ਜਲੰਧਰ- ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਜ਼ਰੂਰੀ ਵਸਤਾਂ ਐਕਟ 1955 ਤਹਿਤ ਹੁਣ ਸਾਰੇ ਸਰਜੀਕਲ ਵਸਤਾਂ ਅਤੇ ਰੱਖਿਅਤ ਮਾਸਕ ਤੇ ਹੈਂਡ ਸੈਨੇਟਾਈਜ਼ਰ ਨੂੰ ਸਹੀ ਕੀਮਤ ’ਤੇ ਉਪਲਬੱਧ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਵਸਤਾਂ ਐਲਾਨ ਦਿੱਤਾ ਗਿਆ ਹੈ।
ਸ੍ਰੀ ਸ਼ਰਮਾ ਨੇ ਦੱਸਿਆ ਕਿ 2 ਪਲਾਈ ਤੇ 3 ਪਲਾਈ ਦੇ ਸਰਜੀਕਲ ਮਾਸਕ ਅਤੇ ਐਨ.95 ਮਾਸਕ ਅਤੇ ਹੈਂਡ ਸੈਨੇਟਾਈਜ਼ਰ ਨੂੰ ਹੁਣ ਜ਼ਰੂਰੀ ਵਸਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਇਨ੍ਹਾਂ ਜ਼ਰੂਰੀ ਚੀਜ਼ਾਂ ਦੀ ਵੱਧ ਮੁਨਾਫ਼ੇ ਲਈ ਕਾਲਾ ਬਾਜ਼ਾਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਕੁਝ ਲੋਕ ਇਨ੍ਹਾਂ ਚੀਜ਼ਾਂ ਦੀ ਘਾਟ ਦਾ ਪ੍ਰਚਾਰ ਕਰਕੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਰਕਾਰ ਦੀ ਕਰੋਨਾਵਾਇਰਸ ਨਾਲ ਨਜਿੱਠਣ ਦੀ ਮੁਹਿੰਮ ਨੂੰ ਢਾਹ ਲਗਾ ਰਹੇ ਹਨ ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ੍ਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕ ਇਨ੍ਹਾਂ ਚੀਜ਼ਾਂ ਦੀਆਂ ਐਮਆਰਪੀ ਤੋਂ ਵੀ ਵੱਧ ਕੀਮਤ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਸਖਤੀ ਨਾਲ ਰੋਕਿਆ ਜਾਵੇਗਾ ਅਤੇ ਜੋ ਲੋਕ ਇਸ ਘਿਨਾਉਣੇ ਅਪਰਾਧ ਵਿੱਚ ਲਿਪਤ ਪਾਏ ਗਏ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਪੇਂਡੂ ਡਿਸਪੈਂਸਰੀਆਂ ਅਧੀਨ ਆਉਂਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਨੂੰ ਕਰੋਨਾਵਾਇਰਸ ਕਰਕੇ ਸਿਵਲ ਸਰਜਨ ਦੇ ਦੇਖ ਰੇਖ ਹੇਠ ਲਗਾਇਆ ਗਿਆ ਹੈ।
INDIA ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਹੋ ਸਕਦੀ ਹੈ ਜੇਲ੍ਹ