ਬੰਗਾਲ ਦੇ ਤਜਰਬੇਕਾਰ ਬੱਲੇਬਾਜ਼ਾਂ ਮਨੋਜ ਤਿਵਾੜੀ ਤੇ ਸੁਦੀਪ ਚਟਰਜੀ ਵੱਲੋਂ ਟੁੱਟਦੀ ਪਿੱਚ ’ਤੇ ਸੰਘਰਸ਼ਪੂਰਨ ਭਾਈਵਾਲੀ ਦੇ ਬਾਵਜੂਦ ਸੌਰਾਸ਼ਟਰ ਨੇ ਰਣਜੀ ਟਰਾਫ਼ੀ ਫਾਈਨਲ ਦੇ ਤੀਜੇ ਦਿਨ ਬੁੱਧਵਾਰ ਨੂੰ ਆਪਣਾ ਪਾਸਾ ਭਾਰੀ ਰੱਖਿਆ। ਚਟਰਜੀ (145 ਗੇਂਦਾਂ ’ਤੇ ਨਾਬਾਦ 47) ਤੇ ਤਿਵਾੜੀ (116 ਗੇਂਦਾਂ ’ਤੇ 35) ਨੇ ਚੇਤੇਸ਼ਵਰ ਪੁਜਾਰਾ ਤੋਂ ਪ੍ਰੇਰਨਾ ਲੈਂਦਿਆਂ ਬੱਲੇਬਾਜ਼ੀ ਕੀਤੀ ਤੇ 226 ਗੇਂਦਾਂ ਵਿੱਚ 89 ਦੌੜਾਂ ਦੀ ਭਾਈਵਾਲੀ ਕਰਕੇ ਬੰਗਾਲ ਨੂੰ ਦੋ ਵਿਕਟਾਂ ’ਤੇ 35 ਦੌੜਾਂ ਦੀ ਖ਼ਰਾਬ ਸ਼ੁਰੂਆਤ ਤੋਂ ਉਭਾਰਨ ਦਾ ਚੰਗਾ ਯਤਨ ਕੀਤਾ। ਇਸ ਪਿੱਚ ’ਤੇ ਪਹਿਲੇ ਦਿਨ ਤੋਂ ਗੇਂਦ ਕਾਫ਼ੀ ਹੇਠਾਂ ਰਹਿ ਰਹੀ ਹੈ ਤੇ ਅਜਿਹੇ ਵਿੱਚ ਬੰਗਾਲ ਲਈ ਸੌਰਾਸ਼ਟਰ ਵੱਲੋਂ ਪਹਿਲੀ ਪਾਰੀ ਵਿੱਚ ਬਣਾਏ 425 ਦੌੜਾਂ ਦੇ ਸਕੋਰ ਨੂੰ ਪਾਰ ਪਾਉਣਾ ਵੱਡੀ ਚੁਣੌਤੀ ਹੈ।
ਬੰਗਾਲ ਨੇ ਅੱਜ ਤੀਜੇ ਦਿਨ ਖੇਡ ਸਮਾਪਤੀ ਮੌਕੇ 65 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 134 ਦੌੜਾਂ ਬਣਾ ਲਈਆਂ ਹਨ ਤੇ ਉਹ ਸੌਰਾਸ਼ਟਰ ਤੋਂ ਅਜੇ ਵੀ 291 ਦੌੜਾਂ ਪਿੱਛੇ ਹੈ। ਚਟਰਜੀ ਨਾਲ ਰਿਧੀਮਾਨ ਸਾਹਾ (43 ਗੇਂਦਾਂ ’ਤੇ ਚਾਰ ਦੌੜਾਂ) ਖੇਡ ਰਿਹਾ ਹੈ। ਇਸ ਤੋਂ ਪਹਿਲਾਂ ਸੌਰਾਸ਼ਟਰ ਨੇ ਅੱਜ ਸਵੇਰੇ ਅੱਠ ਵਿਕਟਾਂ ’ਤੇ 384 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਸਵੇਰ ਦੇ ਸੈਸ਼ਨ ਵਿੱਚ ਇਕ ਘੰਟੇ ਦਸ ਮਿੰਟ ਤਕ ਬੱਲੇਬਾਜ਼ੀ ਕੀਤੀ। ਇਸ ਦੌਰਾਨ ਟੀਮ ਨੇ 41 ਦੌੜਾਂ ਜੋੜੀਆਂ। ਜੈਦੇਵ ਉਨਾਦਕਟ (20) ਤੇ ਧਰਮਿੰਦਰ ਸਿੰਘ ਜਡੇਜਾ (ਨਾਬਾਦ 33) ਨੇ ਆਖਰੀ ਵਿਕਟ ਲਈ 38 ਅਹਿਮ ਦੌੜਾਂ ਜੋੜੀਆਂ। ਪੁਜਾਰਾ ਤੇ ਅਰਪਿਤ ਬਾਸਵਦਾ ਨੇ ਦੂਜੇ ਦਿਨ ਪੰਜ ਘੰਟੇ ਤਕ ਬੱਲੇਬਾਜ਼ੀ ਕਰਕੇ ਸੌਰਾਸ਼ਟਰ ਨੂੰ ਚੰਗੀ ਸਥਿਤੀ ਵਿੱਚ ਪਹੁੰਚਾਇਆ ਸੀ। ਬੰਗਾਲ ਨੂੰ ਮੈਚ ਵਿੱਚ ਬਣੇ ਰਹਿਣ ਲਈ ਕੁਝ ਖਾਸ ਕਰਨਾ ਹੋਵੇਗਾ। ਸੌਰਾਸ਼ਟਰ ਦੀ ਨਜ਼ਰ ਜਿੱਥੇ ਪਲੇਠੇ ਰਣਜੀ ਖ਼ਿਤਾਬ ’ਤੇ ਟਿਕੀ ਹੋਈ ਹੈ, ਉਥੇ ਬੰਗਾਲ ਨੇ 1989-90 ਤੋਂ ਟਰਾਫ਼ੀ ਨਹੀਂ ਜਿੱਤੀ। ਸੌਰਾਸ਼ਟਰ ਦੇ ਗੇਂਦਬਾਜ਼ ਚੌਥੇ ਦਿਨ ਵੀ ਪਿੱਚ ਤੋਂ ਲਾਹਾ ਲੈਣ ਦੀ ਕੋਸ਼ਿਸ਼ ਕਰਨਗੇ। ਤਿਵਾੜੀ ਦੇ ਆਊਟ ਹੋਣ ਤੋਂ ਪਤਾ ਲਗਦਾ ਹੈ ਕਿ ਇਸ ਅਸਮਾਨ ਉਛਾਲ ਵਾਲੀ ਪਿੱਚ ’ਤੇ ਬੱਲੇਬਾਜ਼ੀ ਕਰਨਾ ਕਿੰਨਾ ਮੁਸ਼ਕਲ ਹੈ। ਚਿਰਾਗ ਜਾਨੀ ਨੇ ਆਪਣੀ ਨੀਵੀਂ ਰਹਿੰਦੀ ਗੇਂਦ ’ਤੇ ਤਿਵਾੜੀ ਨੂੰ ਲੱਤ ਅੜਿੱਕਾ ਆਊਟ ਕੀਤਾ।
ਬੰਗਾਲ ਲਈ ਅੱਜ ਦਿਨ ਦਾ ਦੂਜਾ ਸੈਸ਼ਨ ਚੰਗਾ ਰਿਹਾ। ਟੀਮ ਨੇ ਸੈਸ਼ਨ ਦੌਰਾਨ ਬਿਨਾਂ ਕੋਈ ਹੋਰ ਵਿਕਟ ਗੁਆਇਆਂ 59 ਦੌੜਾਂ ਜੋੜੀਆਂ। ਬੰਗਾਲ ਨੇ ਦੋਵੇਂ ਸਲਾਮੀ ਬੱਲੇਬਾਜ਼ਾਂ ਸੁਦੀਪ ਕੁਮਾਰ ਘਰਾਮੀ (26) ਤੇ ਕਪਤਾਨ ਅਭਿਮੰਨਿਊ ਮਿਥੁਨ (9) ਦੇ ਵਿਕਟ ਪਹਿਲੇ ਹੀ ਸੈਸ਼ਨ ਵਿੱਚ ਗੁਆ ਲਏ ਸਨ। ਇਸ ਤੋਂ ਪਹਿਲਾਂ ਬੰਗਾਲ ਦੇ ਤੇਜ਼ ਗੇਂਦਬਾਜ਼ ਆਕਾਸ਼ਦੀਪ ਨੇ ਜਾਨੀ ਨੂੰ ਆਊਟ ਕਰਕੇ ਆਪਣਾ ਚੌਥਾ ਵਿਕਟ ਲਿਆ, ਪਰ ਆਖਰੀ ਵਿਕਟ ਦੀ ਭਾਈਵਾਲੀ ਸਦਕਾ ਸੌਰਾਸ਼ਟਰ 400 ਦੌੜਾਂ ਦੇ ਅੰਕੜੇ ਨੂੰ ਪਾਰ ਕਰਨ ਵਿੱਚ ਸਫ਼ਲ ਰਿਹਾ।
Sports ਰਣਜੀ ਟਰਾਫ਼ੀ: ਬੰਗਾਲ ਦੀ ਵਾਪਸੀ, ਪਰ ਸੌਰਾਸ਼ਟਰ ਦਾ ਹੱਥ ਅਜੇ ਵੀ ਉਪਰ