ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

(ਸਮਾਜ ਵੀਕਲੀ)

ਤੇਗ ਬਹਾਦਰ ਪਿਤਾ ਤੇ ਮਾਤਾ ਗੁਜਰੀ ਜੀ ਦੇ ਜਾਏ।
ਪਟਨਾ ਸ਼ਹਿਰ ਬਿਹਾਰ ਸੂਬੇ ਵਿੱਚ ਜਨਮੇ ਗੋਬਿੰਦ ਰਾਏ।
ਪਾਣੀ ਤੇ ਦੁੱਧ ਵਾਲ਼ੇ ਕੁੱਜਿਆਂ ਦੇ ਨਾਲ਼ ਕਰਕੇ ਪਰਖ,
ਭੀਖਣ ਸ਼ਾਹ ਨੇ ਬੁੱਝਿਆ ‘ਧਰਮ ਹੇਤ ਗੁਰਦੇਵ ਪਠਾਏ’।

ਕਿਸ਼ੋਰ ਅਵਸਥਾ ਨੌ ਕੁ ਸਾਲ ਦੀ ਉਮਰ ਦਾ ਸੀਗਾ ਪੜਾਅ।
ਕਸ਼ਮੀਰੀ ਪੰਡਤ ਬਣ ਫਰਿਆਦੀ ਪਿਤਾ ਕੋਲ਼ ਗਏ ਆ।
ਕਹਿੰਦੇ ਕਰਕੇ ਜੁਲਮ ਔਰੰਗਾ ਬਦਲੇ ਦੇ ਵਿੱਚ ਮੰਗਦੈ,
ਸੀਸ ਕਿਸੇ ਵੱਡੇ ਆਗੂ ਦਾ ਕਰੋ ਜੀ ਕੋਈ ਉਪਾਅ।

ਚਰਚਾ ਦੇ ਵਿੱਚ ਬਾਲ ਗੋਬਿੰਦ ਨੇ ਦਿੱਤਾ ਆਪ ਸੁਝਾਅ।
ਪਿਤਾ ਜੀ ਥੋਤੋਂ ਵੱਡਾ ਆਗੂ ਨਜ਼ਰ ਰਿਹਾ ਨਾ ਆ।
ਤਿਲਕ ਜੰਝੂ ਦੀ ਰਾਖੀ ਖਾਤਰ ਆਪ ਤੋਰਿਆ ਹੱਥੀਂ,
ਪਾਤਸ਼ਾਹੀ ਦੇ ਨਾਲ਼ ਹੀ ਦਿੱਤੇ ‘ਹਿੰਦ ਦੀ ਚਾਦਰ’ ਬਣਾ।

ਮਾਖੋਵਾਲ਼ ਜਾਂ ਚੱਕ ਨਾਨਕੀ ਪਿੰਡ ‘ਤੇ ਦੇ ਕੇ ਧਿਆਨ।
ਪਰਬਤ, ਨਹਿਰਾਂ, ਚਸ਼ਮੇ, ਦਰਿਆ, ਜੰਗਲ਼ ਬੀਆਬਾਨ।
ਅਨੰਦ ਅਨੰਦ ਹੀ ਤੱਕ ਸਭ ਪਾਸੇ ਨਾਮ ਅਨੰਦਪੁਰੀ ਰੱਖ ਕੇ,
ਅਸ਼ਤਰ ਤੇ ਸ਼ਸ਼ਤਰ ਵਿੱਦਿਆ ਦਾ ਕੀਤਾ ਖੂਬ ਉਥਾਨ।

ਅਨੰਦਗੜ੍ਹ, ਤਾਰਾਗੜ੍ਹ, ਫਤਿਹਗੜ੍ਹ, ਹੋਲਗੜ੍ਹ, ਲੋਹਗੜ੍ਹ ਕਿਲੇ ਉਸਾਰੇ।
ਕੀਤੀ ਪੱਕੀ ਸੁਰੱਖਿਆ ਕੇਂਦਰੀ ਅਤੇ ਦਿਸ਼ਾਵਾਂ ਚਾਰੇ।
ਜੋੜੇ, ਘੌੜੇ, ਕਲਗੀ ਦੇ ਨਾਲ਼ ਬਾਜ ਸਾਜਿਆ ਮੋਢੇ,
ਆਮ ਬੰਦੇ ਦੀ ਹੋਂਦ ਦੱਸਣ ਨੂੰ ਲਾਈ ਚੋਟ ਨਗਾਰੇ।

