ਹਰਪ੍ਰੀਤ ਸਿੰਘ ਬਰਾੜ – ਬਠਿੰਡਾ
ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇਸ਼ ਦੇ ਸਭ ਤੋਂ ਜਿਆਦਾ ਤਜ਼ਰਬੇਕਾਰ ਅਤੇ ਬਜ਼ੁਰਗ ਸਿਆਸਤਦਾਨਾ ‘ਚ ਸ਼ੁਮਾਰ ਹਨ। ਉਮਰ ਜਿੰਦਗੀ ਦੇ ਸਿਖ਼ਰ ਵਾਲੇ ਦੌਰ ‘ਤੇ ਹੈ, ਸਿਹਤ ਸਾਥ ਨਹੀਂ ਦੇ ਰਹੀ ਹੈ। ਸਾਲ ਭਰ ਆਪਣੇ ਫਾਰਮਹਾਊਸ ਦੇ ਅਰਾਮਘਰ ਤੱਕ ਸੀਮਤ ਬਾਦਲ ਸਾਹਬ ਬਹੁਤ ਲਾਜ਼ਮੀ ਹੋਣ ‘ਤੇ ਹੀ ਬਾਹਰ ਨਿਕੱਲਦੇ ਹਨ। ਇਹ ਕੁਦਰਤੀ ਹੈ ਕਿ 90 ਸਾਲ ਤੋਂ ਜਿਆਦਾ ਦਾ ਸ਼ਰੀਰ ਅਰਾਮ ਮੰਗਦਾ ਹੈ। ਉਨ੍ਹਾਂ ਦੀ ਸਰਪ੍ਰਸਤੀ ਵਾਲਾ ਸ਼ਿਰੋਮਣੀ ਅਕਾਲੀ 100ਵੇਂ ਸਾਲ ‘ਚ ਹੈ। ਸੁਖਬੀਰ ਸਿੰਘ ਬਾਦਲ ਉਨ੍ਹਾਂ ਦੀ ਰਾਜਨੀਤਿਕ ਵਿਰਾਸਤ ਨੂੰ ਸੰਭਾਲਣ ਦੇ ਨਾਲ ਪਾਰਟੀ ਦੇ ਮੁਖੀ ਅਤੇ ਲੋਕਸਭਾ ਸੰਸਦ ਵੀ ਹਨ। ਬਹੂ ਅਤੇ ਸੁਖਬੀਰ ਦੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਹਨ। ਇਸਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਵਾਰ ਫਿਰ ਸਿਆਸੀ ਅਖਾੜੇ ‘ਚ ਉਤਰਨ ਦੇ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਬੇਸ਼ੱਕ ਅਵਾਜ਼ ‘ਚ ਪਹਿਲਾਂ ਵਾਲੀ ਦਹਾੜ ਨਹੀ਼ ਰਹੀ ਅਤੇ ਚਾਲ ਵੀ ਲੜਖੜਾਉਣ ਲੱਗੀ ਹੈ। ਪਰ ਬਾਦਲ ਇਨ੍ਹੀਂ ਦਿਨੀਂ ਮੁੜ ਦੁਬਾਰਾ ਗੱਜਣ ਦੇ ਨਾਲ—ਨਾਲ ਵਰ੍ਹੱਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਭ ਦੇ ਪਿਛੇ ਸਿਆਸਤ ਦਾ ਨਸ਼ਾ ਨਹੀਂ ਹੈ। ਪਰਿਵਾਰ ਦੀ ਰਾਜਨੀਤਿਕ ਵਿਰਾਸਤ ਅਤੇ ਆਪਣੇ ਪੁੱਤਰ ਦਾ ਭਵਿੱਖ ਬਚਾਉਣ—ਬਣਾਉਣ ਦੀ ਲਚਾਰੀ ਭਰੀ ਕੋਸ਼ਿਸ਼ ਹੈ। 2011 ਤੱਕ ਸਿੱਖਾਂ ਦੀ ਸਭ ਤੋਂ ਵੱਡੀ ਸਿਆਸੀ ਜਮਾਤ ਸ਼ਿਰੋਮਣੀ ਅਕਾਲੀ ਦਲ ਦੀ ਅਸਲ ਪਛਾਣ ਪ੍ਰਕਾਸ਼ ਸਿੰਘ ਬਾਦਲ ਹਨ। ਪਾਰਟੀ ‘ਚ ਵੀ ਉਨ੍ਹਾਂ ਨੂੰ ਪਰਿਵਾਰ ਦੇ ਮੁਖੀ ਹੋਣ ਦਾ ਮਾਣ ਹਾਸਲ ਸੀ। 2011 ਤੋਂ ਬਾਅਦ ਉਨ੍ਹਾਂ ਨੇ ਸੋਚੀ ਸਮਝੀ ਸਿਆਸਤ ਦੇ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਅੱਗੇ ਕੀਤਾ। ਇਸ ਤੋਂ ਪਹਿਲਾਂ ਸੁਖਬੀਰ ਤੋਂ ਜਿਆਦਾ ਮਾਹਰ ਅਤੇ ਸਿਆਣੇ ਮੰਨੇ ਜਾਣ ਵਾਲੇ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਬਕਾਇਦਾ ਹਾਸ਼ੀਏ ‘ਤੇ ਲਿਆਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਸ ਗੱਲ ਨੂੰ ਵੀ ਸਿਰੇ ਤੋਂ ਖਾਰਜ਼ ਕੀਤਾ ਕਿ ਉਨ੍ਹਾਂ ਨੇ ਕਦੇ ਮਨਪ੍ਰੀਤ ਸਿੰਘ ਬਾਦਲ ਨੂੰ ਆਪਣਾ ਸਿਆਸੀ ਵਾਰਸ ਐਲਾਨਿਆਂ ਸੀ।
