ਗ਼ਰੀਬਾਂ ਖ਼ਾਤਰ ਜ਼ਿੰਮੇਵਾਰੀ ਨਾਲ ਕੰਮ ਕਰੋ: ਨੀਰਜ ਚੋਪੜਾ

ਨਵੀਂ ਦਿੱਲੀ- ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਕਿਹਾ ਕਿ ਉਹ ਐੱਨਆਈਐੱਸ ਪਟਿਆਲਾ ਵਿੱਚ ਇਕਾਂਤਵਾਸ ਦੌਰਾਨ ਜਿਮ ਵਿੱਚ ਅਭਿਆਸ ਕਰਨ ਤੋਂ ਇਲਾਵਾ ਫ਼ਿਲਮਾਂ ਦੇਖਣ ਵਿੱਚ ਮਸਰੂਫ਼ ਹੈ। ਉਸਨੇ ਕੋਵਿਡ -19 ਨੂੰ ਰੋਕਣ ਲਈ ਦੇਸ਼ ਦੇ ਲੋਕਾਂ ਨੂੰ ਗ਼ਰੀਬਾਂ ਖ਼ਾਤਰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਨੀਰਜ ਨੂੰ ਭਾਰਤੀ ਖੇਡ ਅਥਾਰਟੀ (ਸਾਈ) ਨੇ 14 ਦਿਨ ਅਲੱਗ ਰਹਿਣ ਦੀ ਸਲਾਹ ਦਿੱਤੀ ਹੈ ਕਿਉਂਕਿ ਉਹ ਤੁਰਕੀ ਵਿੱਚ ਸਿਖਲਾਈ ਲੈ ਕੇ ਦੇਸ਼ ਪਰਤਿਆ ਹੈ।
ਚੋਪੜਾ ਨੇ ਪਟਿਆਲਾ ਤੋਂ ਇਸ ਖ਼ਬਰ ਏਜੰਸੀ ਨੂੰ ਫੋਨ ’ਤੇ ਦੱਸਿਆ, “ਮੈਂ ਸਿਖਲਾਈ ਬਿਲਕੁਲ ਨਹੀਂ ਲੈ ਰਿਹਾ। ਇਸ ਹੋਸਟਲ ਵਿੱਚ ਵਿਦੇਸ਼ਾਂ ਤੋਂ ਸਿਖਲਾਈ ਲੈ ਕੇ ਵਾਪਸ ਆਏ ਖਿਡਾਰੀ ਹੀ ਠਹਿਰੇ ਹੋਏ ਹਨ। ਉਨ੍ਹਾਂ ਨੂੰ ਕਿਤੇ ਵੀ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਸਾਨੂੰ ਕਸਰਤ ਲਈ ਇੱਕ ਪੁਰਾਣਾ ਜਿਮ ਦਿੱਤਾ ਗਿਆ ਹੈ ਤਾਂ ਜੋ ਅਸੀਂ ਤੰਦਰੁਸਤ ਰਹੀਏ।’’ ਉਸਨੇ ਕਿਹਾ, ‘‘ਮੈਂ ਵਿਹਲੇ ਸਮੇਂ ਨੂੰ ਸੰਗੀਤ ਸੁਣਨ, ਪਰਿਵਾਰ ਅਤੇ ਦੋਸਤਾਂ ਨਾਲ ਫ਼ੋਨ ’ਤੇ ਗੱਲ ਕਰਨ ਅਤੇ ਥੋੜ੍ਹਾ ਜਿਹਾ ਪੜ੍ਹਨ ’ਤੇ ਖ਼ਰਚ ਕਰ ਰਿਹਾ ਹਾਂ। ਕਦੇ-ਕਦੇ ਆਪਣੇ ਲੈਪਟਾਪ ’ਤੇ ਫ਼ਿਲਮਾਂ ਵੀ ਵੇਖ ਰਿਹਾ ਹਾਂ।”
ਚੋਪੜਾ ਨੇ ਆਪਣੇ ਸਾਥੀ ਭਾਰਤੀਆਂ ਨੂੰ ਖਤਰਨਾਕ ਕਰੋਨਾਵਾਇਰਸ ਨੂੰ ਗੰਭੀਰਤਾ ਨਾਲ ਲੈਣ ਅਤੇ ਅਧਿਕਾਰੀਆਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਲੋਕਾਂ ਨੂੰ ਇਸ ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਹਦਾਇਤਾਂ ’ਤੇ ਅਮਲ ਕਰਨਾ ਚਾਹੀਦਾ ਹੈ।’’
ਉਨ੍ਹਾਂ ਕਿਹਾ, ‘‘ਯੂਰੋਪ ਦੇ ਦੇਸ਼ ਬਹੁਤ ਛੋਟੇ ਹੁੰਦੇ ਹਨ ਅਤੇ ਉਨ੍ਹਾਂ ਕੋਲ ਬਿਹਤਰੀਨ ਮੈਡੀਕਲ ਸਹੂਲਤਾਂ ਹਨ ਪਰ ਉਨ੍ਹਾਂ ਨੂੰ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ ਨੀਰਜ ਨੇ ਕਿਹਾ, “ਸਾਡਾ ਦੇਸ਼ ਬਹੁਤ ਵੱਡਾ ਹੈ, ਜਿਸ ਵਿੱਚ ਜ਼ਿਆਦਾਤਰ ਗ਼ਰੀਬ ਲੋਕ ਹਨ। ਜੇਕਰ ਸਾਡਾ ਦੇਸ਼ ਇਸ ਮਹਾਂਮਾਰੀ ਦੇ ਤੀਜੇ ਪੜਾਅ ’ਤੇ ਪਹੁੰਚ ਗਿਆ ਤਾਂ ਇਸ ਦੇ ਬਹੁਤ ਭਿਆਨਕ ਸਿੱਟੇ ਨਿਕਲਣਗੇ। ਸਾਨੂੰ ਇਸ ਬਿਮਾਰੀ ਦੇ ਅਗਲੇ ਪੜਾਅ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਇਸ ਨੂੰ ਰੋਕਣ ਹੋਵੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨਾ ਚਾਹੀਦਾ ਹੈ ਅਤੇ ਸਮਾਜਿਕ ਦੂਰੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।’’

Previous articleਰੋਹਿਤ ਸ਼ਰਮਾ ਨੇ ਆਈਸੀਸੀ ’ਤੇ ਕੱਸਿਆ ਵਿਅੰਗ
Next articlePak COVID-19 cases surpass 800