ਵਿਰੋਧੀ ਮੈਂਬਰਾਂ ਨੇ ‘ਸ਼ਰਮ ਕਰੋ’ ਅਤੇ ‘ਸੌਦੇਬਾਜ਼ੀ’ ਜਿਹੇ ਨਾਅਰੇ ਲਾਏ ; ਨਾਇਡੂ ਨੇ ਨਾਅਰੇਬਾਜ਼ੀ ਨੂੰ ਅਣਉਚਿਤ ਦੱਸਿਆ
ਨਵੀਂ ਦਿੱਲੀ– ਭਾਰਤ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੇ ਸੰਸਦ ’ਚ ਵਿਰੋਧੀ ਧਿਰਾਂ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਅਤੇ ਵਾਕਆਊਟ ਦੌਰਾਨ ਅੱਜ ਰਾਜ ਸਭਾ ਦੇ ਨਾਮਜ਼ਦ ਮੈਂਬਰ ਵਜੋਂ ਹਲਫ਼ ਲਿਆ।
ਇਹ ਪਹਿਲੀ ਵਾਰ ਹੈ ਜਦੋਂ ਸਦਨ ਵਿੱਚ ਸਹੁੰ ਚੁੱਕੇ ਜਾਣ ਦੌਰਾਨ ਨਾਅਰੇਬਾਜ਼ੀ ਅਤੇ ਵਾਕਆਊਟ ਹੋਇਆ ਹੈ। ਪਿਛਲੇ ਵਰ੍ਹੇ ਨਵੰਬਰ ਵਿੱਚ ਭਾਰਤ ਦੇ ਚੀਫ ਜਸਟਿਸ ਵਜੋਂ ਸੇਵਾਮੁਕਤ ਹੋਏ 65 ਵਰ੍ਹਿਆਂ ਦੇ ਗੋਗੋਈ ਨੇ ਅੰਗਰੇਜ਼ੀ ਵਿੱਚ ਪ੍ਰਮਾਤਮਾ ਦੇ ਨਾਂ ਦੀ ਸਹੁੰ ਚੁੱਕੀ। ਸਹੁੰ ਚੁੱਕਣ ਲਈ ਜਦੋਂ ਉਨ੍ਹਾਂ ਦਾ ਨਾਂ ਬੋਲਿਆ ਗਿਆ ਤਾਂ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ‘ਸ਼ਰਮ ਕਰੋ’ ਅਤੇ ‘ਸੌਦੇਬਾਜ਼ੀ’ ਜਿਹੇ ਨਾਅਰੇ ਲਾਏ। ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਆਦੇਸ਼ ਦਿੱਤਾ ਕਿ ਨਾਅਰੇਬਾਜ਼ੀ ਰਿਕਾਰਡ ਵਿੱਚ ਨਹੀਂ ਜਾਵੇਗੀ। ਗੋਗੋਈ ਵਲੋਂ ਹਲਫ਼ ਲਏ ਜਾਣ ਦੌਰਾਨ ਕਾਂਗਰਸ, ਖੱਬੀਆਂ ਪਾਰਟੀਆਂ ਅਤੇ ਉਨ੍ਹਾਂ ਦੀਆਂ ਸਹਿਯੋਗੀ ਧਿਰਾਂ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਸਦਨ ਵਿੱਚੋਂ ਵਾਕਆਊਟ ਕਰ ਗਏ। ਨਾਇਡੂ ਨੇ ਕਿਹਾ ਕਿ ਨਾਅਰੇਬਾਜ਼ੀ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ, ‘‘ਸੰਸਦ ਦੇ ਮੈਂਬਰਾਂ ਲਈ ਇਹ ਬਿਲਕੁਲ ਢੁਕਵਾਂ ਨਹੀਂ ਹੈ।’’ ਗੋਗੋਈ ਵਲੋਂ ਹਲਫ਼ ਲਏ ਜਾਣ ਮਗਰੋਂ ਨਾਇਡੂ ਨੇ ਕਿਹਾ, ‘‘ਨਹੀਂ, ਇਹ ਸਹੀ ਤਰੀਕਾ ਨਹੀਂ ਹੈ। ਕੁਝ ਵੀ ਰਿਕਾਰਡ ਵਿੱਚ ਦਰਜ ਨਹੀਂ ਹੋਵੇਗਾ। ਇਹ ਬਹੁਤ ਅਣਉਚਿਤ ਹੈ, ਬਹੁਤ ਅਣਉਚਿਤ।’’ ਸਹੁੰ ਚੁੱਕਣ ਤੋਂ ਬਾਅਦ ਗੋਗੋਈ ਨੇ ਆਸਨ ਕੋਲ ਜਾ ਕੇ ਨਾਇਡੂੁ ਨੂੰ ਨਮਸਕਾਰ ਕੀਤਾ, ਜਿਸ ਦਾ ਉਨ੍ਹਾਂ ਹੱਥ ਜੋੜ ਕੇ ਜਵਾਬ ਦਿੱਤਾ। ਨਾਇਡੂ ਨੇ ਕਿਹਾ ਕਿ ਮੈਂਬਰਾਂ ਨੂੰ ਸਦਨ ਦੇ ਬਾਹਰ ਇਸ ਮੁੱਦੇ ’ਤੇ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਹੈ। ਉਨ੍ਹਾਂ ਕਿਹਾ, ‘‘ਸਾਨੂੰ ਮੈਂਬਰ ਦਾ ਸਤਿਕਾਰ ਕਰਨਾ ਚਾਹੀਦਾ ਹੈ।’’
ਕਾਂਗਰਸ ਦਾ ਕਹਿਣਾ ਹੈ ਕਿ ਸੇਵਾਮੁਕਤੀ ਤੋਂ ਮਹਿਜ਼ ਚਾਰ ਮਹੀਨਿਆਂ ਬਾਅਦ ਗੋਗੋਈ ਦੀ ਰਾਜ ਸਭਾ ਲਈ ਨਾਮਜ਼ਦਗੀ ਨਾਲ ਲੋਕਾਂ ਦਾ ਨਿਆਂਪਾਲਿਕਾ ਦੀ ਆਜ਼ਾਦੀ ਤੋਂ ਭਰੋਸਾ ਉੱਠ ਜਾਵੇਗਾ।