬਿਨਾ ਲਾਭ ਅਤੇ ਹਾਨੀ ਦੇ ਲੀਡਰਾਂ ਨੂੰ ਵੋਟਾਂ ਪਾ ਦਿੰਦੇ ਹਨ ਅਤੇ ਮਗਰੋਂ ਸੋਚਦੇ ਹਨ ਕਿ ਆਹ ਕੀ ਹੋ ਗਿਆ। ਇਸੇ ਭੱਠੀ ਦੀ ਅੱਗ ਨੇ ਇੰਡੋ-ਪਾਕ ਦੀ ਵੰਡ ਦਾ ਕਹਿਰ ਢਾਇਆ। ਅੱਖੀ ਦੇਖਣ ਵਾਲਿਆ ਦਾ ਮੱਤ ਹੈ ਕਿ ਉਸ ਕਹਿਰ ਵਿੱਚ ਪੰਜ ਲੱਖ ਤੋਂ ਦਸ ਲੱਖ ਤੱਕ ਦਾ ਜਾਨੀ ਨੁਕਸਾਨ ਅਤੇ ਖਰਬਾਂ ਦਾ ਮਾਲੀ ਨੁਕਸਾਨ ਹੋਇਆ ਹੈ। ਇਸ ਤਰ੍ਹਾਂ ਬਹੁਤ ਸਾਰੀਆ ਔਰਤਾਂ ਬੇ-ਆਬਰੂ ਹੋਈਆ, ਜਿਨ੍ਹਾਂ ਵਿੱਚੋਂ ਕਈਆ ਨੇ ਬੇਆਬਰੂ ਹੋਣ ਨਾਲੋਂ ਮਰਨ ਨੂੰ ਤਰਜ਼ੀਹ ਦਿੱਤੀ। ਜਦੋਂ ਇਸ ਬਾਰੇ ਹਾਕਮਾਂ ਨੂੰ ਪੁੱਛਿਆ ਗਿਆ ਤਾਂ ਕਹਿ ਦਿੱਤਾ ਕਿ ਅੰਦਾਜ਼ੇ ਕਾ ਗਲਤੀ ਹੋ ਗਿਆ। ਇਸ ਤਰ੍ਹਾਂ ਇਹ ਸੰਸਾਰ ਦੇ ਲੋਕ ਰਾਜ ਦੀ ਕਹਾਣੀ ਹੈ। ਚਾਹੀਦਾ ਤਾਂ ਇਹ ਸੀ ਕਿ ਹਾਕਮ ਅਤੇ ਸਮਾਜ ਲੋਕਾਂ ਦੀ ਬਾਂਹ ਫੜਦਾ, ਪਰ ਨਾ ਤਾਂ ਹਾਕਮ ਨੇ ਅਤੇ ਨਾ ਤਾਂ ਸਮਾਜ ਨੇ ਪ੍ਰਵਾਹ ਕੀਤੀ।
ਜਦ ਤੋਂ ਅੰਗਰੇਜ਼ ਇੰਡੀਆ ਦੇ ਹਾਕਮ ਬਣੇ ਤਾਂ ਇੰਡੀਆ ਲਈ ਫਿਰਕੂ ਗੌਂਦਾ ਗੁੰਦਦੇ ਰਹੇ ਅਤੇ ਅਜਿਹਾ ਦੇਸੀ ਆਗੂਆਂ ਨੇ ਵੀ ਕੀਤਾ। ਇਸ ਤਰਾਂ ਇਹ ਦੋਵੇਂ ਸਮਾਜ ਨੂੰ ਪਾੜਨ ਵਿੱਚ ਸਫਲ ਰਹੇ ਅਤੇ ਇਸ ਦਾ ਦੋਸ਼ ਦੇਸੀ ਆਗੂ ਅੰਗਰੇਜ਼ਾ ਨੂੰ ਦੇਂਦੇ ਰਹੇ ਅਤੇ ਛੋਟੇ ਮੋਟੇ ਝਗੜਿਆ ਨੂੰ ਲੈ ਕੇ ਅੰਗਰੇਜ਼ਾ ਨੂੰ ਭੰਡਦੇ ਰਹੇ ਅਤੇ ਦੇਸੀ ਆਗੂ ਬਹੁ-ਗਿਣਤੀ ਨੂੰ ਲਾਮ ਬੰਦ ਕਰਦੇ ਰਹੇ। ਜਿਸ ਦਾ ਨਤੀਜਾ 1947 ਵਿੱਚ ਇੰਡੋ-ਪਾਕ ਵੰਡ ਵਿੱਚ ਨਿਕਲਿਆ ਅਤੇ ਪਿੱਛੋਂ ਇੰਡੀਆ ਦੇ ਹਾਕਮਾਂ ਨੇ ਪਾਕ ਦੇ ਟੋਟੇ ਕੀਤੇ ਪਰ ਲੋਕਾਂ ਨੂੰ ਕੀ ਲਾਭ ਹੋਇਆ ਅਤੇ ਹਜ਼ਾਰਾਂ ਫੌਜੀ ਮਾਰੇ ਗਏ। ਇਹਨਾਂ ਹਾਕਮਾਂ ਨੂੰ ਫੌਜੀਆ ਅਤੇ ਉਹਨਾਂ ਦੇ ਮੈਬਰਾਂ ਤੇ ਤਰਸ ਨਾ ਆਇਆ। ਅੱਜ ਦੇ ਯੁੱਗ ਵਿੱਚ ਜੰਗਾਂ ਨਾਲ ਮਸਲੇ ਹਲ ਨਹੀ ਹੁੰਦੇ ਸਗੌਂ ਲੋਕਾਂ ਦੀਆਂ ਔਖਿਆਈਆ ਦੂਰ ਕਰਨੀਆ ਚਾਹੀਦੀਆ ਹਨ। ਹਾਕਮਾਂ ਨੂੰ ਫਿਰਕੂ ਸਫਬੰਦੀ ਨਹੀ ਕਰਨੀ ਚਾਹੀਦੀ। ਸਫਬੰਦੀ ਕਰਨੀ ਲੋਕ ਰਾਜ ਦੇ ਵਿਰੁੱਧ ਹੈ। ਇਤਿਹਾਸ ਗੁਵਾਹ ਹੈ ਕਿ ਇੰਡੀਅਨ ਸਬਕੰਟੀਨੈਂਟ ਵਿੱਚ ਬੀਤੇ ਸਮੇਂ ਦੇ ਹਾਕਮਾਂ ਨੇ ਸਫਬੰਦੀ ਕਰਕੇ ਇੱਥੇ ਦਾ ਜੁਗਰਾਫੀਆ ਬਦਲ ਕੇ ਰੱਖ ਦਿੱਤਾ ਅਤੇ ਇੱਥੇ ਦੇ ਲੋਕਾ ਦਾ ਘਾਣ ਕਰਵਾ ਦਿੱਤਾ।
