ਪੰਜਾਬ ਵਿੱਚ ਕਰੋਨਾਵਾਇਰਸ ਨਾਲ ਇਕ ਮੌਤ

ਸੂਬੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਬੰਦ

ਚੰਡੀਗੜ੍ਹ– ਪੰਜਾਬ ਵਿੱਚ ਕਰੋਨਾਵਾਇਰਸ ਨਾਲ ਪਹਿਲੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਸੂਬੇ ਦੇ ਸਿਹਤ ਵਿਭਾਗ ਨਾਲ ਸਬੰਧਤ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਨਾਲ ਸਬੰਧਤ ਬਲਦੇਵ ਸਿੰਘ (70) ਜਰਮਨੀ ਤੋਂ ਵਾਇਆ ਇਟਲੀ 7 ਮਾਰਚ ਨੂੰ ਭਾਰਤ ਆਇਆ ਸੀ। ਉਸ ਦਾ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਨਿਰੀਖਣ ਕੀਤਾ ਗਿਆ ਸੀ ਅਤੇ ਘਰ ਵਿੱਚ ਹੀ ਨਿਗਰਾਨੀ ਹੇਠ ਰੱਖਿਆ ਹੋਇਆ ਸੀ। ਸਿਹਤ ਵਿਭਾਗ ਮੁਤਾਬਕ ਬੁੱਧਵਾਰ ਸਵੇਰੇ ਹੀ ਇਸ ਵਿਅਕਤੀ ਨੇ ਬੰਗਾ ਦੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਡਾਕਟਰਾਂ ਕੋਲ ਪਹੁੰਚ ਕੀਤੀ ਸੀ। ਹਸਪਤਾਲ ਦੇ ਡਾਕਟਰਾਂ ਮੁਤਾਬਕ ਬਲਦੇਵ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਜਦਕਿ ਮ੍ਰਿਤਕ ਦੇ ਖੂਨ ਦੇ ਨਮੂਨਿਆਂ ਦੀ ਪਰਖ ਜਦੋਂ ਪੀਜੀਆਈ ਚੰਡੀਗੜ੍ਹ ਨੇ ਕੀਤੀ ਤਾਂ ਖੂਨ ਵਿੱਚ ਕਰੋਨਾਵਾਇਰਸ ਦੇ ਲੱਛਣ ਪਾਏ ਗਏ। ਇਹ ਵਿਅਕਤੀ ਸ਼ੂਗਰ ਅਤੇ ਖੂਨ ਦੇ ਦਬਾਅ (ਹਾਈ ਬਲੱਡ ਪ੍ਰੈਸ਼ਰ) ਜਿਹੀਆਂ ਬਿਮਾਰੀਆਂ ਤੋਂ ਵੀ ਪੀੜਤ ਸੀ। ਸਿਹਤ ਵਿਭਾਗ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਲਦੇਵ ਸਿੰਘ ਵੱਲੋਂ ਵਿਭਾਗ ਨੂੰ ਤਾਂ ‘ਸਭ ਅੱਛਾ’ ਹੋਣ ਸਬੰਧੀ ਕਿਹਾ ਜਾ ਰਿਹਾ ਸੀ ਪਰ ਉਹ ਆਪਣੀ ਬਿਮਾਰੀ ਦਾ ਇਲਾਜ ਫਗਵਾੜਾ ਅਤੇ ਜਲੰਧਰ ਦੇ ਨਿੱਜੀ ਹਸਪਤਾਲਾਂ ਤੋਂ ਕਰਵਾ ਰਿਹਾ ਸੀ। ਸਿਹਤ ਵਿਭਾਗ ਨੇ ਪਠਲਾਵਾ ਪਿੰਡ ਨੂੰ ‘ਸੀਲ’ ਕਰਨ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਖੂਨ ਦੇ ਨਮੂਨੇ ਲੈ ਕੇ ਲੈਬਾਰਟਰੀ ਨੂੰ ਭੇਜੇ ਗਏ ਹਨ ਅਤੇ ਸਾਰਿਆਂ ਨੂੰ ਘਰ ਵਿੱਚ ਹੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਪਾਠੀ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਬਲਦੇਵ ਸਿੰਘ ਦੇ ਨਾਲ ਨੇੜਲੇ ਪਿੰਡਾਂ ਦੇ 2 ਹੋਰ ਵਿਅਕਤੀ ਵੀ ਵਿਦੇਸ਼ ਤੋਂ ਆਏ ਸਨ। ਇਨ੍ਹਾਂ ਵਿਅਕਤੀਆਂ ਨੂੰ ਵੀ ਏਕਾਂਤ ’ਚ ਰੱਖਿਆ ਗਿਆ ਹੈ। ਬਲਦੇਵ ਸਿੰਘ ਦੀ ਧੀ ਅਤੇ ਜਵਾਈ ਵੀ ਦਿੱਲੀ ਹਵਾਈ ਅੱਡੇ ਤੋਂ ਸੜਕ ਮਾਰਗ ਰਾਹੀਂਂ ਪੰਜਾਬ ਪਹੁੰਚੇ ਸਨ, ਨੂੰ ਵੀ ਹੁਸ਼ਿਆਰਪੁਰ ’ਚ ਏਕਾਂਤ ’ਚ ਰੱਖਿਆ ਗਿਆ ਹੈ।
ਫਗਵਾੜਾ ਅਤੇ ਜਲੰਧਰ ਦੇ ਦੋਵੇਂ ਨਿੱਜੀ ਹਸਪਤਾਲਾਂ ਨੂੰ ਸੈਨੇਟਾਈਜ਼ ਦੇ ਨਾਲ ਨਾਲ ਬਲਦੇਵ ਸਿੰਘ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਵੀ ਏਕਾਂਤ ’ਚ ਰੱਖਿਆ ਗਿਆ ਹੈ। ਪੰਜਾਬ ਸਿਹਤ ਨਿਗਮ ਦੇ ਐੱਮਡੀ ਮਨਵੇਸ਼ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ’ਚ ਕਰੋਨਾਵਾਇਰਸ ਦਾ ਇੱਕੋ ਮਾਮਲਾ ਸਾਹਮਣੇ ਆਇਆ ਹੈ ਅਤੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਟਲੀ ਤੋਂ ਅਇਆ ਇੱਕ ਹੋਰ ਵਿਅਕਤੀ, ਜੋ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਸੀ, ਨੂੰ ਵੀ ਠੀਕ ਹੋਣ ਤੋਂ ਬਾਅਦ ਛੁੱਟੀ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੇ ਇੱਕ ਵੱਡਾ ਐਲਾਨ ਕਰਦਿਆਂ 20 ਮਾਰਚ (ਸ਼ੁੱਕਰਵਾਰ) ਅੱਧੀ ਰਾਤ ਤੋਂ ਬਾਅਦ ਨਿੱਜੀ ਅਤੇ ਸਰਕਾਰੀ ਖੇਤਰ ਦੀਆਂ ਬੱਸਾਂ ਦੀ ਆਵਾਜਾਈ ਠੱਪ ਕਰਨ, ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟਾਂ ਅੰਦਰ ਖਾਣਾ ਪਰੋਸਣ ’ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਮੰਤਰੀਆਂ ਦੇ ਸਮੂਹ ਦੀ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤੀ। ਮੰਤਰੀ ਸਮੂਹ ਨੇ ਫੈਸਲਾ ਲਿਆ ਕਿ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰਨ ਦਾ ਸਮਾਂ ਲੰਘ ਚੁੱਕਾ ਹੈ ਅਤੇ ਹੁਣ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਫੈਸਲਾ ਕੀਤਾ ਕਿ ਲੋਕਾਂ ਨੂੰ ਬਿਨ੍ਹਾਂ ਕਿਸੇ ਐਮਰਜੈਂਸੀ ਤੋਂ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਣਾ ਸਖ਼ਤ ਜ਼ਰੂਰੀ ਹੈ। ਇਸ ਲਈ ਮੰਤਰੀ ਸਮੂਹ ਨੇ 20 ਮਾਰਚ ਦੀ ਅੱਧੀ ਰਾਤ ਤੋਂ ਸਾਰੇ ਟਰਾਂਸਪੋਰਟ ਦੀ ਆਵਾਜਾਈ (ਸਰਕਾਰੀ ਤੇ ਪ੍ਰਾਈਵੇਟ ਬੱਸਾਂ) ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ ਪਰ ਟੈਕਸੀ ਅਤੇ ਸਾਈਕਲ ਰਿਕਸ਼ਾ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਵਿਆਹ ਜਾਂ ਹੋਰ ਸਮਾਜਿਕ ਸਮਾਗਮਾਂ, ਇਥੋਂ ਤੱਕ ਕਿ ਸ਼ਮਸ਼ਾਨ ਆਦਿ ਮੌਕੇ ਵੀ 20 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰੀ ਦਫਤਰਾਂ ਵਿੱਚ ਸਾਰੇ ਪ੍ਰਕਾਰ ਦੀਆਂ ‘ਪਬਲਿਕ ਡੀਲਿੰਗ’ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਕੂਲਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਢਾਬਿਆਂ, ਹੋਟਲਾਂ ਜਾਂ ਰੈਸਟੋਰੈਂਟਾਂ ਵਿੱਚੋਂ ਖਾਣਾ ਪੈਕ ਕਰਾ ਕੇ ਤਾਂ ਘਰਾਂ ਨੂੰ ਭੇਜਿਆ ਜਾ ਸਕਦਾ ਹੈ ਪਰ ਇਨ੍ਹਾਂ ਥਾਵਾਂ ’ਤੇ ਬੈਠ ਕੇ ਖਾਣਾ ਖਾਣ ਦੀ ਮਨਾਹੀ ਹੋਵੇਗੀ। ਰੈਸਟੋਰੈਂਟ ਜਾਂ ਹੋਟਲ ਅਤੇ ਬੈਂਕੁਇਟ ਹਾਲ ਵਿੱਚ ਸਮਾਗਮ ਕਰਨ ’ਤੇ ਮਨਾਹੀ ਹੋਵੇਗੀ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਈ ਇਹਤਿਆਤੀ ਕਦਮ ਉਠਾਏ ਗਏ ਹਨ। ਚੰਡੀਗੜ੍ਹ ਦੇ ਸਿਹਤ ਵਿਭਾਗ ਵਿੱਚ ਤਾਇਨਾਤ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਦੀਆਂ ਸੇਵਾਵਾਂ ਵੀ ਪੀਜੀਆਈ ’ਚ ਹੰਗਾਮੀ ਹਾਲਤ ਦੌਰਾਨ ਲੈਣ ਦਾ ਫੈਸਲਾ ਲਿਆ ਗਿਆ ਹੈ। ਮੰਤਰੀ ਸਮੂਹ ਨੇ ਵੱਖ-ਵੱਖ ਸਰਕਾਰੀ/ਪ੍ਰਾਈਵੇਟ ਹਸਪਤਾਲਾਂ ਅਤੇ ਮੈਡੀਕਲ ਅਦਾਰਿਆਂ ਵਿਚ ਨਿਰਧਾਰਤ ਆਈਸੋਲੇਸ਼ਨ ਵਾਰਡਾਂ ਦੀ ਗਿਣਤੀ ਵਿਚ ਵਾਧਾ ਕਰਨ ਅਤੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੀ ਉਪਲੱਬਧਤਾ ਅਤੇ ਦਵਾਈਆਂ ਦੇ ਢੁੱਕਵੇਂ ਸਟਾਕ ਨੂੰ ਯਕੀਨੀ ਬਣਾਉਣ ਦਾ ਫੈਸਲਾ ਵੀ ਲਿਆ ਹੈ। ਇਸੇ ਤਰ੍ਹਾਂ ਹਸਪਤਾਲਾਂ ਵਿਚ ਓਪੀਡੀ ਸੇਵਾਵਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਮੰਤਰੀ ਸਮੂਹ ਨੇ ਸਾਰੇ ਡੈਂਟਲ ਕਾਲਜਾਂ ਅਤੇ ਹਸਪਤਾਲਾਂ ਨੂੰ 31 ਮਾਰਚ ਤੱਕ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮੈਡੀਕਲ ਕਾਲਜਾਂ ਵਿੱਚ ਪਹਿਲੇ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਜਦਕਿ ਤੀਜੇ ਅਤੇ ਚੌਥੇ ਸਾਲ ਦੀਆਂ ਕਲਾਸਾਂ ਜਾਰੀ ਰਹਿਣਗੀਆਂ। ਨਰਸਿੰਗ ਕਾਲਜਾਂ ਵਿੱਚ ਪਹਿਲੇ ਸਾਲ ਦੇ ਵਿਦਿਆਰਥੀਆਂ ਦੀਆਂ ਕਲਾਸਾਂ 31 ਮਾਰਚ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਦੂਜੇ ਸਾਲ ਦੇ ਨਰਸਿੰਗ ਵਿਦਿਆਰਥੀਆਂ ਦੀਆਂ ਕਲਾਸਾਂ ਜਾਰੀ ਰਹਿਣਗੀਆਂ। ਮੈਡੀਕਲ ਕਾਲਜਾਂ ਦੇ ਤੀਜੇ ਅਤੇ ਚੌਥੇ ਸਾਲ ਦੇ ਵਿਦਿਆਰਥੀਆਂ ਨੂੰ ਕੋਵਿਡ-19 ਦੇ ਪੀੜਤਾਂ ਦੀ ਦੇਖ-ਭਾਲ ਲਈ ਸਿਖਲਾਈ ਦਿੱਤੀ ਜਾ ਰਹੀ ਹੈ।
ਮੰਤਰੀ ਸਮੂਹ ਨੇ ਸਾਰੇ ਪ੍ਰਵਾਸੀ ਭਾਰਤੀਆਂ ਅਤੇ ਪਿਛਲੇ 15 ਦਿਨਾਂ ਦੌਰਾਨ ਕਿਸੇ ਵੀ ਦੇਸ਼ ਤੋਂ ਪਰਤੇ ਯਾਤਰੀਆਂ ਲਈ 14 ਦਿਨਾਂ ਤੱਕ ਆਪਣੇ ਘਰਾਂ ਵਿਚ ਅਲੱਗ ਰਹਿਣ ਸਬੰਧੀ ਪ੍ਰੋਟੋਕੋਲ ਨੂੰ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਅਜਿਹੇ ਸਾਰੇ ਪ੍ਰਵਾਸੀ ਭਾਰਤੀਆਂ ਅਤੇ ਯਾਤਰੀਆਂ ਦੇ ਅਮਿੱਟ ਸਿਆਹੀ ਨਾਲ ਲਾਜ਼ਮੀ ਮੋਹਰ ਲਗਾਉਣ ਦਾ ਵੀ ਫੈਸਲਾ ਲਿਆ ਗਿਆ ਹੈ। ਸਾਰੇ ਡਿਪਟੀ ਕਮਿਸ਼ਨਰਾਂ, ਐੱਸਐੱਸਪੀਜ਼, ਸੀਐੱਮਓਜ਼, ਐੱਸਐੱਮਓਜ਼ ਨੂੰ ਸਟੇਸ਼ਨ ਨਾ ਛੱਡਣ ਦੀ ਹਦਾਇਤ ਕੀਤੀ ਗਈ ਹੈ। ਮੀਟਿੰਗ ਵਿੱਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ, ਪੀਐੱਚਐੱਸਸੀ ਦੇ ਐੱਮਡੀ ਮਨਵੇਸ਼ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਸਰਕਾਰ ਨੇ ਵੈਂਟੀਲੇਟਰਾਂ, ਸਰਜੀਕਲ/ਡਿਸਪੋਜ਼ੇਬਲ ਮਾਸਕਾਂ ਤੇ ਮਾਸਕ ਬਣਾਉਣ ਲਈ ਵਰਤੋਂ ’ਚ ਆਉਂਦੇ ਕੱਪੜੇ ਦੀ ਬਰਾਮਦ ’ਤੇ ਫੌਰੀ ਰੋਕ ਲਾ ਦਿੱਤੀ ਹੈ।

Previous articleਗੋਗੋਈ ਨੇ ਨਾਅਰੇਬਾਜ਼ੀ ਤੇ ਵਾਕਆਊਟ ਦੌਰਾਨ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
Next articleਮੱਧ ਪ੍ਰਦੇਸ਼: ਸਪੀਕਰ ਨੇ 16 ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕੀਤੇ