ਕਰੋਨਾਵਾਇਰਸ ਕਾਰਨ ਕੈਲੀਫੋਰਨੀਆ ’ਚ ਚਾਰ ਕਰੋੜ ਲੋਕਾਂ ਨੂੰ ਘਰਾਂ ’ਚ ਰਹਿਣ ਦੇ ਹੁਕਮ ਦਿੱਤੇ ਗਏ ਹਨ। ਕਿਸੇ ਵੀ ਅਮਰੀਕੀ ਸੂਬੇ ਵੱਲੋਂ ਇਹਤਿਆਤ ਵਜੋਂ ਚੁੱਕਿਆ ਇਹ ਹੁਣ ਤੱਕ ਦਾ ਸਭ ਤੋਂ ਸਖ਼ਤ ਕਦਮ ਹੈ। ਅਮਰੀਕਾ ’ਚ ਕਰੋਨਾ ਬੇਹੱਦ ਤੇਜ਼ੀ ਨਾਲ ਫ਼ੈਲ ਰਿਹਾ ਹੈ। ਇਟਲੀ ਵਿਚ ਕਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ ਚੀਨ ਨਾਲੋਂ ਵੱਧ ਗਈ ਹੈ। ਚੀਨ ਨੇ ਅੱਜ ਲਗਾਤਾਰ ਦੂਜੇ ਦਿਨ ਕੋਈ ਨਵਾਂ ਕੇਸ ਨਾ ਆਉਣ ਦਾ ਦਾਅਵਾ ਕੀਤਾ ਹੈ। ਵਾਇਰਸ ਹੁਣ ਰੂਸ ਤੇ ਅਫ਼ਰੀਕਾ ਵਿਚ ਵੀ ਪੈਰ ਪਸਾਰ ਰਿਹਾ ਹੈ। ਆਸਟਰੇਲੀਆ ਤੇ ਨਿਊਜ਼ੀਲੈਂਡ ਵਿਦੇਸ਼ੀਆਂ ਲਈ ਅੱਜ ਰਾਤ ਤੋਂ ਦਰਵਾਜ਼ੇ ਬੰਦ ਕਰ ਰਹੇ ਹਨ ਸਿਰਫ਼ ਨਾਗਰਿਕ ਤੇ ਪੀਆਰ ਵੀਜ਼ਾਧਾਰਕ ਹੀ ਮੁਲਕ ਵਿਚ ਦਾਖ਼ਲ ਹੋ ਸਕਣਗੇ। ਚੀਨ ਲਈ ਜਿੱਥੇ ਆਸ ਦੀ ਕਿਰਨ ਨਜ਼ਰ ਆ ਰਹੀ ਹੈ ਉੱਥੇ ਬਾਕੀ ਦੇਸ਼ ਆਪਣੀਆਂ ਸਰਹੱਦਾਂ ਸੀਲ ਕਰ ਰਹੇ ਹਨ ਤੇ ‘ਲਾਕਡਾਊਨ’ (ਸੰਪੂਰਨ ਬੰਦ) ਵੱਲ ਵੱਧ ਰਹੇ ਹਨ। ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਵਾਇਰਸ ਇਸੇ ਤਰ੍ਹਾਂ ਬਿਨਾਂ ਜਾਂਚ-ਪਰਖ਼ ਵਧਦਾ ਗਿਆ ਤਾਂ ਮੌਤਾਂ ਦੀ ਗਿਣਤੀ ਲੱਖਾਂ ਵਿਚ ਹੋ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਵਾਇਰਸ ਦੇ ਇਲਾਜ ਲਈ ਅਮਰੀਕਾ ਮਲੇਰੀਆ ਲਈ ਵਰਤੀ ਜਾਂਦੀ ਦਵਾਈ ਨੂੰ ‘ਫਾਸਟ ਟਰੈਕ’ ਕਰ ਰਿਹਾ ਹੈ। ਯੂਰੋਪ ’ਚ ਮੌਤਾਂ ਦੀ ਗਿਣਤੀ ਵੱਧ ਰਹੀ ਹੈ ਤੇ ਇਟਲੀ ਵਿਚ ਵੀਰਵਾਰ ਨੂੰ 427 ਮੌਤਾਂ ਹੋਈਆਂ ਹਨ। ਇੱਥੇ ਮ੍ਰਿਤਕਾਂ ਦੀ ਗਿਣਤੀ 3,405 ਹੋ ਗਈ ਹੈ। ਚੀਨ ਵੱਲੋਂ ਜਾਰੀ ਅੰਕੜਿਆਂ ’ਚ 3,248 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਆਲਮੀ ਪੱਧਰ ’ਤੇ ਮੌਤਾਂ ਦੀ ਗਿਣਤੀ 10,000 ਨੂੰ ਅੱਪੜ ਗਈ ਹੈ ਤੇ 158 ਮੁਲਕਾਂ ਵਿਚ 2,32,000 ਕੇਸ ਹਨ। ਇਟਲੀ ’ਚ ‘ਲਾਕਡਾਊਨ’ ਤਿੰਨ ਅਪੈਰਲ ਤੱਕ ਵਧਾ ਦਿੱਤਾ ਗਿਆ ਹੈ। ਬਾਕੀ ਯੂਰੋਪੀ ਮੁਲਕ ਵੀ ਬੰਦ ਨੂੰ ਵਧਾਉਣ ਦੀ ਤਿਆਰੀ ਕਰ ਰਹੇ ਹਨ। ਅਰਜਨਟੀਨਾ ’ਚ ਵੀ 31 ਮਾਰਚ ਤੱਕ ਲਾਜ਼ਮੀ ਬੰਦ ਦਾ ਐਲਾਨ ਕੀਤਾ ਗਿਆ ਹੈ ਤੇ ਬ੍ਰਾਜ਼ੀਲ ਵਿਚ ਬੀਚਾਂ ’ਤੇ ਦਾਖ਼ਲਾ ਬੰਦ ਕੀਤਾ ਜਾ ਰਿਹਾ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਹੈ ਕਿ ਮੁਲਕ ਕਰੋਨਾਵਾਇਰਸ ਦੇ ਪ੍ਰਭਾਵ ਨੂੰ 12 ਹਫ਼ਤਿਆਂ ’ਚ ਮੱਧਮ ਕਰ ਸਕਦਾ ਹੈ, ਪਰ ਲੋਕਾਂ ਨੂੰ ਸਰਕਾਰ ਦੀ ਗੱਲ ਸੁਣਨੀ ਹੋਵੇਗੀ ਤੇ ਸਮਾਜਿਕ ਸੰਪਰਕ ਖ਼ਤਮ ਕਰਨਾ ਹੋਵੇਗਾ। ਯੂਰੋਪੀਅਨ ਕੇਂਦਰੀ ਬੈਂਕ ਨੇ 750 ਅਰਬ ਯੂਰੋ ਦੀ ਬੌਂਡ ਸਕੀਮ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੁਲਕ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੇ 45 ਦਿਨ ਆਪਣੇ ਪੱਧਰ ’ਤੇ ਹੀ ਖ਼ੁਦ ਨੂੰ ਵੱਖ ਕਰ ਕੇ ਰੱਖਣ। ਮੁਲਕ ਵਿਚ ਮੌਤਾਂ ਦੀ ਗਿਣਤੀ ਤਿੰਨ ਹੋ ਗਈ ਹੈ ਤੇ ਕੇਸ 464 ਹਨ। ਲੈਬਨਾਨ ’ਚ ਪਿਛਲੇ ਕੁਝ ਮਹੀਨਿਆਂ ਤੋਂ ਜੇਲ੍ਹ ’ਚ ਬੰਦ ਇੱਕ ਅਮਰੀਕੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਜਦਕਿ ਇੱਕ ਬਜ਼ੁਰਗ ਨੇਵੀ ਕਰਮਚਾਰੀ ਨੂੰ ਇਰਾਨ ਜੇਲ੍ਹ ’ਚੋਂ ਮੈਡੀਕਲ ਆਧਾਰ ’ਤੇ ਰਿਹਾਅ ਕੀਤਾ ਗਿਆ ਹੈ।
HOME ਸੰਸਾਰ ’ਚ ਮੌਤਾਂ ਦੀ ਗਿਣਤੀ ਦਸ ਹਜ਼ਾਰ ਤੋਂ ਟੱਪੀ