ਕਰੋਨਾਵਾਇਰਸ ਮਹਾਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਨਾਲ ਨਿਪਟਣ ਲਈ ਪਾਕਿਸਤਾਨ ਨੇ ਕੌਮਾਂਤਰੀ ਮੁੱਦਰਾ ਫੰਡ, ਵਿਸ਼ਵ ਬੈਂਕ ਤੇ ਏਸ਼ਿਆਈ ਵਿਕਾਸ ਬੈਂਕ ਤੋਂ 3.7 ਅਰਬ ਅਮਰੀਕੀ ਡਾਲਰ ਦਾ ਵਾਧੂ ਕਰਜ਼ਾ ਮੰਗਿਆ ਹੈ।
ਇਸ ਮਹਾਮਾਰੀ ਨਾਲ ਪਾਕਿਸਤਾਨ ਵਿੱਚ ਹੁਣ ਤੱਕ 1100 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਅੱਠ ਮੌਤਾਂ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿੱਤੀ ਮਾਮਲਿਆਂ ਬਾਰੇ ਸਲਾਹਕਾਰ ਹਫੀਜ਼ ਸ਼ੇਖ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਕੌਮਾਂਤਰੀ ਮੁਦਰਾ ਫੰਡ ਤੋਂ 1.4 ਅਰਬ ਅਮਰੀਕੀ ਡਾਲਰ ਦੇ ਕਰਜ਼ੇ ਤੋਂ ਇਲਾਵਾ ਵਿਸ਼ਵ ਬੈਂਕ ਤੇ ਏਸ਼ਿਆਈ ਵਿਕਾਸ ਬੈਂਕ ਪਾਕਿਸਤਾਨ ਦੇ ਕਰਜ਼ੇ ਵਿੱਚ ਕ੍ਰਮਵਾਰ ਇਕ ਅਰਬ ਅਮਰੀਕੀ ਡਾਲਰ ਤੇ 1.25 ਅਮਰੀਕੀ ਡਾਲਰ ਦਾ ਵਿਸਤਾਰ ਕਰਨਗੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 1.2 ਖਰਬ ਦੇ ਆਰਥਿਕ ਰਾਹਤ ਪੈਕੇਜ ਐਲਾਨ ਕੀਤਾ ਸੀ। ਸਰਕਾਰੀ ਅੰਕੜਿਆਂ ਅਨੁਸਾਰ ਪਾਕਿਸਤਾਨ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1102 ਤੱਕ ਪਹੁੰਚ ਚੁੱਕੀ ਹੈ। ਸਿਹਤ ਸੇਵਾਵਾਂ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸਿੰਧ ਰਾਜ ਵਿੱਚ 323, ਬਲੋਚਿਸਤਾਨ ’ਚ 131, ਖ਼ੈਬਰ-ਪਖ਼ਤੂਨਵਾ ’ਚ 121, ਗਿਲਗਿਟ ਬਲਤਿਸਤਾਨ ਵਿੱਚ 84, ਇਸਲਾਮਾਬਾਦ ’ਚ 25 ਅਤੇ ਮਕਬੂਜ਼ਾ ਕਸ਼ਮੀਰ ਵਿੱਚ ਇਕ ਹੈ। ਹੁਣ ਤੱਕ ਇਸ ਬਿਮਾਰੀ ਨਾਲ ਪਾਕਿਸਤਾਨ ਵਿੱਚ ਅੱਠ ਮੌਤਾਂ ਹੋ ਚੁੱਕੀਆਂ ਹਨ ਜਦੋਂਕਿ 21 ਵਿਅਕਤੀ ਠੀਕ ਵੀ ਹੋ ਚੁੱਕੇ ਹਨ।
ਬਲੋਚਿਸਤਾਨ ਸਰਕਾਰ ਦੇ ਬੁਲਾਰੇ ਲਿਆਕਤ ਸ਼ਾਹਵਾਨੀ ਨੇ ਕਿਹਾ ਕਿ 12 ਹੋਰ ਨਵੇਂ ਮਰੀਜ਼ ਸਾਹਮਣੇ ਆਉਣ ਕਾਰਨ ਸੂਬੇ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 131 ਹੋ ਚੁੱਕੀ ਹੈ। ਇਸੇ ਤਰ੍ਹਾਂ ਖੈਬਰ-ਪਖ਼ਤੂਨਵਾ ਦੇ ਸਿਹਤ ਅਧਿਕਾਰੀਆਂ ਮੁਤਾਬਕ 41 ਨਵੇਂ ਕੇਸਾਂ ਨਾਲ ਸੂਬੇ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 121 ਹੋ ਗਈ ਹੈ। ਇਸ ਸੂਬੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਮਰਦਾਨ ਜ਼ਿਲ੍ਹੇ ਵਿੱਚ ਪੈਂਦਾ ਪਿੰਡ ਮੰਗਾ ਹੈ, ਜਿੱਥੇ ਸਾਊਦੀ ਅਰਬ ਤੋਂ ਇਕ ਵਿਅਕਤੀ ਦੇ ਪਰਤਣ ਤੋਂ ਬਾਅਦ ਕੀਤੀ ਗਈ ਇਕ ਰਸਮ ਦੌਰਾਨ ਇਹ ਬਿਮਾਰੀ ਫੈਲੀ। ਇਸ ਰਸਮ ਵਿੱਚ ਦੋ ਹਜ਼ਾਰ ਪਿੰਡ ਵਾਸੀਆਂ ਨੂੰ ਸੱਦਿਆ ਗਿਆ ਸੀ ਅਤੇ ਸਾਊਦੀ ਅਰਬ ਤੋਂ ਪਰਤਿਆ ਉਹ ਵਿਅਕਤੀ ਹਰੇਕ ਦੇ ਗਲੇ ਲੱਗ ਕੇ ਮਿਲਿਆ ਸੀ। ਉਸ ਤੋਂ ਬਾਅਦ ਹੋਏ ਟੈਸਟ ਵਿੱਚ ਉਹ ਪਾਜ਼ੇਟਿਵ ਪਾਇਆ ਗਿਆ ਸੀ ਅਤੇ ਪਾਕਿਸਤਾਨ ਵਿੱਚ ਕਰੋਨਾਵਾਇਰਸ ਕਾਰਨ ਮਰਨ ਵਾਲਾ ਉਹ ਪਹਿਲਾ ਵਿਅਕਤੀ ਸੀ।
ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਧਾਰਮਿਕ ਆਗੂਆਂ ਨੂੰ ਕਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਇਕੱਠੇ ਹੋ ਕੇ ਨਮਾਜ਼ ਪੜ੍ਹਨ ’ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ। ਉੱਧਰ, ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਅੱਜ ਇਸਲਾਮਾਬਾਦ ਵਿੱਚ ਸਥਿਤ ਇਕ ਆਇਸੋਲੇਸ਼ਨ ਕੇਂਦਰ ਦਾ ਦੌਰਾ ਕੀਤਾ ਗਿਆ, ਜਿੱਥੇ ਕੌਮੀ ਆਫਤ ਪ੍ਰਬੰਧਨ ਅਥਾਰਿਟੀ ਦੇ ਚੇਅਰਮੈਨ ਵੱਲੋਂ ਉਨ੍ਹਾਂ ਨੂੰ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸੇ ਦੌਰਾਨ ਪਾਕਿਸਤਾਨ ਕੌਮਾਂਤਰੀ ਏਅਰਲਾਈਨਜ਼ ਨੇ ਐਲਾਨ ਕੀਤਾ ਹੈ ਕਿ ਉਹ ਦੇਸ਼ ਵਿੱਚ ਫਸੇ ਸੈਲਾਨੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਲਈ ਵਿਸ਼ੇਸ਼ ਜਹਾਜ਼ ਭੇਜੇਗੀ ਤੇ ਇਹ ਉਡਾਣਾਂ ਇਕ ਪਾਸੜ ਹੀ ਚੱਲਣਗੀਆਂ ਜਦੋਂਕਿ ਬਾਕੀ ਘਰੇਲੂ ਉਡਾਣਾਂ ਬੰਦ ਰਹਿਣਗੀਆਂ। ਕੌਮਾਂਤਰੀ ਪੱਧਰ ਦੀਆਂ ਬਾਕੀ ਉਡਾਣਾਂ ’ਤੇ ਪਾਕਿਸਤਾਨ ਪਹਿਲਾਂ ਹੀ ਰੋਕ ਲਗਾ ਚੁੱਕਾ ਹੈ।
HOME ਪਾਕਿਸਤਾਨ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1100 ਤੋਂ ਪਾਰ