ਭਾਰਤ ਦੇ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਇੱਥੇ ਦੋ ਨਸਲਾਂ ਦੇ ਹਾਕਮਾਂ ਨੇ ਭਾਰਤ ਨੂੰ ਨੁਕਸਾਨ ਪਹੁੰਚਾਇਆ ਜਿਵੇਂ ਇੱਕ ਆਰੀਆ ਨਸਲ ਅਤੇ ਦੂਸਰੀ ਸੈਮਟਿਕ ਨਸਲ। ਆਰੀਆ ਨਸਲ ਦੇ ਹਾਕਮਾਂ ਨੇ ਹੜੱਪਾ ਸੱਭਿਅਤਾ ਨੂੰ ਤਬਾਹ ਕਰ ਕੀਤਾ, ਜਿਸਦਾ ਪਤਾ ਸਾਨੂੰ ਜੌਹਨ ਮਾਰਸ਼ਲ ਦੀ 1927 ਦੀ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਆਰੀਆ ਤੋਂ ਪਹਿਲਾ ਵੀ ਇੱਥੇ ਸੱਭਿਅਤਾ ਸੀ ਜਿਹੜਾ ਸਮਾਨ ਮੋਇੰਜੋਦੜੋ ਅਤੇ ਹੜੱਪੇ ਤੋ ਮਿਲਿਆ ਉਸ ਨੂੰ ਦੇਖ ਕੇ ਜੋਹਨ ਮਾਰਸ਼ਲ ਨੇ ਅੰਦਾਜ਼ਾ ਲਗਾਇਆ ਹੈ ਕਿ ਜਿੰਨ੍ਹਾਂ ਸਮਾਨ ਮੈ ਚੈੱਕ ਕੀਤਾ ਹੈ, ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਸੱਭਿਅਤਾ ਲਗਭਗ 3000 B.C. ਦੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਮਨੁੱਖ ਕਿੰਨਾ ਬੇਤਰਸ ਹੈ ਕਿ ਆਪਣੀ ਹੀ ਮਨੁੱਖੀ ਨਸਲ ਨੂੰ ਤਬਾਹ ਕਰਨ ਤੱਕ ਚਲੇ ਜਾਂਦਾ ਹੈ। ਆਪਣੇ ਕਬੀਲੇ ਦੀ ਜਿੱਤ ਨੂੰ ਸੰਸਾਰ ਦੀ ਜਿੱਤ ਦੱਸਣ ਲੱਗ ਜਾਂਦਾ ਹੈ। ਅਜਿਹੀ ਕਬੀਲਾ ਸੋਚ ਨੇ ਦੁਨੀਆਂ ਦੀਆਂ ਉੱਨੀ (19) ਸੱਭਿਅਤਾਵਾਂ ਤਬਾਹ ਕਰ ਦਿੱਤੀਆ ਹਨ। ਇਸ ਤੋਂ ਪਤਾ ਲਗਦਾ ਹੈ ਕਿ ਮਨੁੱਖ ਕਿੰਨਾ ਹੈਂਸਿਆਰਾ ਹੈ।
ਅੱਜ ਮਨੁੱਖ ਨੂੰ ਸੋਚ ਸਮਝ ਕੇ ਜਗ ਦੇ ਸਾਰੇ ਮਸਲੇ ਸਾਹਮਣੇ ਰੱਖਣੇ ਚਾਹੀਦੇ ਹਨ। ਅੱਜ ਮਨੁੱਖ ਕਿਤੇ ਧਰਮ ਦੇ ਨਾਂ ਤੇ ਲੜ ਰਿਹਾ ਹੈ, ਕਿਤੇ ਨਿਜ਼ਾਮ ਦੇ ਨਾਂ ਤੇ, ਕਿਤੇ ਰਾਸ਼ਟਰ ਦੇ ਨਾਂ ਤੇ, ਕੋਈ Dominancy ਦੇ ਨਾਂ ਤੇ, ਕੋਈ ਬਹੁ-ਗਿਣਤੀ ਦੇ ਨਾਂ ਤੇ ਘੱਟ ਗਿਣਤੀਆ ਦਾ ਘਾਣ ਕਰ ਰਿਹਾ ਹੈ। ਇਸੇ ਤਰਾਂ ਕੋਈ ਲੋਕ ਰਾਜ ਲਈ ਲੜ ਰਿਹਾ ਹੈ। ਜਿਸ ਮਕਸਦ ਲਈ U.N.O ਬਣਾਈ ਗਈ ਸੀ ਕਿ ਸੱਭ ਦੀ ਹੋਦ ਬਰਕਰਾਰ ਬਣੀ ਰਹੇ, ਪਰ Dominancy ਵਾਲੇ ਆਪਣੇ ਨਿੱਜੀ ਲਾਭ ਲਈ U.N.O ਮਤਿਆ ਦੀ ਪ੍ਰਵਾਹ ਨਹੀ ਕਰਦੇ।
ਸੰਸਾਰ ਦੇ ਆਗੂਆ ਨੇ 1945 ਦੀ ਜੰਗ ਵਿੱਚ ਦੋ ਕਰੋੜ ਚਾਲੀ ਲੱਖ ਲੋਕਾਂ ਦਾ ਘਾਣ ਕਰਵਾਇਆ। ਅਜਿਹਾ ਅਸ਼ੋਕ ਬਾਦਸ਼ਾਹ ਵੇਲ਼ੇ ਵੀ ਹੋਇਆ ਸੀ। ਉਸ ਨੇ ਆਪਣੀ ਜੰਗਜੂ ਨੀਤੀਆ ਨਾਲ ਕਲਿੰਗਾ (ਜੋ ਕਿ ਅੱਜ ਉੜੀਸਾ ਹੈ) ਦੇ ਹਾਕਮ ਦੇ ਜੁਗਰਾਫੀਏ ਤੇ ਕਬਜ਼ਾ ਕਰ ਲਿਆ। ਜਦ ਅਸ਼ੋਕ ਜੰਗ ਦੀ ਹੈਸਿਅਤ ਨਾਲ ਜੰਗ ਦੇ ਮੈਦਾਨ ਵਿਚ ਗਿਆ ਤਾਂ ਉਸ ਨੇ ਫੌਜੀਆ ਦੀ ਕੱਟ-ਵੱਢ ਦੇਖ ਕੇ ਬਹੁਤ ਪਛਤਾਇਆ ਅਤੇ ਪ੍ਰਣ ਕੀਤਾ ਕਿ ਮੈਂ ਅੱਗੇ ਤੋਂ ਵਿਸਤਾਰਵਾਦੀ ਨੀਤੀਆ ਲਈ ਜੰਗ ਨਹੀ ਲੜਾਂਗਾ। ਸ਼ੁਕਰਾਤ ਦੀ ਰਾਜਨੀਤੀ ਬਾਰੇ ਕਿਹਾ ਜਾਂਦਾ ਹੈ ਕਿ ਪੜ੍ਹੇ ਲਿਖੇ ਫਿਲਾਸਫਰ ਭਾਵੇਂ ਘੱਟ ਗਿਣਤੀ ਵਿੱਚ ਕਿਉਂ ਨਾ ਹੋਣ, ਉਹਨਾਂ ਕੋਲ ਰਾਜ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਤਾਂ ਕਿ ਰਾਜ-ਕਾਜ ਨੂੰ ਚੰਗੇ ਅਤੇ ਸਿਆਣੇ ਢੰਗ ਨਾਲ ਚਲਾਇਆ ਜਾ ਸਕੇ।
ਸੰਸਾਰ ਦੇ ਬਹੁਤੇ ਦੇਸ਼ਾ ਵਿੱਚ ਲੋਕ ਰਾਜ ਹੈ ਅਤੇ ਕਈ ਦੇਸ਼ਾ ਵਿੱਚ ਬਾਦਸ਼ਾਹਤ ਦੇ ਨਾਂ ਦੇ ਸਰਕਾਰਾਂ ਚਲਦੀਆ ਹਨ, ਕਿਤੇ ਵੋਟ ਰਾਜ ਹੈ ਅਤੇ ਕਿਤੇ-ਕਿਤੇ ਤਾਨਾਸ਼ਾਹੀ ਵੀ ਹੈ। ਜਿੱਥੇ ਤਾਨਾਸ਼ਾਹੀ ਮਰਜ਼ੀ ਨਾਲ ਸਰਕਾਰ ਚਲਾਉਂਦੇ ਹਨ ਉੱਥੇ ਕਿਤੇ ਕਿਤੇ ਜੁਝਾਰੂ ਮੂਮੈਂਟਾ ਵੀ ਚਲਦੀਆ ਹਨ, ਜਿਨ੍ਹਾਂ ਦਾ ਮਨੋਰਥ ਰਾਜ ਨੂੰ ਧਰਮ ਦੇ ਆਧਾਰ ਚਲਾਉਣਾ ਹੁੰਦਾ ਹੈ। ਨਕਸਲਵਾੜੀ ਲਹਿਰ ਵੀ 1967 ਤੋਂ ਇੰਡੀਆ ਵਿੱਚ ਹੁਣ ਤੱਕ ਚਲਦੀ ਰਹੀ। ਇਹ ਇੱਕ ਬਹੁ-ਗਿਣਤੀ ਦੀ ਲਹਿਰ ਹੈ। ਪੰਜਾਬ ਵਿੱਚ ਬਲੂ ਸਟਾਰ ਮਗਰੋਂ ਖਾੜਕੂ ਲਹਿਰ ਚੱਲੀ ਜੋ ਕਿ ਘੱਟ ਗਿਣਤੀ ਵਾਲਿਆ ਦੀ ਲਹਿਰ ਸੀ। ਜਿਸ ਨੂੰ ਸਰਕਾਰ ਨੇ ਪੂਰੀ ਸਖਤੀ ਨਾਲ ਦਬਾਅ ਦਿੱਤਾ ਤਾਂ ਕਿ ਦੱਸਿਆ ਜਾਵੇ ਕਿ ਘੱਟ ਗਿਣਤੀ ਦੀ ਮੂਮੈਂਟ ਬੁਹ-ਗਿਣਤੀ ਲਈ ਖਤਰਾ ਹੈ ਅਤੇ ਬਹੁਗਿਣਤੀ ਵਾਲਿਆ ਨੇ ਸਰਕਾਰ ਦਾ ਪੂਰਾ ਸਾਥ ਦਿੱਤਾ।
ਹਿੰਦੂ ਰਾਸ਼ਟਰਵਾਦੀਆ ਨੇ ਜਿਹੜੀ ਲਹਿਰ ਚਲਾਈ, ਉਸ ਨੂੰ ਹਿੰਦੂਆ ਦਾ ਭਰਪੂਰ ਸਾਥ ਅਤੇ ਸਮਰਥਨ ਮਿਲਿਆ ਕਿਉਂਕਿ ਇਹ ਇਕ ਬਹੁ ਗਿਣਤੀ ਹਿੰਦੂਆ ਦੀ ਲਹਿਰ ਸੀ। ਸੋ ਇਸ ਪ੍ਰਕਾਰ ਲੋਕ ਰਾਜ ਵਿੱਚ ਘੱਟ ਗਿਣਤੀ ਵਾਲਿਆ ਦੀਆਂ ਮੂਮੈਂਟਾ ਫੇਲ ਹੋ ਜਾਂਦੀਆ ਹਨ। ਦੂਜਾ ਸੁਕਰਾਤ ਦੀ ਗੱਲ ਮੰਨ ਲਈ ਜਾਵੇ ਤਾਂ ਘੱਟ ਗਿਣਤੀ ਨਾਲ ਧੱਕਾ ਨਹੀ ਹੋ ਸਕਦਾ ਹੈ ਅਤੇ ਨਾ ਹੀ ਬਹੁ ਗਿਣਤੀ ਦੇ ਲੋਕਾਂ ਦੇ ਡਰੋਂ ਘੱਟ ਗਿਣਤੀ ਨਾਲ ਧੱਕਾ ਹੁੰਦਾ ਹੈ।
ਡਿਊਰੈਂਟ ਦੀ ਕਿਤਾਬ ‘ਦਾ ਸਟੋਰੀ ਆੱਫ ਫਿਲਾਸਫੀ’ ਅਨੁਸਾਰ “ਲੋਕ ਰਾਜ ਇੱਕ ਅਨਾਰਕੀ (Anarchy) ਹੈ, ਲੋਕ ਰਾਜ ਵਿੱਚ ਭਾਂਤ-ਭਾਂਤ ਦੇ ਲੋਕ ਹੁੰਦੇ ਹਨ ਕੋਈ ਪੜ੍ਹਿਆ ਲਿਖਿਆ, ਕੋਈ ਅਨਪੜ ਅਤੇ ਕੋਈ ਜਾਹਲ “।
ਭਾਰਤੀ ਸਬ-ਕੰਟੀਨੈਂਟ ਵਿੱਚ ਕਈ ਧਾੜਵੀ ਕੌਮਾਂ ਬਾਹਰੋਂ ਆਈਆ ਅਤੇ ਉਹਨਾਂ ਨੇ ਆਪਣੀਆ ਚਮ ਦੀਆ ਚਲਾਈਆ ਭਾਵ ਇੱਥੇ ਦੇ ਲੋਕਾ ਤੇ ਰਾਜ ਕੀਤਾ। ਆਰੀਆ ਨਸਲ ਦੇ ਲੋਕਾਂ ਨੇ ਇੱਥੇ ਅਜਿਹੀ ਛਾਪ ਛੱਡੀ ਕਿ ਇੱਥੇ ਦੇ ਜੱਦੀ ਲੋਕਾਂ ਨੂੰ ਸੱਭ ਕੁੱਝ ਭੁਲਾ ਦਿੱਤਾ। ਇੱਥੇ ਦੇ ਲੋਕਾਂ ਦੀ ਕਰੋਨੋਲੋਜ਼ੀ ਦਾ ਕੋਈ ਪਤਾ ਨਹੀ ਲਗਦਾ ਹੈ। ਇੱਥੇ ਦੇ ਲੋਕਾਂ ਦੀ ਬੋਲੀ, ਲਿਪੀ, ਸੱਭਿਆਚਾਰ, ਸਿਸਟਮ ਅਤੇ ਇਤਿਹਾਸ ਵਗੈਰਾ ਨਹੀ ਛੱਡਿਆ।
1927 ਤੋਂ ਪਹਿਲਾ ਜਿਨ੍ਹਾਂ ਅੰਗਰੇਜ਼ ਵਿਦਵਾਨਾ ਨੇ ਲਿਖਿਆ ਹੈ ਕਿ ਇੰਡੀਅਨ ਸਬ-ਕੰਟੀਨੈਂਟ ਜਿਹੜੀਆ ਬੋਲੀਆ, ਬੋਲੀਆ ਜਾਂਦੀਆ ਹਨ ਉਹ ਆਰੀਆ ਬੋਲੀਆ ਹਨ । ਜਦਕਿ ਨਾਲ ਇਹ ਵੀ ਲਿਖਿਆ ਬਾਹਰੋ ਆਏ ਆਰੀਆ ਧਾੜਵੀ ਨਿਗੂਣੀ ਗਿਣਤੀ ਵਿੱਚ ਸਨ। ਆਰੀਆ ਪਿੱਛੋ ਆਉਣ ਵਾਲੀਆ ਕੌਮਾਂ ਇੰਡੀਅਨ ਸਬ-ਕੰਟੀਨੈਂਟ (ਇੰਡੋ-ਪਾਕ ਅਤੇ ਬੰਗਲਾ ਦੇਸ਼) ਵਿੱਚ ਖਪ ਚੁੱਕੀਆ ਹਨ। ਉਹ ਆਪਣੀਆ ਬੋਲੀਆ ਅਤੇ ਸੱਭਿਆਚਾਰ ਗੁਆ ਚੁੱਕੀਆ ਹਨ। ਇਸ ਤਰ੍ਹਾਂ ਆਰੀਆ ਵੀ ਨਿਗੂਣੀ ਗਿਣਤੀ ਵਿੱਚ ਹੋਣ ਕਰਕੇ ਆਪਣੀ ਬੋਲੀ ਅਤੇ ਸੱਭਿਆਚਾਰ ਨੂੰ ਗੁਆ ਚੁੱਕੇ ਹਨ।
