ਰਾਜਕੋਟ– ਬੀਸੀਸੀਆਈ ਦੇ ਇੱਕ ਆਲ੍ਹਾ ਅਧਿਕਾਰੀ ਨੇ ਕਿਹਾ ਕਿ ਕੌਮੀ ਚੋਣ ਕਮੇਟੀ ਵਿੱਚ ਪ੍ਰਧਾਨ ਸਣੇ ਦੋ ਨਵੇਂ ਮੈਂਬਰਾਂ ਦੇ ਆਉਣ ਦੇ ਬਾਵਜੂਦ ਮਹਿੰਦਰ ਸਿੰਘ ਧੋਨੀ ਪ੍ਰਤੀ ਵਤੀਰੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਜੇਕਰ ਸਾਬਕਾ ਕਪਤਾਨ ਨੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਥਾਂ ਬਣਾਉਣੀ ਹੈ ਤਾਂ ਉਸ ਨੂੰ ਆਈਪੀਐੱਲ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਹੀ ਹੋਵੇਗਾ। ਸੁਨੀਲ ਜੋਸ਼ੀ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਦੀ ਐਤਵਾਰ ਨੂੰ ਅਹਿਮਦਾਬਾਦ ਵਿੱਚ ਹੋਈ ਪਹਿਲੀ ਮੀਟਿੰਗ ਵਿੱਚ ਭਾਰਤੀ ਟੀਮ ਦੀ ਚੋਣ ਕੀਤੀ ਗਈ, ਜੋ ਦੱਖਣੀ ਅਫਰੀਕਾ ਖ਼ਿਲਾਫ਼ 12 ਮਾਰਚ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ-ਰੋਜ਼ਾ ਲੜੀ ਖੇਡੇਗੀ। ਹਾਰਦਿਕ ਪਾਂਡਿਆ, ਭੁਵਨੇਸ਼ਵਰ ਕੁਮਾਰ ਅਤੇ ਸ਼ਿਖਰ ਧਵਨ ਨੇ ਟੀਮ ਵਿੱਚ ਵਾਪਸੀ ਕੀਤੀ ਹੈ। ਪਿਛਲੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਨੇ ਵੀ ਸਪੱਸ਼ਟ ਕਿਹਾ ਸੀ ਕਿ ਟੀਮ ’ਚ ਥਾਂ ਬਣਾਉਣ ਲਈ ਧੋਨੀ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਜੁਲਾਈ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਕੱਪ ਦੇ ਸੈਮੀਫਾਈਨਲ ਮਗਰੋਂ ਧੋਨੀ ਕ੍ਰਿਕਟ ਤੋਂ ਦੂਰ ਹੈ। ਉਹ 29 ਮਾਰਚ ਤੋਂ ਸ਼ੁਰੂ ਹੋ ਰਹੇ ਆਈਪੀਐੱਲ ਟੂਰਨਾਮੈਂਟ ਰਾਹੀਂ ਵਾਪਸੀ ਕਰੇਗਾ। ਬੋਰਡ ਦੇ ਇੱਕ ਸੂਤਰ ਨੇ ਕਿਹਾ, ‘‘ਮੀਟਿੰਗ ਵਿੱਚ ਸਿਰਫ਼ ਮੁੱਦੇ ਬਾਰੇ ਵਿਚਾਰ-ਚਰਚਾ ਹੋਈ ਹੈ। ਧੋਨੀ ਫਿਲਹਾਲ ਦੱਖਣੀ ਅਫਰੀਕਾ ਖ਼ਿਲਾਫ਼ ਲੜੀ ਵਿੱਚ ਚੋਣ ਦੀ ਦੌੜ ਵਿੱਚ ਨਹੀਂ ਸੀ। ਇਸ ਲਈ ਉਸ ਬਾਰੇ ਕੋਈ ਗੱਲ ਨਹੀਂ ਹੋਈ।’’ ਉਨ੍ਹਾਂ ਕਿਹਾ, ‘‘ਆਈਪੀਐੱਲ ’ਚ ਵਧੀਆ ਪ੍ਰਦਰਸ਼ਨ ਕਰਨ ਮਗਰੋਂ ਹੀ ਉਸ ਦੀ ਵਾਪਸੀ ਹੋਵੇਗੀ। ਸਿਰਫ਼ ਉਹੀ ਨਹੀਂ ਆਈਪੀਐੱਲ ਵਿੱਚ ਖੇਡਣ ਵਾਲੇ ਕਈ ਸੀਨੀਅਰ ਅਤੇ ਨੌਜਵਾਨ ਖਿਡਾਰੀਆਂ ’ਤੇ ਇਹ ਗੱਲ ਲਾਗੂ ਹੁੰਦੀ ਹੈ। ਚੰਗਾ ਖੇਡਣ ’ਤੇ ਉਨ੍ਹਾਂ ਦੇ ਨਾਂਅ ਨੂੰ ਵੀ ਵਿਚਾਰਿਆ ਜਾਵੇਗਾ।” ਟੀ-20 ਵਿਸ਼ਵ ਕੱਪ ਅਕਤੂਬਰ-ਨਵੰਬਰ ਵਿੱਚ ਆਸਟਰੇਲੀਆ ਵਿੱਚ ਖੇਡਿਆ ਜਾਵੇਗਾ।
Sports ਆਈਪੀਐੱਲ ’ਚ ਚੰਗੇ ਪ੍ਰਦਰਸ਼ਨ ਨਾਲ ਹੀ ਧੋਨੀ ਦੀ ਵਾਪਸੀ ਸੰਭਵ