ਪੁਲ ਨਿਰਮਾਣ ’ਚ ਅੜਿੱਕਾ ਬਣੀ ਮਜ਼ਾਰ ਢਾਹੀ

ਲੁਧਿਆਣਾ- ਬਸਤੀ ਜੋਧੇਵਾਲ ਸਥਿਤ ਨੈਸ਼ਨਲ ਹਾਈਵੇ 44 ਨੇੜੇ ਪੁਲ ਨਿਰਮਾਣ ’ਤੇ ਆਵਾਜਾਈ ਵਿੱਚ ਅੜਿੱਕਾ ਬਣੀ ਟਿੱਲਾ ਬਾਬਾ ਸ਼ੇਖ ਫਰੀਦ ਤੇ ਬਣੀ ਸਮਾਧ ਬਾਬਾ ਸਾਉਣ ਭਾਰੀ ਪੁਲੀਸ ਦੀ ਮਦਦ ਨਾਲ ਢਾਹ ਦਿੱਤੀ ਗਈ ਹੈ ਪਰ ਇਸ ਕਾਰਵਾਈ ਤੋਂ ਕੁੱਝ ਘੰਟਿਆਂ ਬਾਅਦ ਹੀ ਗੁੱਸੇ ਵਿੱਚ ਆਏ ਸ਼ਰਧਾਲੂਆਂ ਨੇ ਮੁੜ ਸੜਕ ’ਤੇ ਮਜ਼ਾਰ ਬਣਾ ਕੇ ਉਸ ਉਪਰ ਹਰੀ ਚਾਦਰ ਚੜਾ ਕੇ ਨਤਮਸਤਕ ਹੋਣਾ ਸ਼ੁਰੂ ਕਰ ਦਿੱਤਾ। ਭਾਰੀ ਪੁਲੀਸ ਦੀ ਹਾਜ਼ਰੀ ਵਿੱਚ ਬੀਤੀ ਰਾਤ 12-30 ਵਜੇ ਦੇ ਕਰੀਬ ਬੁਲਡੋਜ਼ਰਾਂ ਨੇ 50 ਸਾਲ ਪਹਿਲਾਂ ਬਣੀ ਇਸ ਮਜ਼ਾਰ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਤੋਂ ਪਹਿਲਾਂ ਪੁਲੀਸ ਨੇ ਇਸ ਦੇ ਮੁੱਖ ਪ੍ਰਬੰਧਕ ਬਾਬਾ ਨਰਿੰਦਰਪਾਲ ਸਿੰਘ, ਉਸ ਦੇ ਪੁੱਤਰ ਬਿਕਰਮਜੀਤ ਸਿੰਘ ਅਤੇ ਪੋਤਰੇ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਲਿਜਾਣ ਉਪਰੰਤ ਅੱਜ ਤੜਕੇ ਘਰ ਵਾਪਸ ਭੇਜਿਆ ਗਿਆ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਇਹ ਕਾਰਵਾਈ ਕੀਤੀ ਗਈ।
ਅੱਜ ਸਵੇਰੇ ਜਦੋਂ ਸ਼ਰਧਾਲੂਆਂ ਨੇ ਮਜ਼ਾਰ ਦੀ ਥਾਂ ਬਣਦੀ ਸੜਕ ਵੇਖੀ ਤਾਂ ਉਹ ਗੁੱਸੇ ਵਿੱਚ ਅ ਗਏ ਅਤੇ ਉਨ੍ਹਾਂ ਇਸ ਦੇ ਸਾਹਮਣੇ ਬਣੀ ਸਰਾਂ ਵਿੱਚ ਇਕੱਠੇ ਹੋ ਕੇ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਇਕੱਠੇ ਹੋ ਕੇ ਮੁੜ ਉਥੇ ਇੱਟਾਂ ਜੋੜ ਕੇ ਮਜ਼ਾਰ ਬਣਾ ਦਿੱਤੀ ਅਤੇ ਹਰੀ ਚਾਦਰ ਚੜਾ ਕੇ ਚਿਰਾਗ ਜਗਾ ਦਿੱਤੇ। ਇਸ ਮੌਕੇ ਕੁੱਝ ਲੋਕਾਂ ਨੇ ਰੁਪਏ ਚੜਾ ਕੇ ਮੱਥਾ ਵੀ ਟੇਕਿਆ। ਇਸ ਦੌਰਾਨ ਮੁੱਖ ਸੇਵਾਦਾਰ ਬਾਬਾ ਨਰਿੰਦਰਪਾਲ ਨੇ ਦੱਸਿਆ ਕਿ ਇਹ ਦਰਗਾਹ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਇੱਥੇ ਬਣੀ ਹੋਈ ਹੈ ਅਤੇ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ। ਇੱਥੇ ਸਾਲਾਨਾ ਜੋੜ ਮੇਲਾ ਵੀ ਲੱਗਦਾ ਹੈ ਜਿਸ ਵਿੱਚ ਪੁਲੀਸ ਪ੍ਰਸ਼ਾਸਨ ਤੋਂ ਇਲਾਵਾ ਰਾਜਸੀ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੁੰਦੇ ਹਨ। ਉਨ੍ਹਾਂ ਇਸ ਕਾਰਵਾਈ ਸਬੰਧੀ ਵਿਧਾਇਕ ਸੰਜੈ ਤਲਵਾੜ ਤੇ ਭਾਜਪਾ ਆਗੂ ਪ੍ਰਵੀਨ ਬਾਂਸਲ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮੌਕੇ ’ਤੇ ਪੁੱਜ ਕੇ ਸਾਰੇ ਮਾਮਲੇ ਦਾ ਹੱਲ ਕੱਢਣ ਦਾ ਭਰੋਸਾ ਵੀ ਦਿੱਤਾ।

Previous articleਮਨਦੀਪ ਦੀ ਮ੍ਰਿਤਕ ਦੇਹ ਸਿੰਗਾਪੁਰ ਤੋਂ ਦਸੂਹਾ ਪੁੱਜੀ
Next articleਮੱਧ ਪ੍ਰਦੇਸ਼ ਸੰਕਟ: ਭਰੋਸੇ ਦੀ ਵੋਟ ਬਾਰੇ ਸਥਿਤੀ ਸ਼ਸ਼ੋਪੰਜ ਵਾਲੀ