ਇਹਨਾਂ ਨੇ ਇੰਡੀਅਨ ਸਬ-ਕੰਟੀਨੈਂਟ ਨੂੰ ਜਿੱਤ ਕੇ ਜਿਹੜਾ ਸਿਸਟਮ ਦਿੱਤਾ, ਉਹਨਾਂ ਨੇ ਇੱਥੇ ਦੇ ਸਮਾਜ ਨੂੰ ਕਦੇ ਵੀ ਇੱਕ ਨਹੀ ਹੋਣ ਦਿੱਤਾ। ਇੱਥੇ ਦੇ ਸ਼ੂਦਰ ਲੋਕ ਜੋ ਕਿ ਬਹੁ ਗਿਣਤੀ ਵਿੱਚ ਸਨ, ਉਹਨਾਂ ਦੇ ਆਗੂਆ ਨੇ ਵੀ ਬਾਹਰੋਂ ਆਏ ਧਾੜਵੀਆਂ ਦੇ ਸਿਸਟਮ ਨੂੰ ਹੀ ਤਰਜ਼ੀਹ ਦਿੱਤੀ। ਅਨੂਸੁਚਿਤ ਜਾਤੀ ਦੇ ਇੱਕ ਉੱਘੇ ਆਗੂ ਨੇ ਸ਼ੂਦਰਾ ਨੂੰ ਖੱਤਰੀ ਦੱਸਿਆ। ਇਹ ਉਕਤ ਸਿਸਟਮ ਦੀ ਹਮਾਇਤ ਹੀ ਹੈ। D.N.A ਅਤੇ Archaeology ਦੀ ਖੋਜ ਨੇ ਦੱਸ ਦਿੱਤਾ ਹੈ ਕਿ ਆਰੀਆ ਦੇ ਲੋਕਾਂ ਦਾ D.N.A ਹੜੱਪਾ ਦੇ ਲੋਕਾਂ ਦੇ D.N.A ਨਾਲੋਂ ਵੱਖ ਹੈ।
ਕੁੱਝ ਹਿੰਦੂ ਵਿਦਵਾਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ ਕਿ ਆਰੀਆ ਭਾਰਤ ਵਿੱਚੋਂ ਗਏ ਸਨ ਅਤੇ ਫਿਰ ਵਾਪਿਸ ਆ ਗਏ ਹਨ। ਪਰ ਇਸ ਦਾ ਉਹਨਾਂ ਕੋਲ ਕੋਈ D.N.A ਅਤੇ Archaeology ਦਾ ਸਬੂਤ ਨਹੀ ਹੈ।
ਇੱਕ ਅਨੂਸਚਿਤ ਜਾਤੀ ਦਾ ਟੋਲਾ ਇਹ ਪ੍ਰਚਾਰ ਕਰ ਰਿਹਾ ਹੈ ਕਿ ਸਿੰਧ ਸੱਭਿਅਤਾ ਦੇ ਲੋਕਾਂ ਦਾ ਧਰਮ ਬੁੱਧ ਧਰਮ ਸੀ। ਬੁੱਧ ਦੇ ਜਨਮ ਅਤੇ ਸਿੰਧ ਦੀ ਸੱਭਿਅਤਾ ਦਾ ਅੰਤਰ ਲਗਭਗ 2500 ਵਰ੍ਹੇ ਦਾ ਹੈ। ਸੋ ਇਹ ਇਤਿਹਾਸਿਕ ਤੌਰ ਤੇ ਸਾਬਤ ਨਹੀ ਹੁੰਦਾ ਹੈ। ਇਸੇ ਤਰ੍ਹਾਂ ਹੀ ਪਾਲੀ ਬੋਲੀ ਵਾਲਿਆ ਨੇ ਵੀ ਗਰੈਮਰ ਸੰਸਕ੍ਰਿਤ ਵਾਲਿਆ ਦਾ ਹੀ ਵਰਤਿਆ ਹੈ। ਇਸੇ ਤਰ੍ਹਾਂ ਇੱਕ ਵਿਦਵਾਨ ਨੇ ਆਪਣੀ ਕਿਤਾਬ ‘Ancient Nagas Ruler of India’ ਵਿੱਚ ਪਸਾਚੀ ਨੂੰ ਸੱਭ ਬੋਲੀਆ ਦੀ ਮਾਂ ਦੱਸਿਆ ਹੈ।
ਡਾ. ਗਰੀਅਰਸਨ ਨੇ ‘The Pasacha Launguage’ ਵਿੱਚ ਪਸਾਚੀ ਬੋਲੀ ਦੇ ਨਮੂਨੇ ਦਿੱਤੇ ਹਨ, ਜਿਸ ਵਿੱਚ ਪਸਾਚੀ ਗਰੈਮਰ ਅਤੇ ਪਸਾਚੀ ਬੋਲੀ ਦੇ ਬਣੇ ਬਣਾਏ ਸ਼ਬਦ ਦਿੱਤੇ ਹਨ।ਸਿੰਧ ਅਤੇ ਸਵਾਤ ਦਰਿਆ ਵਿਚਲ਼ਾ ਇੱਕ ਪਸਾਚ ਇਲਾਕਾ ਹੈ, ਇੱਥੇ ਦੇ ਲੋਕਾਂ ਨੂੰ ਬਾਹਰੋਂ ਆਏ ਆਰੀਆ ਨੇ ਸੰੰਸਕ੍ਰਿਤ ਵਿੱਚ ਪਸਾਚ ਕਿਹਾ ਹੈ। ਪਸਾਚੀ ਅਤੇ ਪੰਜਾਬੀ ਦੀਆਂ ਕਈ ਵੰਨਗੀਆਂ ਪੰਜਾਬੀ ਨਾਲ ਮਿਲਦੀਆਂ ਹਨ। ਇਸ ਦੀ ਸ਼ਬਦ ਬਣਤਰ ਵੀ ਪੰਜਾਬੀ ਦੇ ਸ਼ਬਦ ਬਣਤਰ ਦੇ ਕਾਫੀ ਨੇੜੇ ਹੈ। ਇਸ ਦੇ ਨਮੂਨੇ ਅਸ਼ੋਕ ਬਾਦਸ਼ਾਹ ਦੇ ਸ਼ਾਹਬਾਜ਼ਗੜੀ ਤੋਂ ਮਿਲ਼ੇ ਸਿਲ਼ਾਲੇਖਾ ਨਾਲ ਮਿਲਦੇ ਹਨ। ਪਸਾਚੀ ਅਤੇ ਸੰਸਕ੍ਰਿਤ ਦੀਆਂ ਵਨਗੀਆਂ ਵਰਰੁੱਚੀ ਦੇ ਪ੍ਰਕਿਤ ਗਰੈਮਰ ਵਿੱਚ ਮਿਲਦੀਆ ਹਨ। ਇਸ ਪਿੱਛੋ ਅਚਾਰਿਆਂ ਹੇਮ ਚੰਦਰ ਨੇ ਪ੍ਰਕ੍ਰਿਤ ਗਰੈਮਰ ਵਿੱਚ ਪਸਾਚੀ ਦੇ ਨਮੂਨੇ ਦਿੱਤੇ ਹਨ।
