ਲੁਧਿਆਣਾ (ਸਮਾਜ ਵੀਕਲੀ)- ਸਨਅਤੀ ਸ਼ਹਿਰ ਵਿਚ ਜ਼ਰੂੂਰੀ ਵਸਤਾਂ ਦੀ ਖ਼ਰੀਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਢਿੱਲ ਤੇ ਸ਼ਹਿਰ ਦੇ ਕੁੱਝ ਲੋਕਾਂ ਦੀ ਲਾਪਰਵਾਹੀ, ਬਾਕੀ ਸ਼ਹਿਰ ਵਾਸੀਆਂ ’ਤੇ ਭਾਰੂ ਪੈ ਸਕਦੀ ਹੈ। ਦਰਅਸਲ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਅਧਿਕਾਰਕ ਤੌਰ ’ਤੇ ਕੋਈ ਢਿੱਲ ਤਾਂ ਨਹੀਂ ਦਿੱਤੀ ਗਈ, ਪਰ ਜ਼ਰੂਰੀ ਵਸਤਾਂ ਦੀ ਹੋਮ ਡਲਿਵਰੀ ਕਾਰਨ ਸ਼ਹਿਰ ਵਿਚ ਸਵੇਰੇ ਤੋਂ ਸ਼ਾਮ ਤੱਕ ਸੜਕਾਂ ’ਤੇ ਭੀੜ ਲੱਗੀ ਰਹਿੰਦੀ ਹੈ। ਹਰ ਮੁਹੱਲੇ ਵਿਚ ਹਜ਼ਾਰਾਂ ਲੋਕ ਸਵੇਰੇ ਤੇ ਸ਼ਾਮ ਸੜਕਾਂ ’ਤੇ ਸਾਮਾਨ ਖ਼ਰੀਦਣ ਲਈ ਪੁੱਜ ਜਾਂਦੇ ਹਨ। ਸ਼ਹਿਰ ਵਿਚ ਜ਼ਿਆਦਾਤਰ ਹੋਲ ਸੇਲ ਮਾਰਕੀਟਾਂ ਨੂੰ ਘਰਾਂ ਵਿਚ ਸਾਮਾਨ ਦੇਣ ਦੇ ਮਕਸਦ ਨਾਲ ਖੋਲ੍ਹ ਦਿੱਤਾ ਗਿਆ ਹੈ। ਪਰ ਦੂਜੇ ਪਾਸੇ ਲਗਾਤਾਰ ਵਧਦੇ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨੇ ਸ਼ਹਿਰ ਦੇ ਬਾਕੀ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।
ਸਨਅਤੀ ਸ਼ਹਿਰ ਵਿਚ ਪ੍ਰਸ਼ਾਸਨ ਵੱਲੋਂ ਕਰਫਿਊ ਤਾਂ ਲਗਾਇਆ ਗਿਆ ਹੈ, ਪਰ ਸਵੇਰੇ 6 ਤੋਂ 10 ਵਜੇ ਤੱਕ ਤੇ ਸ਼ਾਮ ਨੂੰ 5 ਤੋਂ ਰਾਤ 9 ਵਜੇ ਸੜਕਾਂ ’ਤੇ ਲੁਧਿਆਣਾ ਵਿਚ ਕਰਫਿਊ ਵਾਲੇ ਕੋਈ ਹਾਲਾਤ ਨਹੀਂ ਲਗਦੇ ਹਨ। ਇਨ੍ਹਾਂ ਹੀ ਨਹੀਂ ਸ਼ਹਿਰ ਵਿਚ ਪਹਿਲਾਂ ਚੌਕਾਂ ਵਿਚ ਆਉਣ-ਜਾਣ ਵਾਲੇ ਨੂੰ ਪੁਲੀਸ ਮੁਲਾਜ਼ਮ ਰੋਕਦੇ ਸਨ ਪਰ ਹੁਣ ਉੱਥੇ ਐਨਸੀਸੀ ਤੇ ਮਾਰਸ਼ਲ ਖੜ੍ਹੇ ਹੁੰਦੇ ਹਨ, ਜਿਨ੍ਹਾਂ ਦੀ ਲੋਕ ਪਰਵਾਹ ਨਹੀਂ ਕਰ ਰਹੇ ਹਨ।