ਕਰੋਨਾਵਾਇਰਸ ਕਾਰਨ ਹੋਲੀ ਦੇ ਤਿਉਹਾਰ ਮੌਕੇ ਲੋਕਾਂ ਦੇ ਦਿਲਾਂ ’ਚ ਸਹਿਮ ਦਾ ਮਾਹੌਲ ਹੈ। ਟਰਾਈਸਿਟੀ ਦੇ ਵਸਨੀਕ ਤਿਉਹਾਰ ਮਨਾਉਣ ਦੀ ਥਾਂ ਵਾਇਰਸ ਤੋਂ ਬਚਣ ਨੂੰ ਤਰਜੀਹ ਦੇ ਰਹੇ ਹਨ। ਇਸ ਕਾਰਨ ਬਾਜ਼ਾਰਾਂ ’ਚ ਰੌਣਕ ਘੱਟ ਗਈ ਹੈ ਅਤੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਝਲਕ ਰਹੀ ਹੈ। ਹੋਲੀ ਮੌਕੇ ਵਰਤੀ ਜਾਣ ਵਾਲੀਆਂ ਜ਼ਿਆਦਾਤਰ ਪਿਚਕਾਰੀਆਂ ਚੀਨ ਤੋਂ ਆਉਂਦੀਆਂ ਹਨ ਅਤੇ ਚੀਨ ’ਚ ਕਰੋਨਾਵਾਇਰਸ ਸਭ ਤੋਂ ਜ਼ਿਆਦਾ ਫੈਲਿਆ ਹੋਇਆ ਹੈ ਜਿਸ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਚੀਨੀ ਪਿਚਕਾਰੀਆਂ ਦਿਵਾਉਣ ਤੋਂ ਗੁਰੇਜ ਕਰ ਰਹੇ ਹਨ। ਇਸ ਤੋਂ ਇਲਾਵਾ ਹੋਲੀ ਵਾਲੇ ਦਿਨ ਆਪਸੀ ਮੇਲ-ਜੋਲ ਦੌਰਾਨ ਵਾਇਰਸ ਫ਼ੈਲਣ ਦਾ ਖਦਸ਼ਾ ਬਣਿਆ ਹੋਇਆ ਹੈ ਜਿਸ ਕਰਕੇ ਬੱਚੇ ਅਤੇ ਵੱਡੇ ਇਸ ਵਾਰ ਤਿਉਹਾਰ ਤੋਂ ਕਿਨਾਰਾ ਕਰ ਰਹੇ ਹਨ।