ਦਿੱਲੀ (ਸਮਾਜ ਵੀਕਲੀ) – ਦਿੱਲੀ ਦੇ ਨਿਜ਼ਾਮੂਦੀਨ ’ਚ ਅੱਜ ਵੱਡੀ ਗਿਣਤੀ ਲੋਕਾਂ ’ਚ ਕਰੋਨਾਵਾਇਰਸ ਦੇ ਲੱਛਣ ਪਾਏ ਜਾਣ ਮਗਰੋਂ ਪੁਲੀਸ ਨੇ ਇਸ ਇਲਾਕੇ ਦਾ ਵੱਡਾ ਹਿੱਸਾ ਸੀਲ ਕਰ ਦਿੱਤਾ ਹੈ। ਇਹ ਲੋਕ ਕੁਝ ਦਿਨ ਪਹਿਲਾਂ ਧਾਰਮਿਕ ਇਕੱਠ ’ਚ ਸ਼ਾਮਲ ਹੋਏ ਸਨ।
ਪੁਲੀਸ ਨੇ ਕਿਹਾ ਕਿ ਬਿਨਾਂ ਕਿਸੇ ਪ੍ਰਵਾਨਗੀ ਦੇ 200 ਤੋਂ ਵੱਧ ਲੋਕ ਇੱਥੇ ਇਕੱਠੇ ਹੋਏ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਸਮਾਗਮ ਕਰਵਾਏ ਜਾਣ ਬਾਰੇ ਪਤਾ ਲੱਗਾ ਤਾਂ ਲੋਕਾਂ ਨੂੰ ਪਾਬੰਦੀਆਂ ਦੇ ਹੁਕਮਾਂ ਦੀ ਉਲੰਘਣਾ ਕਰਨ ਸਬੰਧੀ ਨੋਟਿਸ ਭੇਜੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਈ ਲੋਕਾਂ ’ਚ ਕਰੋਨਾਵਾਇਰਸ ਦੇ ਲੱਛਣ ਸਾਹਮਣੇ ਆਉਣ ਮਗਰੋਂ ਉਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ’ਚ ਭੇਜਿਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਮਹੀਨੇ ਦੀ ਸ਼ੁਰੂਆਤ ’ਚ ਦਿੱਲੀ ਸਰਕਾਰ ਨੇ ਕਿਸੇ ਵੀ ਤਰ੍ਹਾਂ ਧਾਰਮਿਕ, ਸਮਾਜਿਕ, ਸੱਭਿਆਚਾਰ ਜਾਂ ਸਿਆਸੀ ਸਮਾਗਮਾਂ ਦੇ ਨਾਲ ਨਾਲ ਰੋਸ ਮੁਜ਼ਾਹਰਿਆਂ ’ਤੇ ਵੀ ਪਾਬੰਦੀ ਲਗਾਉਂਦਿਆਂ 31 ਮਾਰਚ ਤੱਕ 50 ਤੋਂ ਵੱਧ ਲੋਕਾਂ ਦੇ ਇਕੱਠ ’ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਨਾਲ ਹੀ 21 ਰੋਜ਼ਾ ਦੇਸ਼ ਪੱਧਰੀ ਬੰਦ ਦੌਰਾਨ ਲੋਕਾਂ ਦੇ ਕਿਤੇ ਵੀ ਆਉਣ-ਜਾਣ ’ਤੇ ਵੀ ਰੋਕ ਲਗਾਈ ਗਈ ਸੀ। ਪੁਲੀਸ ਵੱਲੋਂ ਨਿਯਮਾਂ ਦੀ ਉਲੰਘਣਾ ਰੋਕਣ ਲਈ ਡਰੋਨ ਦੀ ਮਦਦ ਲਈ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਗੰਭੀਰ ਗੱਲ ਇਹ ਹੈ ਕਿ 1 ਤੋਂ 15 ਮਾਰਚ ਤੱਕ ਹੋਏ ਤਬਲਿਗ-ਏ-ਜਮਾਤ ਸਮਾਗਮ ’ਚ ਦੋ ਹਜ਼ਾਰ ਤੋਂ ਵੱਧ ਡੈਲੀਗੇਟ ਪਹੁੰਚੇ ਹੋਏ ਸਨ।