ਸੋਲਾਂ ਸੌ ਨੜਿਨਵੇਂ ਆਇਆ ਵਿਸਾਖੀ ਵਾਲ਼ਾ ਤਿਉਹਾਰ।
ਸਾਜੇ ਪੰਜ ਪਿਆਰੇ ਕਰਕੇ ਪਹੁਲ ਖੰਡੇ ਦੀ ਤਿਆਰ।
ਹਿੰਮਤ, ਧਰਮ, ਦਇਆ, ਮੋਹਕਮ ਤੇ ਸਾਹਿਬ ਸਿੰਘ ਦੇ ਹੱਥੋਂ,
ਸਜੇ ਆਪ ਵੀ ਸਿੰਘ ਤੇ ਕਰ ‘ਤੇ ਗੁਰ ਚੇਲੇ ਇਕਸਾਰ।

ਸਿਖਲਾਈਆਂ ਨਾਲ਼ ਜਿਉਂ ਚਿੜੀਆਂ ਵਿੱਚ ਰੂਹ ਬਾਜਾਂ ਦੀ ਭਰਕੇ।
ਮੁੜੇ ਜੰਗਾਂ ਤੋਂ ਜੂਝ ਜੂਝ ਕੇ ਜੋਰ ਨਾਲ਼ ਫਤਿਹ ਕਰਕੇ,
ਕਰਦੇ ਰਹੇ ਸਮਰਪਿਤ ਪੁੱਤਰਾਂ ਦਿਆਂ ਜਨਮਾ ਦੇ ਵੇਲੇ,
ਅਜੀਤ, ਜੁਝਾਰ, ਜੋਰਾਵਰ ਨਾਲ਼ੇ ਫਤਿਹ ਸਿੰਘ ਨਾਂ ਧਰਕੇ।

ਲੱਗਦੇ ਤੱਕ ਦਰਬਾਰ, ਲੰਗਰ ਤੇ ਸਜਦੇ ਵੇਖ ਦੀਵਾਨ।
ਘੋੜ-ਸਵਾਰੀਆਂ, ਕਵੀ, ਕਵੀਸ਼ਰ, ਭੱਟ ਅਤੇ ਭਲਵਾਨ।
ਈਰਖਾ ਵੱਸ ਗਵਾਂਢੀ ਰਾਜਿਆਂ ਰਲ਼ਮਿਲ ਮਤੇ ਪਕਾਏ।
ਹਾਕਮਾਂ ਦੇ ਕੰਨ ਭਰ ‘ਤੇ ਚੁਗਲਾਂ ਬੋਲ ਕੇ ਝੂਠ ਤੂਫ਼ਾਨ।

ਬਾਈ ਧਾਰ ਦੇ ਰਾਜਿਆਂ ਦੇ ਨਾਲ਼ ਮੁਗਲ ਹਕੂਮਤ ਵੱਖ।
ਸੈਕੜਿਆਂ ਨੂੰ ਘੇਰਨ ਆ ਗਈ ਫੌਜ ਕਹਿੰਦੇ ਦਸ ਲੱਖ।
ਸਹੁੰਆ ਆਟੇ ਦੀਆਂ ਗਾਵਾਂ ਤੇ ਕੁਰਾਨ ਸ਼ਰੀਫ ਦੀਆਂ ਸੁਣ ਕੇ,
ਦਿੱਤਾ ਛੱਡ ਅਨੰਦਪੁਰੀ ਨੂੰ ਸੋਚ ਕੇ ਸਾਰੇ ਪੱਖ।

ਸਰਸਾ ਦੇ ਹੜ੍ਹ ਕਾਰਨ ਆਖਿਰ ਵਿਛੜ ਗਿਆ ਪਰਿਵਾਰ।
ਚਮਕੌਰ ਵਿਖੇ ਪਾ ਗਏ ਸ਼ਹੀਦੀ ਸਿੰਘ ਅਜੀਤ, ਜੁਝਾਰ।
ਮਾਂ ਗੁਜਰੀ ਨਾਲ਼ ਵਿੱਚ ਸਰਹਿੰਦ ਦੇ ਜੋਰਾਵਰ, ਫਤਿਹ ਸਿੰਘ,
ਤੋਰ ਸਾਰਿਆਂ ਨੂੰ ਬੋਲੇ ਸਤਿਗੁਰੂ ‘ਜੀਵਤ ਕਈ ਹਜ਼ਾਰ’।

ਕੂਟਨੀਤੀ ਨਾਲ਼ ਗੜ੍ਹੀ ਚੋਂ ਨਿਕਲ਼ੇ ਪਹੁੰਚੇ ਮਾਛੀਵਾੜੇ।
ਮਗਰ ਵਿਰੋਧੀ ਫੋਜ ਤੇ ਸੂਹੀਏ ਫਿਰਨ ਮਾਰਦੇ ਧਾੜੇ।
ਜੰਗਲ਼, ਝਾੜਾਂ, ਬੀੜਾਂ ਗਾਹ ਕੇ ਕੀਤੀ ਪਹੁੰਚ ਮੁਕਤਸਰ,
ਟੁੱਟੀਆਂ ਜਿੱਥੇ ਗੰਢਣ ਖਾਤਰ ਬੇਦਾਵੇ ਸੀ ਫਾੜੇ।

ਦੀਨੇ ਪਿੰਡ ਵਿੱਚ ਆਪਣੇ ਆਪ ਨਾਲ਼ ਕਰਕੇ ਸੋਚ ਵਿਚਾਰ।
ਜ਼ਫ਼ਰਨਾਮਾ ਸੀ ਲਿਖਿਆ ਕਰਕੇ ਕਲਮ ਦੀ ਤਿੱਖੀ ਧਾਰ।
ਔਰੰਗਜ਼ੇਬ ਦੀ ਰੂਹ ਤੜਫਾ ‘ਤੀ ਤੀਰਾਂ ਵਰਗਿਆਂ ਸ਼ਬਦਾਂ,
ਦਰਜ ਹੈ ਵਿੱਚ ਇਤਿਹਾਸ ਕਿ ਦਿੱਤਾ ਜਿਉਂਦੇ ਜੀਅ ਸੀ ਮਾਰ।

ਸਿਰੜ, ਸਿਦਕ ਤੇ ਹੌਂਸਲਾ ਫਿਰ ਸੀ ਪੁੱਜਿਆ ਦੱਖਣ ਦੇਸ।
ਮਿਲਿਆ ਮਾਧੋ ਦਾਸ ਸੀ ਜਿੱਥੇ ਵਿੱਚ ਵੈਰਾਗੀ ਭੇਸ।
ਸਾਂਝੀ ਕਰਕੇ ਵਿੱਥਿਆ ਸਾਰੀ ਦੇ ਕੇ ਬਣਦੀ ਸਿੱਖਿਆ,
ਸਿੰਘ ਸਜਾ ਕੇ ਘੱਲਿਆ ਬਣਾ ਕੇ ਬੰਦਾ ਬਹਾਦਰ ਵੇਸ।

ਗੁਰੂ ਕੇ ਬੰਦੇ ਨੇ ਫਿਰ ਵਾਹਕ ਮਾਲਕ ਦਿੱਤੇ ਬਣਾ।
ਢਹਿੰਦੀ ਕਲਾ ‘ਤੇ ਚੜ੍ਹਦੀ ਵਾਲ਼ੀ ਦਿੱਤੀ ਪਾਣ ਚੜ੍ਹਾਅ।
ਸਰਹਿੰਦ ਸੰਢੋਰੇ ਬਨੂੰੜ ਸਮਾਣੇ ਵਿੱਚੋਂ ਲੱਭ ਲੱਭ ਵੈਰੀ,
ਦੇ ਕੇ ਸਖ਼ਤ ਸਜਾਵਾਂ ਦਿੱਤੀ ਇੱਟ ਨਾਲ਼ ਇੱਟ ਖੜਕਾਅ।

ਇੱਧਰ ਬੇਸ਼ੱਕ ਥਾਂ ਥਾਂ ਝੰਡੇ ਖਾਲਸਾਈ ਲਹਿਰਾਏ।
ਉੱਧਰ ਕੁਦਰਤ ਦੇ ਨਿਯਮ ਪਰ ਆਪਣੇ ਰੰਗ ਵਿਖਾਏ।
ਗੁਰੂ ਮਾਨਿਓ ਹੁਕਮ ਸੁਣਾ ਕੇ ਸ਼ਬਦ ਗੁਰੂ ਲੜ ਲਾ ਕੇ,
ਨਾਂਦੇੜ ਵਿਖੇ ਸਨ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ।

ਕਲਗੀਧਰ, ਆਪੇ ਗੁਰ ਚੇਲਾ ਜਾਂ ਫਿਰ ਸੰਤ ਸਿਪਾਹੀ।
ਸਰਬੰਸਦਾਨੀ, ਬਾਜਾਂ ਵਾਲ਼ੇ ਜਾਂ ਦਸਵੀਂ ਪਾਤਸ਼ਾਹੀ।
ਪਿੰਡ ਘੜਾਮੇਂ ਰੋਮੀਆਂ ਦੇ ਲੈ ਜਿਹੜਾ ਮਰਜੀ ਨਾਮ,
ਇਤਿਹਾਸ ਵਿੱਚ ਮੁੜ ਫਿਰ ਨਹੀਂ ਆਉਣਾ ਐਸਾ ਸ਼ਖਸ ਇਲਾਹੀ।

ਇਤਿਹਾਸ ਵਿੱਚ ਮੁੜ ਫਿਰ ਨਹੀਂ ਆਉਣਾ ਐਸਾ ਸ਼ਖਸ ਇਲਾਹੀ।

ਰੋਮੀ ਘੜਾਮੇਂ ਵਾਲ਼ਾ
98552-81105

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਠੰਡਾ ਬੁਰਜ
Next article” ਬੈਲਾਂ ਦੀਆਂ ਜੋਡ਼ੀਆਂ , ਰਹਿ ਗਈਆਂ ਥੋੜ੍ਹੀਆਂ “