ਪ੍ਰਕਾਸ਼ ਸਿੰਘ ਬਾਦਲ ਨੇ ਅਜਿਹੇ ਹਲਾਤ ਪੈਦਾ ਕੀਤੇ ਕੀ ਮਨਪ੍ਰੀਤ ਬਾਦਲ ਖੁਦ ਹੀ ਅਕਾਲੀ ਦਲ ‘ਚੋਂ ਅਲਵਿਦਾ ਹੋ ਗਏ। ਇਸੇ ਦੇ ਨਾਲ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਮੰਡਲੀ ਮਜ਼ਬੂਤ ਹੁੰਦੀ ਗਈੇ। ਐਨੀ ਮਜ਼ਬੂਤ ਕਿ ਸ਼ਿਰੋਮਣੀ ਅਕਾਲੀ ਦਲ ਨੂੰ ਕਿਸੇ ਵੇਲੇ ਰਾਜ ਦਵਾਉਣ ਵਾਲੇ ਵੱਡੇ ਬਾਦਲ ਸਾਹਬ ਦੇ ਦਹਾਕਿਆਂ ਪੁਰਾਣੇ ਕਰੀਬੀ ਕਮਜ਼ੋਰ ਹੋ ਗਏ।
ਹੌਲੀ—ਹੌਲੀ ਸ਼ਿਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦਾ ਨਾ ਰਹਿ ਕੇ ਸੁਖਬੀਰ ਬਾਦਲ ਦਾ ਹੋ ਗਿਆ। ਇਥੋਂ ਤੱਕ ਕਿ ਕਈ ਵਾਰ ਸੁਖਬੀਰ ਦੇ ਅੱਗੇ ਪ੍ਰਕਾਸ਼ ਸਿੰਘ ਬਾਦਲ ਦੀ ਬੇਵਸੀ ਜ਼ਾਹਿਰ ਹੋਈ। ਉਨ੍ਹਾਂ ਦੀ ਹਾਲਤ ਠੀਕ ਉਹੋ ਜਿਹੀ ਹੋ ਗਈ ਜਿਵੇਂ ਕਿਸੇ ਵੇਲੇ ਉਨ੍ਹਾਂ ਦੇ ਪੱਗਵੱਟ ਭਰਾ ਹਰਿਆਣੇ ਦੇ ਦੇਵੀਲਾਲ ਦੀ ਆਪਣੇ ਵੱਡੇ ਪੁੱਤਰ ਓਮਪ੍ਰਕਾਸ਼ ਚੋਟਾਲੇ ਦੀਆਂ ਮਨਮਰਜ਼ੀਆਂ ਦੇ ਚਲਦਿਆਂ ਹੋ ਗਈ ਸੀ। ਵੈਸੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਸੁਖਬੀਰ ਸਿੰਘ ਬਾਦਲ ਨੇ ਸਿਆਸਤ ਦੇ ਬਹੁਤ ਸਾਰੇ ਸਬਕ ਚੋਟਾਲਾ ਪਰਿਵਾਰ ਤੋਂ ਸਿੱਖੇ ਹਨ। ਉਨ੍ਹਾਂ ਦੇ ਕੰਮਕਾਜ਼ ਦੀ ਸ਼ੈਲੀ ‘ਤੇ ਓਮ ਪ੍ਰਕਾਸ਼ ਚੋਟਾਲਾ ਦੇ ਛੋਟੇ ਪੁੱਤਰ ਅਭੈ ਸਿੰਘ ਚੋਟਾਲਾ ਦਾ ਖਾਸ ਅਸਰ ਹੈ।
ਪਿਛਲੀਆਂ ਵਿਧਾਨ ਸਭਾ ਚੋਣਾ ‘ਚ ਹਾਰ ਤੋਂ ਬਾਅਦ ਵੀ ਸ਼ਿਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਈ ਖਾਸ ਸਬਕ ਨਹੀਂ ਲਿਆ। ਨਾ ਤਾਂ ਉਨ੍ਹਾਂ ਦੇ ਤੇਵਰ ਬਦਲੇ ਅਤੇ ਨਾ ਹੀ ਰਵੱਈਆ।ਪਾਰਟੀ ਦੇ ਕਈ ਬੁਲੰਦ ਚਿਹਰਿਆਂ ਨੂੰ ਸੁਖਬੀਰ—ਮਜੀਠੀਆ ਦੀ ਜੋੜੀ ਅੱਗੇ ਅਪਮਾਨਤ ਵੀ ਹੋਣਾ ਪਿਆ। ਇਨ੍ਹਾਂ ਨੇ ਛੋਟੇ ਬਾਦਲ ਨੂੰ ਪਾਰਟੀ ਦੀ ਹਾਰ ਦਾ ਜਿੰਮੇਵਾਰ ਠਹਿਰਾਉਂਦੇ ਹੋਏ ਇਸਤੀਫੇ ਦੀ ਮੰਗ ਵੀ ਕੀਤੀ ਸੀ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