ਅੱਠ ਹੋਰ ਜ਼ਖ਼ਮੀ;
ਛੇ ਘੰਟੇ ਦੀ ਕੋਸ਼ਿਸ਼ ਮਗਰੋਂ ਸੁਰੱਖਿਆ ਬਲਾਂ ਨੇ ਚਾਰੋਂ ਫਿਦਾਈਨ ਮਾਰ ਮੁਕਾਏ
ਕਾਬੁਲ– ਅਫ਼ਗਾਨਿਸਤਾਲ ਦੀ ਰਾਜਧਾਨੀ ਕਾਬੁਲ ਵਿੱਚ ਸਥਿਤ ਇਕ ਗੁਰਦੁਆਰੇ ’ਤੇ ਅੱਜ ਭਾਰੀ ਅਸਲੇ ਨਾਲ ਲੈਸ ਬੰਦੂਕਧਾਰੀ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਕਰੀਬ 25 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਸ਼ੋਰ ਬਾਜ਼ਾਰ ਖੇਤਰ ਵਿੱਚ ਸਥਿਤ ਗੁਰਦੁਆਰੇ ਵਿੱਚ ਸਵੇਰੇ 7.45 (ਸਥਾਨਕ ਸਮੇਂ ਅਨੁਸਾਰ) ਵਜੇ ਹਮਲਾ ਕੀਤਾ। ਉਸ ਵੇਲੇ ਗੁਰਦੁਆਰੇ ਦੀ ਇਮਾਰਤ ਵਿੱਚ 150 ਸ਼ਰਧਾਲੂ ਮੌਜੂਦ ਸਨ। ਟੋਲੋ ਨਿਊਜ਼ ਦੀ ਖ਼ਬਰ ਅਨੁਸਾਰ ਕਾਬੁਲ ਦੇ ਪੀਡੀ1 ਵਿੱਚ ਗੁਰਦੁਆਰੇ ’ਤੇ ਹੋਏ ਫਿਦਾਈਨ ਹਮਲੇ ਵਿੱਚ ਕਰੀਬ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਤੋਂ ਬਾਅਦ ਅਫ਼ਗਾਨ ਵਿਸ਼ੇਸ਼ ਬਲਾਂ ਤੇ ਹਮਲਾਵਰਾਂ ਵਿਚਾਲੇ ਕਰੀਬ ਛੇ ਘੰਟੇ ਚੱਲੀ ਜੰਗ ਤੋਂ ਬਾਅਦ ਸੁਰੱਖਿਆ ਬਲਾਂ ਨੇ ਚਾਰੋਂ ਹਮਲਾਵਰਾਂ ਨੂੰ ਮਾਰ ਦਿੱਤਾ।
ਪਹਿਲਾਂ ਵੀ ਸਿੱਖਾਂ ਨੂੰ ਨਿਸ਼ਾਨਾ ਬਣਾ ਚੁੱਕੇ ਆਈਐੱਸਆਈਐੱਸ ਦਹਿਸ਼ਤਗਰਦ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਖਾਮਾ ਪ੍ਰੈੱਸ ਨਿਊਜ਼ ਏਜੰਸੀ ਅਨੁਸਾਰ ਗਰੁੱਪ ਨੇ ਇਕ ਬਿਆਨ ਜਾਰੀ ਕਰ ਕੇ ਇਹ ਪੁਸ਼ਟੀ ਕੀਤੀ ਹੈ ਕਿ ਉਸ ਦੇ ਮੈਂਬਰਾਂ ਨੇ ਹੀ ਕਾਬੁਲ ਵਿੱਚ ਸਿੱਖਾਂ ’ਤੇ ਹਮਲਾ ਕੀਤਾ ਹੈ।
ਘਟਨਾ ਸਥਾਨ ਦੀਆਂ ਤਸਵੀਰਾਂ ਵਿੱਚ ਸੁਰੱਖਿਆ ਬਲ ਜ਼ਖ਼ਮੀ ਲੋਕਾਂ ਨੂੰ ਸਟ੍ਰੈਚਰ ’ਤੇ ਲਿਜਾਂਦੇ ਹੋਏ ਦਿਖ ਰਹੇ ਹਨ। ਅਫ਼ਗਾਨਿਸਤਾਨ ਦੇ ਕੁਝ ਮੀਡੀਆ ਅਦਾਰਿਆਂ ਵੱਲੋਂ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿਚ ਪੀੜਤਾਂ ਦੇ ਪਰਿਵਾਰਕ ਮੈਂਬਰ ਇਕ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ। ਕਾਬੁਲ ਪੁਲੀਸ ਅਨੁਸਾਰ ਗੁਰਦੁਆਰੇ ਵਿੱਚੋਂ ਕਰੀਬ 11 ਬੱਚਿਆਂ ਨੂੰ ਬਚਾਇਆ ਗਿਆ ਹੈ।
ਸਿੱਖ ਕਾਨੂੰਨਸਾਜ਼ ਨਰਿੰਦਰ ਸਿੰਘ ਖਾਲਸਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਿਸ ਵੇਲੇ ਇਹ ਹਮਲਾ ਹੋਇਆ, ਉਸ ਵੇਲੇ ਗੁਰਦੁਆਰੇ ਦੇ ਅੰਦਰ ਕਰੀਬ 150 ਲੋਕ ਸਨ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਅੰਦਰ ਫਸੇ ਹੋਏ ਇਕ ਸ਼ਰਧਾਲੂ ਨੇ ਹੀ ਉਨ੍ਹਾਂ ਨੂੰ ਹਮਲੇ ਬਾਰੇ ਸੂਚਨਾ ਦਿੱਤੀ ਸੀ। ਉਹ ਉਸੇ ਵੇਲੇ ਲੋਕਾਂ ਦੀ ਮਦਦ ਲਈ ਨਿਕਲ ਪਏ।
ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਬੁਲਾਰੇ ਤਾਰੀਕ ਆਰੀਅਨ ਨੇ ਕਿਹਾ, ‘‘ਅਫ਼ਗਾਨ ਬਲਾਂ ਨੇ ਗੁਰਦੁਆਰੇ ਦੀ ਪਹਿਲੀ ਮੰਜ਼ਿਲ ਖਾਲੀ ਕਰਵਾ ਲਈ ਹੈ। ਗੁਰਦੁਆਰੇ ਅੰਦਰ ਫਸੇ ਕਈ ਲੋਕਾਂ ਨੂੰ ਬਚਾਅ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਇਸ ਦੇਸ਼ ਦੇ ਮੁੱਖ ਅਤਿਵਾਦੀ ਸੰਗਠਨ ‘ਤਾਲਿਬਾਨ’ ਨੇ ਹਮਲੇ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਇਕ ਬਿਆਨ ਵਿੱਚ ਕਿਹਾ ਕਿ ਕਾਬੁਲ ਦੇ ਸ਼ੋਰ ਬਾਜ਼ਾਰ ਖੇਤਰ ਵਿੱਚ ਹੋਏ ਹਮਲੇ ਨਾਲ ਸੰਗਠਨ ਦਾ ਕੋਈ ਸਬੰਧ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ 2018 ਵਿੱਚ ਜਲਾਲਾਬਾਦ ਸ਼ਹਿਰ ’ਚ ਸਿੱਖਾਂ ਤੇ ਹਿੰਦੂਆਂ ਦੀ ਇਕੱਤਰਤਾ ਵਿੱਚ ਆਈਐੱਸਆਈਐੱਸ ਦੇ ਮੈਂਬਰਾਂ ਵੱਲੋਂ ਬੰਬ ਸੁੱਟਿਆ ਗਿਆ ਸੀ, ਜਿਸ ਵਿੱਚ 19 ਵਿਅਕਤੀ ਹਲਾਕ ਹੋ ਗਏ ਸਨ ਅਤੇ 20 ਜਣੇ ਜ਼ਖ਼ਮੀ ਹੋ ਗਏ ਸਨ।