ਨਵੀਂ ਦਿੱਲੀ– ਵਿਰੋਧੀ ਪਾਰਟੀਆਂ ਨੇ ਅੱਜ ਦਿੱਲੀ ਹਿੰਸਾ ਦੇ ਮਾਮਲੇ ’ਤੇ ਸਰਕਾਰ ਅਤੇ ਪੁਲੀਸ ਨੂੰ ਘੇਰਦਿਆਂ ਚਿਤਾਵਨੀ ਦਿੱਤੀ ਹੈ ਕਿ ‘ਫਿਰਕੂ ਵਾਇਰਸ’ ਫੈਲਣ ਨਾਲ ਲੋਕਤੰਤਰ ਨੂੰ ਖ਼ਤਰਾ ਖੜ੍ਹਾ ਹੋ ਜਾਵੇਗਾ।
ਅੱਜ ਰਾਜ ਸਭਾ ਵਿੱਚ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਅਮਨ-ਕਾਨੂੰਨ ਦੀ ਵਿਗੜੀ ਸਥਿਤੀ ਬਾਰੇ ਹੋਈ ਬਹਿਸ ਵਿੱਚ ਹਿੱਸਾ ਲੈਂਦਿਆਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਕਿਹਾ ਕਿ ਭਾਜਪਾ ਵੱਲੋਂ ਛੱਡਿਆ ‘ਫਿਰਕੂ ਵਾਇਰਸ’ ਕਰੋਨਾਵਾਇਰਸ ਤੋਂ ‘ਘੱਟ ਖ਼ਤਰਨਾਕ ਨਹੀਂ’। ਕਾਂਗਰਸ ਆਗੂ ਕਪਿਲ ਸਿੱਬਲ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਜੇਕਰ ਇਹ ‘ਵਾਇਰਸ’ ਨੌਜਵਾਨਾਂ ਵਿੱਚ ਫੈਲ ਗਿਆ ਤਾਂ ਲੋਕਤੰਤਰ ਤਬਾਹ ਹੋ ਜਾਵੇਗਾ। ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਤਿੱਖੇ ਹਮਲੇ ਕੀਤੇ ਅਤੇ ਦੋਸ਼ ਲਾਇਆ ਕਿ ਜਦੋਂ ਕੌਮੀ ਰਾਜਧਾਨੀ ਵਿਚ ਦੰਗੇ ਸਿਖਰ ’ਤੇ ਸਨ ਤਾਂ ਉਸ ਵੇਲੇ ਉਹ (ਮੋਦੀ) ਅਤੇ ਸ਼ਾਹ ਭਾਰਤ ਦੌਰ ’ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ‘ਮਨੋਰਜੰਨ’ ਕਰਨ ਵਿੱਚ ਮਸਰੂਫ਼ ਸਨ। ਉਨ੍ਹਾਂ ਗ੍ਰਹਿ ਮੰਤਰੀ ਨੂੰ ਉਨ੍ਹਾਂ ਆਗੂਆਂ ਖ਼ਿਲਾਫ਼ ਕਾਰਵਾਈ ਨਾ ਕਰਨ ’ਤੇ ਵੀ ਸਵਾਲ ਕੀਤਾ, ਜਿਨ੍ਹਾਂ ਨੇ ਉੱਤਰ-ਪੂਰਬੀ ਦਿੱਲੀ ਵਿੱਚ ਦੰਗੇ ਭੜਕਾਉਣ ਲਈ ਜਨਤਕ ਤੌਰ ’ਤੇ ਨਫ਼ਰਤੀ ਭਾਸ਼ਣ ਦਿੱਤੇ ਸਨ। ਦੰਗਿਆਂ ਨੂੰ ਰੋਕਣ ਵਿੱਚ ਕਾਰਵਾਈ ਕਰਨ ਵਿੱਚ ਹੋਈ ਦੇਰੀ ਦੀ ਨਿੰਦਾ ਕਰਦਿਆਂ ਅਤੇ ਖ਼ੁਫ਼ੀਆਤੰਤਰ ’ਤੇ ਨਾਕਾਮੀ ਦੇ ਦੋਸ਼ ਲਾਉਂਦਿਆਂ ਕਈ ਵਿਰੋਧੀ ਮੈਂਬਰਾਂ ਨੇ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਇਸ ਬਹਿਸ ਦੌਰਾਨ ਭਾਜਪਾ ਦੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਹਰ ਗੱਲ ਲਈ ਦਿੱਲੀ ਪੁਲੀਸ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ। ਉਨ੍ਹਾਂ ਕਿਹਾ, ‘‘ਦਿੱਲੀ ਪੁਲੀਸ ਦੀ ਹਾਲਤ ਇਰਾਕ ਵਰਗੀ ਹੈ। ਉਨ੍ਹਾਂ ’ਤੇ ਵਾਪਰ ਰਹੀਆਂ ਸਾਰੀਆਂ ਮੰਦੀਆਂ ਘਟਨਾਵਾਂ ਲਈ ਹਮਲੇ ਹੋ ਰਹੇ ਹਨ।’’ ਇਸ ਬਹਿਸ ਵਿੱਚ ਟੀਐੱਮਸੀ ਦੇ ਆਗੂ ਡੈਰੇਕ ਓ’ਬਰਾਇਨ, ਏਆਈਏਡੀਐੱਮਕੇ ਮੈਂਬਰ ਐੱਸ.ਆਰ. ਬਾਲਾਸੁਬਰਾਮਨੀਅਮ, ਸ਼੍ਰੋਮਣੀ ਅਕਾਲੀ ਦਲ ਦੇ ਨਰੇਸ਼ ਗੁਜਰਾਲ, ਸੀਪੀਆਈ (ਐੱਮ) ਦੇ ਇਲਾਮਰਮ ਕਰੀਮ, ਡੀਐੱਮਕੇ ਆਗੂ ਤਿਰੁਚੀ ਸਿਵਾ, ਟੀਆਰਸੀ ਆਗੂ ਬੰਦਾ ਪ੍ਰਕਾਸ਼ ਅਤੇ ਬੀਜੇਡੀ ਦੇ ਪ੍ਰਸੰਨਾ ਆਚਾਰੀਆ ਨੇ ਹਿੱਸਾ ਲਿਆ। ਸੰਵਿਧਾਨ ਵਿੱਚ ਗਊ ਰੱਖਿਆ ਸਬੰਧੀ ਪ੍ਰਬੰਧਾਂ ਵੱਲ ਇਸ਼ਾਰਾ ਕਰਦਿਆਂ ਕਪਿਲ ਸਿੱਬਲ ਨੇ ਕਿਹਾ, ‘‘ਤੁਸੀਂ ਗਊ ਰੱਖਿਆ ਲਈ ਕੁਝ ਵੀ ਕਰ ਸਕਦੇ ਹੋ, ਪਰ ਮਨੁੱਖਾਂ ਦੀ ਰੱਖਿਆ ਲਈ ਨਹੀਂ? ਕੀ ਸਾਨੂੰ ਮਨੁੱਖਾਂ ਦੀ ਰੱਖਿਆ ਯਕੀਨੀ ਬਣਾਉਣ ਲਈ ਵੀ ਨਵਾਂ ਆਰਟੀਕਲ ਲਿਆਉਣ ਦੀ ਲੋੜ ਹੈ?
HOME ਭਾਜਪਾ ਦਾ ‘ਫਿਰਕੂ ਵਾਇਰਸ’ ਕਰੋਨਾਵਾਇਰਸ ਤੋਂ ਘੱਟ ਖ਼ਤਰਨਾਕ ਨਹੀਂ: ਸਿੱਬਲ