ਟਿੱਡੀ ਦਲ ਨਾਲ ਸਿੱਝਣ ਲਈ ਭਾਰਤ ਤੇ ਹੋਰ ਮੁਲਕਾਂ ਨਾਲ ਰਲ ਕੇ ਰਣਨੀਤੀ ਉਲੀਕੇਗਾ ਪਾਕਿ

ਟਿੱਡੀ ਦਲ ਦਾ ਖ਼ਾਤਮਾ ਕਰਨ ਲਈ ਪਾਕਿਸਤਾਨ, ਭਾਰਤ, ਇਰਾਨ ਤੇ ਅਫ਼ਗਾਨਿਸਤਾਨ, 11 ਮਾਰਚ ਨੂੰ ਰਲ ਕੇ ਰਣਨੀਤੀ ਉਲੀਕਣਗੇ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਰਾਹੀਂ ਸੋਮਵਾਰ ਨੂੰ ਮਿਲੀ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਟਿੱਡੀ ਦਲ ਨੇ ਫ਼ਸਲਾਂ ਤਬਾਹ ਕਰ ਕੇ ਕਿਸਾਨਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਖਿੱਤੇ ਵਿੱਚ ਬਰਸਾਤ ਦੌਰਾਨ ਟਿੱਡੀ ਦਲ ਦਾ ਹਮਲਾ ਵਧ ਜਾਂਦਾ ਹੈ। ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ ਇਸ ਨੇ ਜ਼ਿਆਦਾ ਮਾਰ ਕੀਤੀ ਹੈ। ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ, ਭਾਰਤ, ਇਰਾਨ ਤੇ ਅਫ਼ਗਾਨਿਸਤਾਨ ਦੇ ਖੇਤੀ-ਬਾੜੀ ਮੰਤਰੀ 11 ਮਾਰਚ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਟਿੱਡੀ ਦਲ ਦੇ ਹਮਲੇ ਨਾਲ ਨਜਿੱਠਣ ਲਈ ਰਣਨੀਤੀ ਤੈਅ ਕਰਨਗੇ। ਸੰਯੁਕਤ ਰਾਸ਼ਟਰ ਦੇ ਖ਼ੁਰਾਕ ਤੇ ਖੇਤੀ-ਬਾੜੀ ਸੰਗਠਨ ਦੇ ਪ੍ਰਤੀਨਿਧੀ ਵੀ ਅਬੂ ਧਾਬੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਣਗੇ। ਖ਼ੁਰਾਕ ਤੇ ਖੇਤੀ-ਬਾੜੀ ਸੰਗਠਨ ਦਾ ਕਹਿਣਾ ਹੈ ਕਿ ਆਲਮੀ ਪੱਧਰ ’ਤੇ ਟਿੱਡੀ ਦਲ ਦਾ ਹਮਲਾ ਕੋਈ ਨਵਾਂ ਨਹੀਂ ਹੈ ਸਗੋਂ ਪਿਛਲੇ ਕੁਝ ਦਹਾਕਿਆਂ ਤੋਂ ਇਸ ਨੇ ਦਹਿਸ਼ਤ ਫੈਲਾਈ ਹੋਈ ਹੈ।

Previous articleਬੇਰੁਜ਼ਗਾਰ ਅਧਿਆਪਕਾਂ ਵੱਲੋਂ ਪਟਿਆਲਾ-ਸੰਗਰੂਰ ਸੜਕ ਜਾਮ
Next articleਹੋਲੀ ਦੇ ਤਿਉਹਾਰ ’ਤੇ ਕਰੋਨਾਵਾਇਰਸ ਭਾਰੂ