ਬੁੱਧ ਧਰਮ ਨਾਲੋਂ ਜੈਨ ਧਰਮ, ਚਾਰਵਾਕ, ਯੋਗ ਅਤੇ ਦੇਵੀ ਪੰਥ ਕਾਫੀ ਪੁਰਾਣੇ ਹਨ। ਆਰੀਆ ਲੋਕਾਂ ਨੇ ਇੱਥੇ ਦੇ ਲੋਕਾਂ ਦੀਆਂ ਬੋਲੀਆਂ ਦੇ ਸ਼ਬਦ ਵੀ ਲਏ ਹਨ ਜਿਵੇਂ – ਟ, ਠ, ਡ, ਢ, ਣ, ਞ, ਫ, ਘ, ਝ, ਧ ਅਤੇ ਭ ਅਦਿ। ਅੰਗਰੇਜ਼ਾ ਨੂੰ ਪੰਜਾਬੀ ਬੋਲੀ ਦੇ ‘ੜ’ ਦੀ ਧੁਨੀ ਦੀ ਸਮਝ ਨਹੀ ਆਈ। ਵਿਲੀਅਮ ਕੈਰੀ ਅਤੇ ਜੋਹਨ ਬੀਮ ਅਸ਼ੋਕ ਲਿਪੀ ਵਿੱਚ ‘ਲ਼’ ਨੂੰ ਹੀ ‘ੜ’ ਸਮਝ ਰਹੇ ਹਨ।ਜਦਕਿ Ernest Trumpp ਦੀ ਸਿੰਧੀ ਗਰੈਮਰ ਵਿੱਚ ‘ੜ’ ਦੀ ਧੁਨੀ ਦੇਖ ਸਕਦੇ ਹਾ।
ਕੁੱਝ ਵਿਦਵਾਨ ਸਿੰਧ ਸੱਭਿਅਤਾ ਨੂੰ ਦ੍ਰਾਵਿੜ ਸੱਭਿਅਤਾ ਮੰਨ ਰਹੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਜਿਨ੍ਹਾਂ ਵਿਦਵਾਨਾਂ ਨੇ ਜੋਹਨ ਮਾਰਸ਼ਲ ਦੀ 1927 ਦੀ ਰਿਪੋਰਟ ਤੋਂ ਪਹਿਲਾ ਲਿਖਿਆ ਹੈ, ਉਨ੍ਹਾਂ ਦੇ ਹਵਾਲੇ ਦੇ ਕੇ ਅਸੀਂ ਹੜੱਪੇ ਦੇ ਸ਼ੂਦਰ ਲੋਕਾਂ ਨਾਲ ਇਨਸਾਫ ਨਹੀ ਕਰ ਰਹੇ ਹਾਂ , ਸਗੋਂ ਝੂਠ ਨੂੰ ਸੱਚ ਬਣਾਉਣ ਵਿੱਚ ਸ਼ਾਮਿਲ ਹੋ ਗਏ ਹਨ। ਸੋ ਇਹ ਇੱਕ ਬੜਾ ਹੀ ਸਿੱਤਮ ਜਾਂ ਦੁਖਾਂਤ ਹੈ ਕਿ ਅਸੀਂ ਲਾਈ-ਲੱਗ ਬਣ ਕੇ ਆਪਣੀ ਸੱਭਿਅਤਾ ਨੂੰ ਛੁੱਟਿਆ ਰਹੇ ਹਾਂ। ਸੋ ਜਿਨ੍ਹਾਂ ਕੌਮਾਂ ਨੇ ਤਰੱਕੀ ਕੀਤੀ ਉਹਨਾਂ ਦੀ ਸੱਭਿਅਤਾ ਨੇ ਵੀ ਤਰੱਕੀ ਕੀਤੀ। ਕਈਆਂ ਸੱਭਿਅਤਾ ਦੇ ਲੋਕ ਅੱਜ ਤੱਕ ਆਪਣੀ ਸੱਭਿਅਤਾ ਦੀ Dominancy ਨੂੰ ਬਚਾਅ ਨਹੀ ਸਕੇ। ਕਈ ਲੋਕ ਆਪਣੀ ਸੱਭਿਅਤਾਵਾਂ ਨੂੰ ਲੋਕ ਰਾਜ ਦੀ ਬਹੁ-ਗਿਣਤੀ ਤੋਂ ਬਚਣ ਦੀ ਤਾਂਘ ਵਿੱਚ ਜੱਦੋ ਜਹਿਦ ਕਰ ਰਹੀਆ ਹਨ।
ਸੰਸਾਰ ਦੀ ਪੁਰਾਣੀ ਹੜੱਪੇ ਦੀ ਸੱਭਿਅਤਾ ਜੋ ਕਿ ਸ਼ੂਦਰਾਂ ਦੀ ਸੱਭਿਅਤਾ ਸੀ, ਨੂੰ ਆਰੀਆ ਨੇ ਅਜਿਹੀ ਵਰਣ ਵੰਡ ਵਿੱਚ ਫਸਾ ਦਿੱਤਾ ਜੋ ਕਿ ਅੱਜ ਤੱਕ ਇਸ ਸੱਭਿਅਤਾ ਦੇ ਲੋਕ ਆਪਣੀ ਸੱਭਿਅਤਾ ਨੂੰ ਪਛਾਣ ਨਹੀ ਸਕੇ। ਆਰੀਆ ਲੋਕ ਘੱਟ ਗਿਣਤੀ ਵਿੱਚ ਸਨ ਜਿਹੜੇ ਆਪਣੇ ਸੱਭਿਆਚਾਰ ਅਤੇ ਬੋਲੀ ਨੂੰ ਬਚਾਅ ਨਹੀ ਸਕੇ। ਇਹ ਕੌਮਾਂ ਘੱਟ ਗਿਣਤੀ ਹੋਣ ਕਰਕੇ ਇੰਡੀਅਨ ਸਬ-ਕੰਟੀਨੈਂਟ ਵਿੱਚ ਖਪ ਗਈਆ। ਜਦਕਿ ਇਸ ਦੇ ਪਿਛਲੱਗੂ ਅੰਗਰੇਜ਼ ਅਤੇ ਦੋਗਲ਼ੇ ਕੂੜ ਪ੍ਰਚਾਰ ਕਰਦੇ ਰਹੇ ਕਿ ਸੰਸਕ੍ਰਿਤ ਵਿੱਚੋਂ ਹੀ ਅੱਜ ਦੀਆਂ ਮਾਡਰਨ ਕਹੀਂਆ ਜਾਣ ਵਾਲੀਆ ਬੋਲੀਆ ਨਿਕਲੀਆ ਹਨ।