ਚੰਡੀਗੜ੍ਹ- ਇੰਗਲੈਂਡ ਤੋਂ ਪਰਤੀ ਇੱਕ ਲੜਕੀ ਨੂੰ ਕਰੋਨਾਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਉਸ ਦੇ ਸੈਕਟਰ-21 ਸਥਿਤ ਘਰ ਪਹੁੰਚੀਆਂ, ਜਿੱਥੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮਰੀਜ਼ ਦੇ ਘਰ ਨੂੰ ਜਾਣ ਵਾਲੀ ਸੜਕ ਬੰਦ ਕਰ ਦਿੱਤੀ ਗਈ ਅਤੇ ਬਾਹਰ ਇਨਫ਼ੈਕਸ਼ਨ ਫੈਲਣ ਤੋਂ ਰੋਕਣ ਲਈ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਦੇ ਅੰਦਰ ਬੰਦ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੀੜਤ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਵੀ ਤਰੀਕੇ ਨਾਲ ਸੰਪਰਕ ਵਿੱਚ ਆਏ ਸਾਰੇ ਵਿਅਕਤੀਆਂ ਦਾ ਪਤਾ ਲਗਾ ਲਿਆ ਗਿਆ ਹੈ। ਪੀੜਤ ਲੜਕੀ ਜਿਸ ਟੈਕਸੀ ਵਿੱਚ ਸਫ਼ਰ ਕਰ ਕੇ ਆਈ ਸੀ, ਉਸ ਟੈਕਸੀ ਦੇ ਡਰਾਈਵਰ ਦਾ ਵੀ ਪਤਾ ਲਗਾਇਆ ਗਿਆ ਹੈ ਜੋ ਕਿ ਜ਼ਿਲ੍ਹਾ ਮੁਹਾਲੀ ਦੇ ਜ਼ੀਰਕਪੁਰ ਦਾ ਵਸਨੀਕ ਹੈ। ਉਸ ਡਰਾਈਵਰ ਅਤੇ ਉਸ ਦੇ ਪਰਿਵਾਰ ਦੀ ਜਾਂਚ ਬਾਰੇ ਸਟੇਟ ਸਰਵੇਲੈਂਸ ਯੂਨਿਟ ਪੰਜਾਬ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਪੀੜਤ ਲੜਕੀ ਦੇ ਪਿਤਾ ਦੀ ਮੁਹਾਲੀ ਸਥਿਤ ਕੰਪਨੀ ਬਾਰੇ ਵੀ ਸੂਚਨਾ ਸਾਂਝੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਕਰੋਨਾਵਾਇਰਸ ਪੀੜਤ ਲੜਕੀ ਦਾ ਭਰਾ ਜੋ ਆਪਣੇ ਦੋਸਤਾਂ ਨਾਲ ਦਿੱਲੀ ਵੀ ਗਿਆ ਸੀ। ਦਿੱਲੀ ਵਿੱਚ ਉਹ ਆਪਣੇ ਤਿੰਨ ਦੋਸਤਾਂ ਨਾਲ ਮਿਲਿਆ ਜਿਨ੍ਹਾਂ ਬਾਰੇ ਸਟੇਟ ਸਰਵੇਲੈਂਸ ਯੂਨਿਟ ਦਿੱਲੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੀੜਤ ਲੜਕੀ ਨਾਲ ਸਿੱਧੇ ਤੌਰ ’ਤੇ ਸੰਪਰਕ ਵਿੱਚ ਰਹੇ ਕੁੱਲ 12 ਵਿਅਕਤੀਆਂ ਦਾ ਪਤਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ 70 ਵਿਅਕਤੀ ਉਹ ਹਨ ਜਿਹੜੇ ਉਸ ਦੇ ਪਿਤਾ ਅਤੇ ਭਰਾ ਦੇ ਸੰਪਰਕ ਵਿੱਚ ਆਏ ਸਨ। 37 ਹੋਰ ਵਿਅਕਤੀ ਜਿਹੜੇ ਮਰੀਜ਼ ਨਾਲ ਅਸਿੱਧੇ ਤੌਰ ’ਤੇ ਸੰਪਰਕ ਵਿੱਚ ਆਏ ਸਨ, ਬਾਰੇ ਵੀ ਵਿਭਾਗ ਨੇ ਪਤਾ ਕਰ ਲਿਆ ਹੈ ਜਿਨ੍ਹਾਂ ਦੀ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਾਂਚ ਕਰਵਾਈ ਜਾ ਰਹੀ ਹੈ। ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਵਿੱਚ ਉਸ ਦੇ ਪਿਤਾ ਤੇ ਮਾਤਾ ਨੂੰ ਵੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਵਿੱਚ ਦਾਖਿਲ ਕਰਵਾਇਆ ਗਿਆ ਸੀ। ਉਸ ਦੇ ਭਰਾ, ਡਰਾਈਵਰ ਅਤੇ ਕੁੱਕ ਦੇ ਸੈਂਪਲ ਵੀ ਜਾਂਚ ਲਈ ਲਏ ਗਏ ਹਨ। ਇਸ ਦੇ ਨਾਲ ਹੀ ਉਸ ਨਾਲ ਟੈਕਸੀ ਵਿੱਚ ਸਫ਼ਰ ਕਰਨ ਵਾਲੀ ਇੱਕ ਮਹਿਲਾ ਦੋਸਤ, ਮਾਲੀ ਅਤੇ ਉਸ ਦੇ ਪਰਿਵਾਰ ਦੀ ਵੀ ਸਿਹਤ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮਹਿਲਾ ਦਾ ਇੱਕ ਸੰਪਰਕ ਮੁਹਾਲੀ ਅਤੇ ਦੂਸਰਾ ਸੰਪਰਕ ਪੰਚਕੂਲਾ ਵਿੱਚ ਵੀ ਹੋਇਆ ਸੀ ਜਿਨ੍ਹਾਂ ਦਾ ਪਤਾ ਲਗਾ ਕੇ ਦੋਵੇਂ ਸੂਬਿਆਂ ਦੀਆਂ ਸਟੇਟ ਸਰਵੇਲੈਂਸ ਯੂਨਿਟਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।