ਗੋਗੋਈ ਨੂੰ ਰਾਜ ਸਭਾ ਵਿੱਚ ਵੇਖ ਹੈਰਾਨੀ ਹੋਈ: ਜਸਟਿਸ ਜੋਜ਼ੇਫ਼

ਤਿਰੂਵਨੰਤਪੁਰਮ: ਸੁਪਰੀਮ ਕੋਰਟ ਦੇ ਸਾਬਕਾ ਜੱਜ ਕੁਰੀਅਨ ਜੋਜ਼ੇਫ਼ ਨੇ ਭਾਰਤ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਦੀ ਖ਼ਬਰ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਹੈਰਾਨੀ ਜਤਾਈ ਹੈ। ਜਸਟਿਸ ਜੋਜ਼ੇਫ ਨੇ ਕਿਹਾ, ‘ਜਸਟਿਸ ਰੰਜਨ ਗੋਗੋਈ ਨੇ 12 ਜਨਵਰੀ 2018 ਨੂੰ ਤਿੰਨ ਹੋਰਨਾਂ ਜੱਜਾਂ ਦੀ ਹਾਜ਼ਰੀ ’ਚ ਬਿਆਨ ਦਿੱਤਾ ਸੀ ਕਿ ‘ਅਸੀਂ ਦੇਸ਼ ਪ੍ਰਤੀ ਆਪਣਾ ਰਿਣ ਲਾਹ ਚੁੱਕੇ ਹਾਂ।’ ਮੈਂ ਹੈਰਾਨ ਹਾਂ ਕਿ ਜਸਟਿਸ ਰੰਜਨ ਗੋਗੋਈ, ਜਿਨ੍ਹਾਂ ਨਿਆਂਪਾਲਿਕਾ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਅਜਿਹੀ ਦਲੇਰੀ ਵਿਖਾਈ ਸੀ, ਨੇ ਜੁਡੀਸ਼ਰੀ ਦੀ ਆਜ਼ਾਦੀ ਤੇ ਨਿਰਪੱਖਤਾ ਦੇ ਉਦਾਰ ਸਿਧਾਂਤ ਨਾਲ ਸਮਝੌਤਾ ਕਰ ਲਿਆ।’ 12 ਜਨਵਰੀ 2018 ਨੂੰ ਕੀਤੀ ਇਸ ਕਾਨਫਰੰਸ ਵਿੱਚ ਜਸਟਿਸ ਗੋਗੋਈ ਤੇ ਜਸਟਿਸ ਜੋਸੇਫ਼ ਤੋਂ ਇਲਾਵਾ ਜਸਟਿਸ ਜੇ.ਚੇਲਾਮੇਸ਼ਵਰ ਤੇ ਜਸਟਿਸ ਐੱਮ.ਬੀ.ਲੋਕੁਰ ਸ਼ਾਮਲ ਸਨ। ਜਸਟਿਸ ਲੋਕੁਰ ਨੇ ਲੰਘੇ ਦਿਨ ਇਹ ਕਹਿ ਕੇ ਜਸਟਿਸ ਗੋਗੋਈ ਦੀ ਨਾਮਜ਼ਦਗੀ ਨੂੰ ਭੰਡਿਆ ਸੀ ਕਿ ‘ਕੀ ਹੁਣ ਆਖਰੀ ਥੰਮ੍ਹ ਵੀ ਢਹਿ ਗਿਆ ਹੈ?’

Previous articleਨਿਆਂ ਪਾਲਿਕਾ ਤੇ ਵਿਧਾਨ ਪਾਲਿਕਾ ’ਚ ਤਾਲਮੇਲ ਲਈ ਰਾਜ ਸਭਾ ਦੀ ਮੈਂਬਰੀ ਸਵੀਕਾਰੀ: ਗੋਗੋਈ
Next articleਬੇਅਦਬੀ ਦੀਆਂ ਘਟਨਾਵਾਂ ਪਿੱਛੇ ਕਾਂਗਰਸ ਦਾ ਹੱਥ: ਸੁਖਬੀਰ