ਕਦੇ ਕਹਿੰਦੇ ਹਨ ਕਿ ਮਾਡਰਨ ਬੋਲੀਆ ਪ੍ਰਕ੍ਰਿਤਾਂ ਵਿੱਚੋਂ ਨਿਕਲੀਆ ਹਨ।
ਪ੍ਰਕ੍ਰਿਤ ਵਿੱਚ ‘ਗੁਨਾਢਿਆ’ ਦੀ ਪਸਾਚੀ ਬੋਲੀ ਦੀ ਪੋਥੀ ਹੈ ਜੋ ਕਿ ਉਸਦੇ ਬੌਸ ਰਾਜੇ ਨੇ ਪਸੰਦ ਨਹੀ ਕੀਤੀ ਸੀ ਅਤੇ ਉਸਦੇ ਬੌਸ ਰਾਜੇ ਨੇ ਸੰਸਕ੍ਰਿਤ ਨੂੰ ਤਰਜ਼ੀਹ ਦਿੱਤੀ। ਇਸ ਦਾ ਮਤਲਬ ਇਹ ਹੈ ਕਿ ਪ੍ਰਕ੍ਰਿਤ ਅਤੇ ਮਗਧ ਦੇਸ ਦੀਆਂ ਬੋਲੀਆ ਅਤੇ ਮਾਡਰਨ ਬੋਲੀਆ ਵੀ ਮੌਜੂਦ ਸਨ। ਹਾਕਮਾਂ ਅਤੇ ਉੱਘੇ ਲੋਕਾਂ ਵਿੱਚ ਮਾਡਰਨ ਬੋਲੀਆ ਲਈ ਨਫਰਤ ਸੀ ਅਤੇ ਪ੍ਰਕ੍ਰਿਤ ਵਾਲੇ ਵੀ ਮਾਡਰਨ ਕਹੀਆ ਜਾਣ ਵਾਲੀਆ ਬੋਲੀਆ ਨਾਲ ਨਫਰਤ ਕਰਦੇ ਸਨ। ਸੋ ਇਸ ਦਾ ਮਤਲਬ ਹੈ ਕਿ ਮਾਡਰਨ ਕਹੀਆ ਜਾਣ ਵਾਲੀਆ ਬੋਲੀਆ ਸੰਸਕ੍ਰਿਤ ਅਤੇ ਪ੍ਰਕ੍ਰਿਤਾਂ ਵਿੱਚੋਂ ਨਹੀ ਨਿਕਲੀਆ ਹਨ।
ਜਦੋਂ ਮਹਿਮੂਦ ਗਜ਼ਨਵੀ ਨੇ ਇੰਡੀਆ ਦੇ ਬਹੁਤ ਸਾਰੇ ਇਲਾਕੇ ਜਿੱਤ ਲਏ ਤਾਂ ਉਸ ਨੇ 11ਵੀਂ ਸਦੀ ਦੇ ਸ਼ੁਰੂ ਵਿੱਚ ਫਾਰਸੀ ਬੋਲੀ ਨੂੰ ਸਰਕਾਰੀ ਬੋਲੀ ਬਣਾ ਦਿੱਤਾ। ਇਸੇ ਤਰ੍ਹਾਂ ਬ੍ਰਾਹਮਣੀਕਲ ਸਿਸਟਮ ਵਾਲਿਆ ਨੇ ਪਾਲੀ ਹਟਾਅ ਕੇ ਸੰਸਕ੍ਰਿਤ ਲਾਗੂ ਕਰ ਦਿੱਤੀ ਅਤੇ ਇਸ ਤੋਂ ਪਹਿਲਾ ਪਾਲੀ ਬੋਲੀ ਵਾਲਿਆ ਨੇ ਸੰਸਕ੍ਰਿਤ ਨੂੰ ਹਟਾਅ ਕੇ ਪਾਲੀ ਨੂੰ ਲਾਗੂ ਕਰ ਦਿੱਤਾ। ਉਸ ਵੇਲ਼ੇ ਨਾ ਤਾਂ ਸੰਸਕ੍ਰਿਤ ਅਤੇ ਨਾ ਹੀ ਪਾਲੀ ਬੋਲੀ ਲੋਕ ਬੋਲੀ ਸੀ। ਪਰ ਰਾਜੇ ਆਪਣੇ ਧਰਮ ਦੀ ਬੋਲੀ ਨੂੰ ਹੀ ਰਾਜ ਬੋਲੀ ਬਣਾਉਂਦੇ ਰਹੇ। ਫਿਰ ਇਕ ਦਮ ਕੀ ਹੋ ਗਿਆ ਕਿ ਪਾਲੀ ਅਤੇ ਸੰਸਕ੍ਰਿਤ ਦੋਵੇਂ ਹੀ ਹਟਾਅ ਦਿੱਤੀਆ ਗਈਆ? ਕਿਉਂਕਿ ਇਹ ਦੋਵੇਂ ਬੋਲੀਆ ਲੋਕ ਬੋਲੀਆ ਨਹੀ ਸਨ। ਇਸ ਪ੍ਰਕਾਰ ਮਹਿਮੂਦ ਗਜ਼ਨਵੀ ਦੇ ਰਾਜ ਵਿੱਚ ਲੋਕ ਬੋਲੀਆ ਨੂੰ ਵਿਗਸਨ ਦਾ ਮੌਕਾ ਮਿਲਿਆ। ਪਹਿਲਾ ਪੰਜਾਬੀ ਲਿਖਾਰੀ ਅਬਦੁਲ ਰਹਿਮਾਨ ਇਸੇ ਵੇਲ਼ੇ ਹੀ ਹੋਇਆ ਸੀ। ਇੱਥੇ ਪਹਿਲਾ ਲੋਕ ਬੋਲੀਆ ਟਾਕਰੀ ਅਤੇ ਹੋਰ ਲਿੱਪੀ ਵਿੱਚ ਲਿਖੀਆ ਜਾਂਦੀਆਂ ਸਨ। ਫਿਰ ਇੱਥੇ ਦੀਆ ਬੋਲੀਆ ਨੂੰ ਆਲਿਫ ਬੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਨਾਂ ਤਾਂ ਫਾਰਸੀ ਅਤੇ ਨਾਂ ਹੀ ਅਰਬੀ ਇੱਥੇ ਦੇ ਲੋਕਾਂ ਦੀ ਬੋਲੀ ਸੀ ਪਰ ਰਾਜ ਸਥਾਪਤੀ ਨਾਲ ਇਹ ਬਾਹਰਲ਼ੀ ਬੋਲੀ ਅਤੇ ਲਿੱਪੀ ਲੋਕਾਂ ਦੇ ਠੱਪ ਦਿੱਤੀ। ਇਸੇ ਤਰ੍ਹਾਂ ਜਦ ਅੰਗਰੇਜ਼ ਆਏ ਤਾਂ ਉਹਨਾਂ ਨੇ ਆਪਣੀ ਬੋਲੀ ਨੂੰ ਰੋਮਨ ਵਿੱਚ ਲੋਕਾਂ ਤੇ ਠੱਪ ਦਿਤਾ। ਅੱਜ ਵੀ ਅੰਗਰੇਜ਼ੀ ਨੂੰ ਇੰਡੀਅਨ ਸਬ-ਕੰਟੀਨੈਂਟ ਵਿੱਚ ਵਿੱਦਿਆ ਦੀ ਨਿਸ਼ਾਨੀ ਸਮਝੀ ਜਾਂਦੀ ਹੈ।ਇੱਥੇ ਦੇ ਲੋਕ ਆਪਣੀ ਕਮਾਈ ਦਾ ਧਨ ਅੰਗਰੇਜ਼ੀ ਤੇ ਖਰਚ ਰਹੇ ਹਨ। ਇਸ ਤੋਂ ਲੋਕਾਂ ਦੀ ਮਾਨਸਿਕਤਾਂ ਦਾ ਪਤਾ ਲਗਦਾ ਹੈ ਕਿ ਇੱਕ ਵਾਰ ਗੁਲਾਮ ਹੋ ਗਏ ਤਾਂ ਗੁਲਾਮੀ ਛੱਡਣ ਦੀ ਰੂਹ ਨਹੀ ਕਰਦੀ। ਸੋ ਇਹ ਗੁਲਾਮ ਲੋਕਾਂ ਦੀ ਤਰਾਸਦੀ ਹੈ। ਜਿਵੇਂ ਲੋਕਾਂ ਨੂੰ ਇੱਕ ਵਾਰੀ ਨਸ਼ੇ ਦੀ ਆਦਤ ਪੈ ਜਾਂਦੀ ਹੈ ਤਾਂ ਉਹ ਨਸ਼ੇ ਨੂੰ ਛੱਡਣ ਲਈ ਤਿਆਰ ਨਹੀ ਹੁੰਦੇ ਹਨ। ਕਈਆ ਨੂੰ ਮੌਤ ਵੀ ਲੈ ਜਾਂਦੀ ਹੈ ਅਤੇ ਕਈ ਜਾਇਦਾਦ ਵੀ ਬਰਬਾਦ ਕਰ ਦਿੰਦੇ ਹਨ ਅਤੇ ਨਾਲੇ ਲੋਕਾਂ ਨੂੰ ਲਾਪ੍ਰਵਾਹ ਬਣਾ ਦਿੰਦੇ ਹਨ ਅਤੇ ਇਹ ਗੁਲਾਮੀ ਦੀ ਨਿਸ਼ਾਨੀ ਹੈ। ਇਸ ਤਰ੍ਹਾਂ ਇਹ ਆਪਣੀ ਹੀ ਸੱਭਿਅਤਾ ਦੀ ਤਬਾਹੀ ਹੈ। ਜਿਵੇ ਡੰਗਰ ਗਲ਼ ਵਿੱਚ ਸੰਗਲ਼ ਪੁਆ ਕੇ ਖੁਸ਼ ਹੁੰਦਾ ਹੈ ਇਸੇ ਤਰ੍ਹਾਂ ਗੁਲਾਮ ਦੀ ਮਾਨਸਿਕਤਾ ਦਾ ਵੀ ਇਹੀ ਹਾਲ ਹੈ। ਇਹੀ ਵਜ਼੍ਹਾ ਹੈ ਕਿ ਗੁਲਾਮ ਕੌਮਾਂ ਗੁਲਾਮੀ ਲਾਹੁਣ ਦਾ ਉਪਰਾਲਾ ਨਹੀ ਕਰਦੀਆ ਹਨ ਅਤੇ ਗੁਲਾਮੀ ਦੇ ਨਸ਼ੇ ਵਿੱਚ ਹੀ ਸੇਫ (safe) ਸਮਝਦੀਆਂ ਹਨ। ਇਸ ਤਰ੍ਹਾਂ ‘ਹਿੱਤੋਪਦੇਸ਼’ ਵਿੱਚ ਇੱਕ ਤੁੱਕ ਹੈ ਕਿ ‘ਪਰਾਧੀਨ ਸੁਫਨੇ ਸੁਖ ਨਾਹੀ’ ਜੋਕਿ ਗੁਲਾਮਾਂ ਲਈ ਸੰਜੀਵਨੀ ਬੂਟੀ ਸਾਬਤ ਹੋ ਸਕਦੀ ਹੈ।
ਨਾਮ:- ਨਾਜਰ ਸਿੰਘ
ਲੁਧਿਆਣਾ – Pin Code-141007
Telephone number – 0161-2632136
(M) +91 94641 58136