ਦਸ ਰੁਪਏ ਰਿਸ਼ਵਤ: ਤਾਰਾ ਚੰਦ ਨੇ ਤਾਂ ਮਹਿਕਮੇ ਨੂੰ ਮੂੰਹ ਦਿਖਾਉਣ ਜੋਗਾ ਨਾ ਛੱਡਿਆ

ਫਾਜ਼ਿਲਕਾ- ਜ਼ਿਲ੍ਹੇ ਦੀ ਜਲਾਲਾਬਾਦ ਤਹਿਸੀਲ ਅਧੀਨ ਪਿੰਡ ਸੁਖੇਰਾ ਬੋਦਲਾਂ ਦੇ ਗਰੀਬ ਮਜ਼ਦੂਰ ਜੰਗੀਰ ਸਿੰਘ ਨੂੰ ਕਾਨੂੰਗੋ ਤਾਰਾ ਚੰਦ ਨੇ ਨਾ ਬਖ਼ਸ਼ਿਆ ਤੇ ਦਸ ਰੁਪਏ ਦੀ ਕਥਿਤ ਰਿਸ਼ਵਤ ਲੈ ਕੇ ਸਾਹ ਲਿਆ। ਇਸ ਖ਼ਿਲਾਫ਼ ਮਜ਼ਦੂਰ ਨੇ ਐਸਡੀਐੱਮ ਨੂੰ ਦਰਖਾਸਤ ਦੇ ਦਿੱਤੀ ਹੈ। ਜੰਗੀਰ ਸਿੰਘ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾਂ ਆਪਣੀ ਮਾਲਕੀ ਜ਼ਮੀਨ ਦੀ ਤਕਸੀਮ ਕਰਵਾਈ ਸੀ, ਜਿਸ ਦਾ ਇੰਤਕਾਲ ਦਰਜ ਨਾ ਹੋਣ ਸਬੰਧੀ ਉਹ ਸਬੰਧਤ ਕਾਨੂੰਗੋ ਨੂੰ ਪੁੱਛਣ ਗਿਆ ਸੀ। ਕਾਨੂੰਗੋ ਨੇ ਰਿਕਾਰਡ ਕੱਢ ਕੇ ਉਸ ਨੂੰ ਦੱਸਿਆ ਕਿ ਉਨ੍ਹਾਂ ਦਾ ਪਹਿਲਾਂ ਕੇਸ ਐੱਸਡੀਐੱਮ ਅਦਾਲਤ ਵਿੱਚ ਚਲਦਾ ਸੀ ਤੇ ਹੁਣ ਕੇਸ ਸਿਵਲ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਮਗਰੋਂ ਜਦੋਂ ਜੰਗੀਰ ਸਿੰਘ ਜਾਣ ਲੱਗਿਆ ਤਾਂ ਕਾਨੂੰਗੋ ਨੇ ਉਸ ਨੂੰ ਰੋਕ ਲਿਆ ਤੇ ਕਥਿਤ ਤੌਰ ’ਤੇ ਕਿਹਾ, ‘ਕਿਧਰ ਜਾ ਰਿਹੈ, ਅਸੀਂ ਕਿਸੇ ਨੂੰ ਸੁੱਕਾ ਨਹੀਂ ਜਾਣ ਦਿੰਦੇ, ਪੈਸੇ ਦਿਓ।’ ਇਸ ’ਤੇ ਮਜ਼ਦੂਰ ਨੇ ਕਿਹਾ ਕਿ ਉਹ ਤਾਂ ਗਰੀਬ ਹੈ ਤੇ ਇਸ ਕੰਮ ਦੇ ਕਿੰਨੇ ਪੈਸੇ ਚਾਹੀਦੇ ਹਨ ਤਾਂ ਤਾਂ ਕਾਨੂੰਗੋ ਨੇ ਕਥਿਤ ਤੌਰ ’ਤੇ ਕਿਹਾ ਕਿ ਜਿੰਨੇ ਮਰਜ਼ੀ ਦੇ-ਦੇ। ਜੰਗੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਜੇਬ ਵਿੱਚੋਂ ਦਸ ਰੁਪਏ ਕੱਢੇ ਅਤੇ ਕਾਨੂੰਗੋ ਨੇ ਆਪਣੇ ਸਹਾਇਕ ਨੂੰ ਕਿਹਾ ਕਿ ਇਹ ਜਿੰਨੇ ਪੈਸੇ ਦੇ ਰਿਹਾ ਹੈ ਤੂੰ ਰੱਖ ਲੈ। ਕੋਲ ਖੜ੍ਹੇ ਪਟਵਾਰੀ ਅਤੇ ਆਮ ਵਿਅਕਤੀ ਦਸ ਰੁਪਏ ਰਿਸ਼ਵਤ ਲੈਂਦੇ ਕਾਨੂੰਗੋ ’ਤੇ ਹੈਰਾਨ ਸਨ।

ਇੱਜ਼ਤ ਦਾ ਦੀਵਾਲਾ ਕੱਢ ਦਿੱਤਾ: ਐੱਸਡੀਐੱਮ
ਐੱਸਡੀਐੱਮ ਕੇਸ਼ਵ ਗੋਇਲ ਨੇ ਕਿਹਾ ਕਿ ਦਸ ਰੁਪਏ ਰਿਸ਼ਵਤ ਲੈ ਕੇ ਉਸ ਨੇ ਆਪਣੀ ਇੱਜ਼ਤ ਦਾ ਦੀਵਾਲਾ ਹੀ ਕੱਢਿਆ ਹੈ ਤੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਗਲਤੀ ਹੋ ਜਾਂਦੀ ਹੈ: ਕਾਨੂੰਗੋ
ਕਾਨੂੰਗੋ ਤਾਰਾ ਚੰਦ ਨੇ ਕਿਹਾ, ‘ਛੱਡੋ ਜੀ! ਗਲਤੀ ਹੋ ਜਾਂਦੀ ਹੈ। ਇਸ ਨੂੰ ਮਨ ’ਤੇ ਨਾ ਲਾਓ, ਮੈਂ ਅੱਗੋਂ ਇਸ ਤਰ੍ਹਾਂ ਨਹੀਂ ਕਰਾਂਗਾ।’

Previous articleਸਿਹਤਮੰਦ ਤੇ ਸਾਵਧਾਨ ਰਹਿ ਕੇ ਦਿਓ ਕਰੋਨਾਵਾਇਰਸ ਨੂੰ ਟੱਕਰ: ਮਾਹਿਰ
Next articleਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਮਾਤਾ ਦਾ ਦੇਹਾਂਤ