ਲੁਧਿਆਣਾ (ਸਮਾਜਵੀਕਲੀ)- ਅਫ਼ਗਾਨਿਸਤਾਨ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ ਲੁਧਿਆਣਾ ਦੇ ਦੋ ਸਿੱਖ ਨੌਜਵਾਨਾਂ ਦਾ ਅੱਜ ਸਵੇਰੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪਰਿਵਾਰ ਦੇ ਪੰਜ ਮੈਂਬਰਾਂ ਨੇ ਅੰਤਿਮ ਰਸਮਾਂ ਨਿਭਾਈਆਂ। ਅਫਗਾਨਿਸਾਨ ਦੀ ਰਾਜਧਾਨੀ ਕਾਬੁਲ ਵਿੱਚ ਬੀਤੀ 25 ਮਾਰਚ ਨੂੰ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ 25 ਮੌਤਾਂ ਹੋ ਗਈਆਂ ਸਨ। ਮਰਨ ਵਾਲਿਆਂ ਵਿੱਚ ਲੁਧਿਆਣਾ ਦੇ ਸ਼ੰਕਰ ਸਿੰਘ ਤੇ ਜੀਵਨ ਸਿੰਘ ਵੀ ਸ਼ਾਮਲ ਸਨ। ਉਨ੍ਹਾਂ ਦੀਆਂ ਲਾਸ਼ਾਂ ਸੋਮਵਾਰ ਦੇਰ ਰਾਤ ਨੂੰ ਇੱਥੇ ਪੁੱਜੀਆਂ ਅਤੇ ਅੱਜ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਵਿਧਾਇਕ ਰਾਕੇਸ਼ ਪਾਂਡੇ, ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਸਣੇ ਵੱਡੀ ਗਿਣਤੀ ਵਿਚ ਪੁਲੀਸ ਦੇ ਅਧਿਕਾਰੀ ਮੌਜੂਦ ਸਨ। ਕਰੋਨਾਵਾਇਰਸ ਦੇ ਮੱਦੇਨਜ਼ਰ ਪ੍ਰਸਾਸ਼ਨ ਨੇ ਸਮਸ਼ਾਨਘਾਟ ’ਤੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਪਰਿਵਾਰ ਦੇ ਸਿਰਫ਼ ਪੰਜ ਮੈਂਬਰਾਂ ਨੂੰ ਸਸਕਾਰ ਦੀਆਂ ਅੰਤਿਮ ਰਸਮਾਂ ਨਿਭਾਉਣ ਦੀ ਆਗਿਆ ਦਿੱਤੀ ਗਈ।
ਕਾਬੁਲ ਸਥਿਤ ਗੁਰਦੁਆਰਾ ਸਾਹਿਬ ’ਚ ਹੋਏ ਅਤਿਵਾਦੀ ਹਮਲੇ ’ਚ ਲੁਧਿਆਣਾ ਦੇ ਛਾਉਣੀ ਮੁਹੱਲਾ ਵਾਸੀ ਸ਼ੰਕਰ ਸਿੰਘ ਤੇ ਨਾਨਕ ਨਗਰ ਵਾਸੀ ਜੀਵਨ ਸਿੰਘ ਦੀ ਮੌਤ ਹੋ ਗਈ ਸੀ, ਜਦੋਂਕਿ ਨਿਊ ਕੁੰਦਰਨਪੁਰੀ ਵਾਸੀ ਮਾਨ ਸਿੰਘ ਇਸ ਹਮਲੇ ’ਚ ਜ਼ਖਮੀ ਹੋ ਗਿਆ ਸੀ। ਇੰਨ੍ਹਾਂ ਤਿੰਨਾਂ ਦਾ ਜਨਮ ਵੀ ਕਾਬੁਲ ’ਚ ਹੋਇਆ ਸੀ। ਤਾਲਿਬਾਨ ਦੀ ਦਹਿਸ਼ਤ ਕਾਰਨ ਉਨ੍ਹਾਂ ਦਾ ਪਰਿਵਾਰ ਅਫ਼ਗਾਨਿਸਤਾਨ ਤੋਂ ਲੁਧਿਆਣਾ ਆ ਵੱਸਿਆ ਸੀ। ਇੱਥੇ ਵਪਾਰ ਨਾ ਚੱਲਣ ਕਾਰਨ ਉਨ੍ਹਾਂ ’ਚੋਂ ਕੁਝ ਸਾਲ ਪਹਿਲਾਂ 12 ਲੋਕ ਦੁਬਾਰਾ ਕਾਬੁਲ ਚਲੇ ਗਏ ਸਨ। ਹਰ ਸਾਲ ਇਹ ਆਪਣੇ ਪਰਿਵਾਰ ਨੂੰ ਮਿਲਣ ਲਈ ਲੁਧਿਆਣਾ ਆਉਂਦੇ ਸਨ ਤੇ ਇੱਕ ਦੋ ਮਹੀਨੇ ਰੁਕਣ ਮਗਰੋਂ ਕਾਬੁਲ ਚਲੇ ਜਾਂਦੇ ਸਨ। ਉਹ ਸਾਰੇ ਕਾਬੁਲ ਸਥਿਤ ਗੁਰਦੁਆਰਾ ਸਾਹਿਬ ਦੀ ਧਰਮਸ਼ਾਲਾ ’ਚ ਹੀ ਰਹਿੰਦੇ ਸਨ।
ਸਸਕਾਰ ਦੌਰਾਨ ਲੋਕਾਂ ਨੇ ਦੱਸਿਆ ਕਿ ਕਿ ਸ਼ੰਕਰ ਸਿੰਘ ਡੇਢ ਸਾਲ ਪਹਿਲਾਂ ਹੀ ਆਪਣੀ ਪਤਨੀ ਕੀਮਤੀ ਕੌਰ ਨਾਲ ਕਾਬੁਲ ਗਿਆ ਸੀ। ਉਸਦੇ ਤਿੰਨ ਬੱਚੇ ਲੁਧਿਆਣਾ ’ਚ ਆਪਣੀ ਨਾਨੀ ਕੋਲ ਰਹਿੰਦੇ ਹਨ। ਇਸੇ ਤਰ੍ਹਾਂ ਨਾਨਕ ਨਗਰ ਵਾਸੀ ਜੀਵਨ ਸਿੰਘ ਦੇ ਪਰਿਵਾਰ ’ਚ ਪਤਨੀ, ਦੋ ਲੜਕੀਆਂ ਤੇ ਇੱਕ ਲੜਕਾ ਹੈ। ਲੁਧਿਆਣਾ ਆ ਕੇ ਜੀਵਨ ਸਿੰਘ ਨੇ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। ਉਹ ਇੱਕ ਮਹੀਨੇ ਪਹਿਲਾਂ ਹੀ ਆਪਣੀ ਵੱਡੀ ਲੜਕੀ ਦੀ ਮੰਗਣੀ ਕਰਕੇ ਮੁੜ ਕਾਬੁਲ ਚਲਾ ਗਿਆ ਸੀ। ਉਸਦਾ ਪਰਿਵਾਰ ਇੱਥੇ ਕਿਰਾਏ ’ਤੇ ਰਹਿੰਦਾ ਹੈ। ਸਸਕਾਰ ਦੌਰਾਨ ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਤੇ ਏਸੀਪੀ ਵਰਿਆਮ ਸਿੰਘ ਨੇ ਪੁਲੀਸ ਵੱਲੋਂ ਪ੍ਰਸ਼ਾਸਨ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ।