ਸਿਹਤ ਅਮਲੇ ਦੀ ਨਿਗਰਾਨੀ ਹੇਠ ਨੇ 54 ਹਜ਼ਾਰ ਲੋਕ: ਵਰਧਨ

ਕਰੋਨਾਵਾਇਰਸ ਨਾਲ ਸਿੱਝਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਸਿਹਤ ਮੰਤਰੀ ਹਰਸ਼ ਵਰਧਨ ਨੇ ਰਾਜ ਸਭਾ ਵਿੱਚ ਦੱਸਿਆ ਕਿ ਦੇਸ਼ ਭਰ ਵਿੱਚ 54 ਹਜ਼ਾਰ ਲੋਕ ਸਿਹਤ ਅਮਲੇ ਦੀ ਨਿਗਰਾਨੀ ਹੇਠ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੀ ਲਾਗ ਨਾਲ ਪ੍ਰਭਾਵਿਤ ਵਿਅਕਤੀ ਤੋਂ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ। ਇਸ ਦੇ ਬਾਵਜੂਦ ਡਾਕਟਰ ਤੇ ਹੋਰ ਸਟਾਫ ਦਿਨ ਰਾਤ ਉਨ੍ਹਾਂ ਦੇ ਇਲਾਜ ਵਿੱਚ ਜੁਟਿਆ ਹੋਇਆ ਹੈ। ਉਹ, ਆਪਣੀ ਜਾਨ ਦੀ ਪ੍ਰਵਾਹ ਕੀਤਿਆਂ ਬਿਨਾਂ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਵਾਲੇ ਸਿਹਤ ਅਮਲੇ ਦੀ ਸ਼ਲਾਘਾ ਕਰਦੇ ਹਨ।
ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਸੰਸਦ ’ਚ ਕਿਹਾ,‘ ਮੈਂ ਕਰੋਨਾਵਾਇਰਸ ਨੂੰ ਠੱਲ੍ਹਣ ਲਈ ਪਿੰਡਾਂ-ਸ਼ਹਿਰਾਂ ਦੇ ਸਾਰੇ ਹਸਪਤਾਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਡਾਕਟਰਾਂ ਸਮੇਤ ਹੋਰ ਅਮਲੇ ਨੂੰ ਵਡਿਆਉਂਦਾ ਹਾਂ।’ ਵਰਧਨ ਦੇ ਇਸ ਬਿਆਨ ਨੂੰ ਵਿਰੋਧੀ ਧਿਰ ਸਣੇ ਸਾਰੇ ਸੰਸਦ ਮੈਂਬਰਾਂ ਨੇ ਸਲਾਹਿਆ। ਸਿਹਤ ਮੰਤਰੀ ਨੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕਿਆਂ ਵਿੱਚ ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਦੀ ਸਮੀਖਿਆ ਕਰਨ ਅਤੇ ਸਹੂਲਤਾਂ ਵਿੱਚ ਹੋਰ ਸੁਧਾਰ ਲਿਆਉਣ ਦੀ ਸਲਾਹ ਦੇਣ। ਵਰਧਨ ਨੇ ਦੱਸਿਆ ਕਿ ਵਿਸ਼ਵ ਭਰ ਦੇ ਵਿਗਿਆਨੀ ਆਈਸੀਐੱਮਆਰ ਦੇ ਵਿਗਿਆਨੀਆਂ ਦੇ ਸੰਪਰਕ ਵਿੱਚ ਹਨ ਤਾਂ ਜੋ ਕਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਦੀ ਕਾਢ ਕੱਢੀ ਜਾ ਸਕੇ।

Previous articleਸ਼ਰਧਾਲੂਆਂ ਦੀ ਸੁਰੱਖਿਆ ਲਈ ਨੈਣਾਂ ਦੇਵੀ ਮੰਦਰ ਬੰਦ
Next articleਸ਼ਾਰਪਸ਼ੂਟਰ ਦਵਿੰਦਰ ਬੰਬੀਹਾ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