ਲੁਸਾਨੇ- ਦੁਨੀਆਂ ਭਰ ਵਿੱਚ ਕਰੋਨਾਵਾਇਰਸ ਦੇ ਖ਼ੌਫ਼ ਕਾਰਨ ਓਲੰਪਿਕ ਕੁਆਲੀਫਾਈਂਗ ਮੁਕਾਬਲੇ ਰੱਦ ਹੋਣ ਤੋਂ ਆਈਓਸੀ ਫ਼ਿਕਰਮੰਦ ਹੈ। ਟੋਕੀਓ ਓਲੰਪਿਕ ਨੂੰ ਸ਼ੁਰੂ ਹੋਣ ਵਿੱਚ ਪੰਜ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਅਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥੌਮਸ ਬਾਕ ਦੀ ਇਸ ਸੰਕਟ ਦੇ ਸਮੇਂ ਆਪਣੇ ਮੈਂਬਰ ਸੰਗਠਨਾਂ ਨਾਲ ਐਮਰਜੈਂਸੀ ਗੱਲਬਾਤ ਕਰਨ ਦੀ ਯੋਜਨਾ ਹੈ।
ਆਈਓਸੀ ਦੇ ਨੇੜਲੇ ਸੂਤਰ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਇੱਕ ਸੂਤਰ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ ਕਿ ਆਈਓਸੀ ਦੀ ਮੰਗਲਵਾਰ ਨੂੰ ਕਾਨਫਰੰਸ ਕਾਲ ਕਰਨ ਦੀ ਯੋਜਨਾ ਹੈ, ਜਿਸ ਵਿੱਚ ਕੌਮਾਂਤਰੀ ਫੈਡਰੇਸ਼ਨਾਂ ਤੋਂ ਇਲਾਵਾ ਕੌਮੀ ਓਲੰਪਿਕ ਕਮੇਟੀਆਂ ਅਤੇ ਅਥਲੀਟਾਂ ਨੂੰ ਹਾਲਾਤ ਬਾਰੇ ਜਾਣੂੰ ਕਰਵਾਇਆ ਜਾਵੇਗਾ। ਆਈਓਸੀ ਕਰੋਨਾਵਾਇਰਸ ਸੰਕਟ ਨਾਲ ਨਜਿੱਠਣ ਲਈ ਉਠਾਏ ਗਏ ਕਦਮਾਂ ਦੀ ਜਾਣਕਾਰੀ ਵੀ ਲਵੇਗਾ। ਇੱਕ ਕੌਮਾਂਤਰੀ ਖੇਡ ਫੈਡਰੇਸ਼ਨ ਦੇ ਨੇੜਲੇ ਸੂਤਰ ਨੇ ਕਿਹਾ ਕਿ ਨਾਲ ਹੀ ਫੈਡਰੇਸ਼ਨਾਂ ਕੋਲ ਸਵਾਲ ਪੁੱਛਣ ਦਾ ਮੌਕਾ ਵੀ ਹੋਵੇਗਾ।
ਆਈਓਸੀ ਬੁਲਾਰੇ ਨੇ ਕਿਹਾ ਕਿ ਆਈਓਸੀ ਓਲੰਪਿਕ ਭਾਈਵਾਲਾਂ ਨਾਲ ਲਗਾਤਾਰ ਗੱਲਬਾਤ ਕਰਦਾ ਹੈ ਅਤੇ ਇਸ ਤਹਿਤ ਹਾਲਾਤ ਬਾਰੇ ਜਾਣਕਾਰੀ ਦਿੰਦਾ ਹੈ। ਕਈ ਕੌਮਾਂਤਰੀ ਖੇਡ ਮੁਕਾਬਲੇ ਜਾਂ ਤਾਂ ਮੁਲਤਵੀ ਹੋ ਗਏ ਹਨ ਜਾਂ ਫਿਰ ਰੱਦ ਕਰ ਦਿੱਤੇ ਗਏ ਹਨ। ਦੂਜੇ ਪਾਸੇ ਜਾਪਾਨ ਦੇ ਪ੍ਰਧਾਨ ਸ਼ਿੰਜ਼ੋ ਆਬੇ ਨੇ ਇਸ ਸੰਕਟ ਵਾਲੇ ਹਾਲਾਤ ਵਿੱਚ ਕਿਹਾ ਕਿ ਓਲੰਪਿਕ ਖੇਡਾਂ ਯੋਜਨਾ ਮੁਤਾਬਕ ਹੀ ਹੋਣਗੀਆਂ। ਪ੍ਰਧਾਨ ਮੰਤਰੀ ਆਬੇ ਨੇ ਕਰੋਨਾਵਾਇਰਸ ਕਾਰਨ ਉੱਠੇ ਸਵਾਲਾਂ ਦੇ ਬਾਵਜੂਦ ਸ਼ੁੱਕਰਵਾਰ ਨੂੰ ਵਾਅਦਾ ਕੀਤਾ ਸੀ ਕਿ ਟੋਕੀਓ ਯੋਜਨਾ ਅਨੁਸਾਰ ਜੁਲਾਈ ਅਤੇ ਅਗਸਤ ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ। ਥੌਮਸ ਬਾਕ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਸੰਭਾਵੀ ਮੁਲਤਵੀ ਦੇ ਸਬੰਧ ਵਿੱਚ ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਦੀਆਂ ਸਿਫ਼ਾਰਿਸ਼ਾਂ ਦਾ ਪਾਲਣ ਕਰਨਗੇ। ਉਸ ਨੇ ਹਾਲਾਂਕਿ ਸਵੀਕਾਰ ਕੀਤਾ ਕਿ ਇਸ ਮਹਾਂਮਾਰੀ ਕਾਰਨ ਕੁਆਲੀਫਾਈਂਗ ਟੂਰਨਾਮੈਂਟ ਦਾ ਰੱਦ ਹੋਣਾ ਹੀ ਗੰਭੀਰ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਕੁਆਲੀਫਾਈਂਗ ਦਾ ਮੁੱਦਾ ਮੰਗਲਵਾਰ ਨੂੰ ਹੋਣ ਵਾਲੀ ਫੋਨ ਮੀਟਿੰਗ ਦਾ ਮੁੱਖ ਕੇਂਦਰ ਹੋਵੇਗਾ।
Sports ਓਲੰਪਿਕ ’ਤੇ ਕਰੋਨਾਵਾਇਰਸ ਦਾ ਖ਼ਤਰਾ