ਸ਼ਾਮਚੁਰਾਸੀ, (ਚੁੰਬਰ) – ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਲੋਕੋਮਾ (ਕਾਲਾ ਮੋਤੀਆ) ਪੰਦਰਵਾੜ੍ਹਾ 8 ਮਾਰਚ ਤੋਂ 11 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਜਿਸ ਦੌਰਾਨ ਕਾਲੇ ਮੋਤੀਏ ਨਾਲ ਗ੍ਰਸਤ ਮਰੀਜ਼ਾਂ ਦਾ ਮੁਫ਼ਤ ਚੈਕ ਅੱਪ ਕੀਤਾ ਜਾ ਰਿਹਾ ਹੈ।
ਇਸੇ ਤਹਿਤ ਬਲਾਕ ਚੱਕੋਵਾਲ ਵਿਖੇ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਜੀ ਦੀ ਅਗਵਾਈ ਹੇਠ ਪੂਰਾ ਹਫ਼ਤਾ ਚੈਕਅਪ ਕੈਂਪ ਲਗਾਇਆ ਗਿਆ ਹੈ। ਬਲਾਕ ਚੱਕੋਵਾਲ ਵਿਖੇ ਇਸ ਹਫ਼ਤੇ ਦੌਰਾਨ ਸ਼੍ਰੀ ਸ਼ਾਮ ਸੁੰਦਰ ਅਪਥੈਲਮਿਕ ਅਫ਼ਸਰ ਵੱਲੋਂ ਅੱਖਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਕਾਲੇ ਮੋਤੀਏ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਸ਼ਾਮ ਸੁੰਦਰ ਨੇ ਦੱਸਿਆ ਕਿ ਗਲੋਕੋਮਾ ਭਾਰਤ ਵਿੱਚ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿਚੋਂ ਇੱਕ ਅਹਿਮ ਕਾਰਨ ਹੈ। ਭਾਰਤ ਵਿੱਚ ਕੁੱਲ ਨੇਤਰਹੀਣਾਂ ਵਿੱਚੋਂ 12 ਫੀਸਦੀ ਲੋਕ ਕਾਲੇ ਮੋਤੀਏ ਕਾਰਣ ਅਨ੍ਹੇਪਨ ਦੇ ਸ਼ਿਕਾਰ ਹਨ। ਅਸਾਧਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ ਵਾਰ ਬਦਲਣਾ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਅਤੇ ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੋਣਾ ਆਦਿ ਲੱਛਣ ਗਲੋਕੋਮਾਂ ਦੇ ਹਨ। ਉਹਨਾਂ ਕਿਹਾ ਕਿ ਅਜਿਹੇ ਕਿਸੇ ਵੀ ਲੱਛਣ ਦੇ ਪ੍ਰਗਟ ਹੋਣ ਤਾਂ ਉਹ ਆਪਣੀਆਂ ਅੱਖਾਂ ਦਾ ਦਬਾਅ ਜਾਂ ਪ੍ਰੈਸ਼ਰ ਜਰੂਰ ਚੈਕ ਕਰਵਾਉਣ ਤਾਂ ਕਿ ਸਮੇਂ ਸਿਰ ਉਹਨਾਂ ਦੇ ਮੋਤੀਏ ਬਾਰੇ ਪਤਾ ਚੱਲ ਸਕੇ ਅਤੇ ਇਲਾਜ਼ ਹੋ ਸਕੇ।
ਸ਼੍ਰੀ ਸ਼ਾਮ ਸੁੰਦਰ ਜੀ ਨੇ ਹੋਰ ਜਾਣਕਾਰੀ ਦਿੰਦੇ ਆਖਿਆ ਕਿ ਜੇਕਰ ਕਿਸੇ ਦਾ ਕੋਈ ਰਿਸ਼ਤੇਦਾਰ ਗਲੋਕੋਮਾ ਨਾਲ ਪੀੜ੍ਹਤ ਹੋਵੇ, ਜੇਕਰ ਕਿਸੇ ਨੂੰ ਡਾਇਬਟੀਜ਼, ਹਾਈਪਰਟੈਂਸ਼ਨ ਹੋਵੇ ਜਾਂ ਜੇਕਰ ਕੋਈ ਅਲਰਜੀ, ਦਮਾ, ਚਮੜੀ ਰੋਗਾਂ ਆਦਿ ਲਈ ਸਟੀਰਾੱਇਡ ਦੀ ਵਰਤੋਂ ਕਰਦਾ ਹੈ ਤਾਂ ਉਹ ਵਿਅਕਤੀ ਗਲੋਕੋਮਾ ਤੋਂ ਪ੍ਰਭਾਵਿਤ ਹੋ ਸਕਦਾ ਹੈ। ਗਲੋਕੋਮਾ (ਕਾਲੇ ਮੋਤੀਏ) ਦਾ ਇਲਾਜ਼ ਸਫ਼ਲ ਤਰੀਕੇ ਨਾਲ ਹੋ ਸਕਦਾ ਹੈ, ਜੇਕਰ ਸਮੇਂ ਸਿਰ ਇਸਦਾ ਪਤਾ ਚੱਲ ਜਾਵੇ। ਇਸ ਕਰਕੇ ਆਪਣੀਆਂ ਅੱਖਾਂ ਦੀ ਨਿਯਮਤ ਜਾਂਚ ਨੇੜੇ ਦੇ ਹਸਪਤਾਲ ਵਿੱਚ ਜਰੂਰ ਕਰਵਾਓ। ਕਾਲਾ ਮੋਤੀਆ ਹਫ਼ਤੇ ਦੀ ਦੌਰਾਨ ਲਗਾਏ ਗਏ ਇਸ ਜਾਰਗੂਕਤਾ ਕੈਂਪ ਵਿੱਚ ਦੰਦਾਂ ਦੇ ਮਾਹਿਰ ਡਾ. ਸੁਰਿੰਦਰ ਕੁਮਾਰ, ਡਾ. ਕਰਤਾਰ ਸਿੰਘ ਮੈਡੀਕਲ ਅਫ਼ਸਰ, ਡਾ. ਜਸਵੀਰ ਸਿੰਘ ਕਲਸੀ ਮੈਡੀਕਲ ਅਫ਼ਸਰ, ਬੀ.ਈ.ਈ. ਸ਼੍ਰੀਮਤੀ ਰਮਨਦੀਪ ਕੌਰ, ਅਪਥੈਲਮਿਕ ਅਫ਼ਸਰ ਸ਼੍ਰੀ ਸ਼ਾਮ ਸੁੰਦਰ ਤੋਂ ਇਲਾਵਾ ਨਿਵਾਸੀ ਸ਼ਾਮਿਲ ਹੋਏ।