ਗਲਵਾਨ ਤੇ ਤਵਾਂਗ ਵਿੱਚ ਭਾਰਤੀ ਫ਼ੌਜ ਵੱਲੋਂ ਦਿਖਾਈ ਬਹਾਦਰੀ ਦੀ ਜਿੰਨੀ ਪ੍ਰਸ਼ੰਸਾ ਹੋਵੇ, ਘੱਟ ਹੈ: ਰਾਜਨਾਥ

ਨਵੀਂ ਦਿੱਲੀ (ਸਮਾਜ ਵੀਕਲੀ) :ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਗਲਵਾਨ ਘਾਟੀ ਦੀ ਖੂਨੀ ਝੜਪ ਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਹਾਲ ਹੀ ’ਚ ਪੈਦਾ ਹੋਏ ਤਣਾਅ ਦੌਰਾਨ ਭਾਰਤੀ ਫ਼ੌਜੀਆਂ ਨੇ ਜਿਸ ਬਹਾਦਰੀ ਤੇ ਦਲੇਰੀ ਦਾ ਪ੍ਰਦਰਸ਼ਨ ਕੀਤਾ, ਉਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ। ਭਾਰਤੀ ਵਣਜ ਤੇ ਉਦਯੋਗ ਫੈਡਰੇਸ਼ਨ (ਫਿਕੀ) ਵਿੱਚ ਇਕ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਵਿਸ਼ਵ ਦੀ ਭਲਾਈ ਤੇ ਖੁਸ਼ਹਾਲੀ ਲਈ ਇਕ ਮਹਾਸ਼ਕਤੀ ਬਣਨ ਦੀ ਇੱਛਾ ਰੱਖਦਾ ਹੈ ਅਤੇ ਇਸ ਦਾ ਕਿਸੇ ਵੀ ਦੇਸ਼ ਦੀ ਇਕ ਇੰਚ ਜ਼ਮੀਨ ’ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਸ ਟਿੱਪਣੀ ਨੂੰ ਸਰਹੱਦਾਂ ’ਤੇ ਚੀਨ ਦੇ ਹਮਲਾਵਰ ਰੁਖ਼ ਦੇ ਸਬੰਧ ਵਿੱਚ ਦੇਖਿਆ ਜਾ ਰਿਹਾ ਹੈ। ਰੱਖਿਆ ਮੰਤਰੀ ਨੇ ਸਰਹੱਦ ਵਿਵਾਦ ਸਬੰਧੀ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਸੇਧਿਆ। ਇਕ ਦਿਨ ਪਹਿਲਾਂ ਕਾਂਗਰਸੀ ਆਗੂ ਨੇ ਸਰਕਾਰ ’ਤੇ ਅਸਲ ਕੰਟਰੋਲ ਰੇਖਾ ’ਤੇ ਚੀਨ ਵੱਲੋਂ ਪੈਦਾ ਕੀਤੇ ਗਏ ਖਤਰੇ ਨੂੰ ਘੱਟ ਸਮਝਣ ਦਾ ਦੋਸ਼ ਲਗਾਇਆ ਸੀ। ਸ੍ਰੀ ਸਿੰਘ ਨੇ ਕਿਹਾ, ‘‘ਭਾਵੇਂ ਉਹ ਗਲਵਾਨ ਹੋਵੇ ਜਾਂ ਤਵਾਂਗ, ਹਥਿਆਰਬੰਦ ਬਲਾਂ ਨੇ ਜਿਸ ਬਹਾਦਰੀ ਤੇ ਦਲੇਰੀ ਦਾ ਪ੍ਰਦਰਸ਼ਨ ਕੀਤਾ, ਉਸ ਵਾਸਤੇ ਉਨ੍ਹਾਂ ਦੀ ਜਿੰਨੀ ਪ੍ਰਸ਼ੰਸਾ ਕੀਤਾ ਜਾਵੇ, ਉਹ ਘੱਟ ਹੈ।’’

ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘‘ਅਸੀਂ ਵਿਰੋਧੀ ਧਿਰ ਦੇ ਕਿਸੇ ਵੀ ਆਗੂ ਦੇ ਇਰਾਦੇ ’ਤੇ ਕਦੇ ਸਵਾਲ ਨਹੀਂ ਉਠਾਇਆ, ਅਸੀਂ ਸਿਰਫ ਨੀਤੀਆਂ ਦੇ ਆਧਾਰ ’ਤੇ ਬਹਿਸ ਕੀਤੀ ਹੈ। ਸਿਆਸਤ ਸਚਾਈ ’ਤੇ ਆਧਾਰਤ ਹੋਣੀ ਚਾਹੀਦੀ ਹੈ। ਲੰਬੇ ਸਮੇਂ ਤੱਕ ਝੂਠ ਦੇ ਆਧਾਰ ’ਤੇ ਸਿਆਸਤ ਨਹੀਂ ਕੀਤੀ ਜਾ ਸਕਦੀ ਹੈ।’’ ਉਨ੍ਹਾਂ ਕਿਹਾ, ‘‘ਸਮਾਜ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਦੀ ਪ੍ਰਕਿਰਿਆ ਨੂੰ ‘ਰਾਜਨੀਤੀ’ ਕਿਹਾ ਜਾਂਦਾ ਹੈ। ਹਮੇਸ਼ਾ ਕਿਸੇ ਦੇ ਇਰਾਦੇ ’ਤੇ ਸ਼ੱਕ ਕਰਨ ਦਾ ਕਾਰਨ ਮੇਰੀ ਸਮਝ ’ਚ ਨਹੀਂ ਆਉਂਦਾ।’’

ਜੀਐੱਸਟੀ (ਵਸਤਾਂ ਤੇ ਸੇਵਾ ਕਰ), ਉਤਪਾਦਨ ਆਧਾਰਤ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਅਤੇ ਖੇਤੀ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਸਰਕਾਰ ਖ਼ਿਲਾਫ਼ ਸਖ਼ਤ ਵਿਰੋਧ ਦਾ ਹਵਾਲਾ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਸਿਰਫ ਵਿਰੋਧ ਲਈ ਕਿਸੇ ਵੀ ਫ਼ੈਸਲੇ ਜਾਂ ਯੋਜਨਾ ਦਾ ਵਿਰੋਧ ਕਰਨ ਦਾ ਰੁਝਾਨ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਇਹ ਇਕ ਤੰਦਰੁਸਤ ਲੋਕਤੰਤਰ ਲਈ ਚੰਗਾ ਸੁਨੇਹਾ ਨਹੀਂ ਹੈ। ਰੱਖਿਆ ਮੰਤਰੀ ਨੇ ਕਿਹਾ, ‘‘ਜਦੋਂ ਮੈਂ ਕਹਿ ਰਿਹਾ ਹਾਂ ਕਿ ਅਸੀਂ ਮਹਾਸ਼ਕਤੀ ਬਣਨ ਦੀ ਇੱਛਾ ਰੱਖਦੇ ਹਾਂ ਤਾਂ ਇਹ ਕਦੇ ਨਾ ਸਮਝਿਆ ਜਾਵੇ ਕਿ ਅਸੀਂ ਦੇਸ਼ਾਂ ’ਤੇ ਹਾਵੀ ਹੋਣਾ ਚਾਹੁੰਦੇ ਹਾਂ। ਸਾਡਾ ਇਰਾਦਾ ਕਿਸੇ ਦੇਸ਼ ਦੀ ਇਕ ਇੰਚ ਜ਼ਮੀਨ ’ਤੇ ਕਬਜ਼ਾ ਕਰਨ ਦਾ ਨਹੀਂ ਹੈ। ਜੇਕਰ ਅਸੀਂ ਮਹਾਸ਼ਕਤੀ ਬਣਨਾ ਚਾਹੁੰਦੇ ਹਾਂ ਤਾਂ ਵਿਸ਼ਵ ਦੀ ਭਲਾਈ ਤੇ ਖੁਸ਼ਹਾਲੀ ਲਈ ਬਣਨਾ ਚਾਹੁੰਦੇ ਹਾਂ। ਵਿਸ਼ਵ ਸਾਡਾ ਪਰਿਵਾਰ ਹੈ।’’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਦੋਂ ਹੋਵੇਗੀ ‘ਚੀਨ ਉਤੇ ਚਰਚਾ’: ਕਾਂਗਰਸ
Next article‘ਆਪ’ ਦੀ ਅੱਜ ਕੌਮੀ ਕੌਂਸਲ ਬੈਠਕ ’ਚ ਪਾਰਟੀ ਦੇ ਵਿਸਥਾਰ ਤੇ ਅਗਾਮੀ ਚੋਣਾਂ ਬਾਰੇ ਰਣਨੀਤੀ ’ਤੇ ਕੀਤੀ ਜਾਵੇਗੀ ਚਰਚਾ