ਅਮਰੀਕਾ ਦੇ ਰਾਜ ਵਿਸਕਾਨਸਨ ਵਿੱਚ ਓਕ ਕਰੀਕ ਦੇ ਗੁਰਦੁਆਰੇ ਉੱਤੇ ਹਮਲਾਵਰ ਵੱਲੋਂ ਅੰਧਾਧੁੰਦ ਚਲਾਈਆਂ ਗੋਲੀਆਂ ਕਾਰਨ ਜ਼ਖ਼ਮੀ ਹੋਣ ਬਾਅਦ ਅਧਰੰਗ ਦਾ ਸ਼ਿਕਾਰ ਬਜ਼ੁਰਗ ਬਾਬਾ ਪੰਜਾਬ ਸਿੰਘ ਦਾ ਅੱਠ ਸਾਲ ਬਾਅਦ ਦੇਹਾਂਤ ਹੋ ਗਿਆ ਹੈ। ਗੋਲੀਆਂ ਲੱਗਣ ਬਾਅਦ ਉਹ ਮੁੜ ਤੰਦਰੁਸਤ ਨਹੀਂ ਹੋ ਸਕੇ ਸਨ ਅਤੇ ਬੈੱਡ ਉੱਤੇ ਹੀ ਸਨ। ਉਹ ਪੇਸ਼ੇ ਵਜੋਂ ਸਿੱਖ ਪ੍ਰਚਾਰਕ ਸਨ ਅਤੇ ਦੇਸ਼ ਦੁਨੀਆਂ ਵਿੱਚ ਘੁੰਮ ਕੇ ਸਿੱਖੀ ਦਾ ਪ੍ਰਚਾਰ ਕਰਦੇ ਸਨ।
5 ਅਗਸਤ, 2012 ਨੂੰ ਵਾਪਰੀ ਇਸ ਮੰਦਭਾਗੀ ਘਟਨਾ ਵਿੱਚ ਇੱਕ ਬੰਦੂਕਧਾਰੀ ਓਕ ਕਰੀਕ ਦੇ ਗੁਰਦੁਆਰੇ ਵਿੱਚ ਦਾਖ਼ਲ ਹੋ ਗਿਆ ਸੀ ਅਤੇ ਉਸ ਨੇ ਸਿੱਖ ਸ਼ਰਧਾਲੂਆਂ ਉੱਤੇ ਅੰਧਾਧੁੰਦ ਗੋਲੀਆਂ ਚਲਾਈਆਂ ਸਨ ਅਤੇ ਇਸ ਘਟਨਾ ਵਿੱਚ ਛੇ ਸਿੱਖ ਮਾਰੇ ਗਏ ਸਨ ਅਤੇ ਸੱਤ ਜ਼ਖ਼ਮੀ ਹੋ ਗਏ ਸਨ। ਇਹ ਜਾਣਕਾਰੀ ‘ਅਮਰੀਕਨ ਬਾਜ਼ਾਰ’ ਦੀ ਰਿਪੋਰਟ ’ਚ ਦਿੱਤੀ ਗਈ ਹੈ। ਇਸ ਘਟਨਾ ਵਿੱਚ ਬਾਬਾ ਪੰਜਾਬ ਸਿੰਘ ਦੇ ਕਈ ਗੋਲੀਆਂ ਲੱਗੀਆਂ ਸਨ ਅਤੇ ਉਹ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਦੋਂ ਤੋਂ ਹੀ ਬੈੱਡ ਉੱਤੇ ਪਿਆ ਸੀ। ਕਰੀਬ ਸਾਢੇ ਸੱਤ ਸਾਲ ਅਜਿਹੀ ਦਰਦਨਾਕ ਸਥਿਤੀ ਵਿੱਚ ਰਹਿਣ ਬਾਅਦ ਸੋਮਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਉਹ ਸਿਰਫ਼ ਹਾਂ ਜਾਂ ਨਾਂਹ ਵਿੱਚ ਹੀ ਜਵਾਬ ਦਿੰਦੇ ਸਨ ਅਤੇ ਸਿਰਫ਼ ਪਲਕਾਂ ਹੀ ਝਪਕਦੇ ਸਨ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਦੇ ਪੁੱਤਰ ਰਘਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਵਿਛੋੜਾ ਦੁੱਖਦਾਈ ਹੈ ਪਰ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਅਤੇ ਉਨ੍ਹਾਂ ਨੂੰ ਇਸ ਗੱਲ ਉੱਤੇ ਤਸੱਲੀ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਫਰਜ਼ਾਂ ਨੂੰ ਤਨਦੇਹੀ ਨਾਲ ਨਿਭਾਇਆ ਹੈ।
World ਓਕ ਕਰੀਕ ਗੁਰਦੁਆਰਾ ਗੋਲੀ ਕਾਂਡ ਦੇ ਪੀੜਤ ਬਜ਼ੁਰਗ ਦਾ ਅੱਠ ਸਾਲ ਬਾਅਦ...