ਟੀ20 ਵਿਸ਼ਵ ਕੱਪ: ਭਾਰਤ ਤੇ ਇੰਗਲੈਂਡ ਵਿਚਾਲੇ ਸੈਮੀਫਾਈਨਲ ਅੱਜ

ਸਿਡਨੀ– ਗਰੁੱਪ ਗੇੜ ’ਚ ਅਜਿੱਤ ਰਹੀ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਭਲਕੇ ਇੱਥੇ ਇੰਗਲੈਂਡ ਦੀ ਮਜ਼ਬੂਤ ਟੀਮ ਖ਼ਿਲਾਫ਼ ਸੈਮੀਫਾਈਨਲ ਵਿਚ ਜਿੱਤ ਦਰਜ ਕਰ ਕੇ ਪਹਿਲੀ ਵਾਰ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਦੇ ਫਾਈਨਲ ਵਿਚ ਥਾਂ ਪੱਕੀ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਮੌਜੂਦਾ ਟੂਰਨਾਮੈਂਟ ਵਿਚ ਹੁਣ ਤੱਕ ਸਰਵੋਤਮ ਟੀਮ ਰਹੀ ਹੈ। ਟੀਮ ਪਿਛਲੇ ਸੱਤ ਟੂਰਨਾਮੈਂਟਾਂ ’ਚ ਕਦੇ ਫਾਈਨਲ ਵਿਚ ਨਹੀਂ ਪਹੁੰਚੀ ਪਰ ਇਸ ਵਾਰ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੀਮ ਮਜ਼ਬੂਤ ਦਾਅਵੇਦਾਰਾਂ ਵਿਚ ਸ਼ਾਮਲ ਹੈ। ਭਾਰਤ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਚਾਰ ਵਾਰ ਦੇ ਚੈਂਪੀਅਨ ਆਸਟਰੇਲੀਆ ’ਤੇ ਜਿੱਤ ਦੇ ਨਾਲ ਕੀਤੀ ਤੇ ਫਿਰ ਬੰਗਲਾਦੇਸ਼, ਨਿਊਜ਼ੀਲੈਂਡ, ਸ੍ਰੀਲੰਕਾ ਨੂੰ ਵੀ ਹਰਾ ਕੇ ਗਰੁੱਪ ਏ ਵਿਚ ਚਾਰ ਮੈਚਾਂ ’ਚ 8 ਅੰਕਾਂ ਨਾਲ ਸਿਖ਼ਰ ’ਤੇ ਰਿਹਾ। ਭਾਰਤ ਚੰਗੀ ਫਾਰਮ ਵਿਚ ਹੈ ਪਰ ਰਿਕਾਰਡ ਇੰਗਲੈਂਡ ਦੇ ਪੱਖ ਵਿਚ ਹੈ ਜਿਸ ਨੇ ਮਹਿਲਾ ਟੀ20 ਵਿਸ਼ਵ ਕੱਪ ਵਿਚ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਹੋਏ ਪੰਜ ਮੁਕਾਬਲਿਆਂ ਵਿਚ ਜਿੱਤ ਦਰਜ ਕੀਤੀ ਹੈ।
ਵੈਸਟਇੰਡੀਜ਼ ’ਚ ਪਿਛਲੇ ਟੀ20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਵੀ ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ 2009, 2012, 2014 ਤੇ 2016 ਵਿਚ ਵੀ ਟੀਮ ਇੰਡੀਆ ਨੂੰ ਗਰੁੱਪ ਗੇੜ ਵਿਚ ਇਸ ਟੀਮ ਦੇ ਖ਼ਿਲਾਫ਼ ਹਾਰ ਝੱਲਣੀ ਪਈ ਸੀ। ਭਾਰਤ ਦੀ ਮੌਜੂਦਾ ਟੀਮ ਵਿਚ ਸ਼ਾਮਲ ਸੱਤ ਖਿਡਾਰਨਾਂ 2018 ਵਿਚ ਸੈਮੀਫਾਈਨਲ ਮੁਕਾਬਲੇ ’ਚ ਖੇਡੀਆਂ ਸਨ ਤੇ ਉਹ ਇੰਗਲੈਂਡ ਖ਼ਿਲਾਫ਼ ਹਿਸਾਬ ਬਰਾਬਰ ਕਰਨਾ ਚਾਹੁੰਦੀਆਂ ਹਨ। ਭਾਰਤ ਨੇ ਵਿਸ਼ਵ ਕੱਪ ਤੋਂ ਪਹਿਲਾਂ ਤਿੰਨ ਦੇਸ਼ਾਂ ਦੀ ਲੜੀ ਵਿਚ ਵੀ ਇੰਗਲੈਂਡ ਨੂੰ ਹਰਾਇਆ ਸੀ। ਇਸ ਨਾਲ ਟੀਮ ਦਾ ਭਰੋਸਾ ਵਧਿਆ ਹੈ। ਜੈਮਿਮਾ ਰੌਡਰਿਗਜ਼ ਵੀ ਚੰਗੀ ਲੈਅ ਵਿਚ ਹੈ ਪਰ ਵੱਡੀ ਪਾਰੀ ਖੇਡਣ ’ਚ ਨਾਕਾਮ ਰਹੀ ਹੈ। ਮੱਧਕ੍ਰਮ ’ਚ ਵੀ ਵੇਦਾ ਕ੍ਰਿਸ਼ਨਾਮੂਰਤੀ, ਸ਼ਿਖਾ ਪਾਂਡੇ ਤੇ ਰਾਧਾ ਯਾਦਵ ਨੇ ਜ਼ਰੂਰਤ ਪੈਣ ’ਤੇ ਚੰਗਾ ਯੋਗਦਾਨ ਦਿੱਤਾ ਹੈ। ਟੀਮ ਦੀਆਂ ਸਭ ਤੋਂ ਤਜ਼ਰਬੇਕਾਰ ਖਿਡਾਰਨਾਂ ਕਪਤਾਨ ਹਰਮਨਪ੍ਰੀਤ ਤੇ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਹਾਲੇ ਤੱਕ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀਆਂ ਹਨ। ਸੈਮੀਫਾਈਨਲ ਵਿਚ ਉਹ ਲੈਅ ’ਚ ਪਰਤਣਾ ਚਾਹੁਣਗੀਆਂ। ਗੇਂਦਬਾਜ਼ੀ ਵਿਭਾਗ ’ਚ ਲੈੱਗ ਸਪਿੰਨਰ ਪੂਨਮ ਯਾਦਵ ਚਾਰ ਮੈਚਾਂ ਵਿਚ 9 ਵਿਕਟਾਂ ਲੈ ਕੇ ਸਰਵੋਤਮ ਗੇਂਦਬਾਜ਼ ਹੈ। ਸ਼ਿਖਾ (ਸੱਤ ਵਿਕਟਾਂ) ਨੇ ਵੀ ਚੰਗਾ ਸਹਿਯੋਗ ਦਿੱਤਾ ਹੈ। ਇੰਗਲੈਂਡ ਨੇ ਗਰੁੱਪ ਬੀ ’ਚ ਤਿੰਨ ਜਿੱਤਾਂ ਤੇ ਇਕ ਹਾਰ ਨਾਲ ਦੂਜੇ ਸਥਾਨ ’ਤੇ ਰਹਿ ਕੇ ਸੈਮੀਫਾਈਨਲ ਵਿਚ ਥਾਂ ਬਣਾਈ ਹੈ। ਭਾਰਤੀ ਗੇਂਦਬਾਜ਼ਾਂ ਨੂੰ ਇੰਗਲੈਂਡ ਦੀ ਬੱਲੇਬਾਜ਼ ਨਤਾਲੀ ਨੂੰ ਰੋਕਣ ਦਾ ਤਰੀਕਾ ਲੱਭਣਾ ਪਵੇਗਾ। ਇੰਗਲੈਂਡ ਕੋਲ ਵੀ ਸਪਿੰਨਰ ਸੋਫ਼ੀ ਐਕਲੈਸਟੋਨ (8 ਵਿਕਟਾਂ) ਤੇ ਤੇਜ਼ ਗੇਂਦਬਾਜ਼ ਆਨਿਆ ਸ਼ਰੁੱਬਸੋਲ (7 ਵਿਕਟਾਂ) ਦੇ ਰੂਪ ਵਿਚ ਚੰਗੇ ਬਦਲ ਮੌਜੂਦ ਹਨ। ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 9.30 ਵਜੇ ਸ਼ੁਰੂ ਹੋਵੇਗਾ। ਭਾਰਤ-ਇੰਗਲੈਂਡ ਅਤੇ ਦੱਖਣੀ ਅਫ਼ਰੀਕਾ-ਆਸਟਰੇਲੀਆ ਵਿਚਾਲੇ ਹੋਣ ਵਾਲੇ ਸੈਮੀਫਾਈਨਲ ਮੁਕਾਬਲਿਆਂ ’ਤੇ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ। ਭਲਕੇ ਦੁਪਹਿਰ ਵੇਲੇ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਜਦਕਿ ਆਈਸੀਸੀ ਨੇ ਸੈਮੀਫਾਈਨਲ ਲਈ ਰਿਜ਼ਰਵ ਦਿਨ ਰੱਖਣ ਦੀ ਕ੍ਰਿਕਟ ਆਸਟਰੇਲੀਆ ਦੀ ਬੇਨਤੀ ਠੁਕਰਾ ਦਿੱਤੀ ਹੈ। ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਦਾ ਮੰਨਣਾ ਹੈ ਕਿ ਭਲਕੇ ਇੱਥੇ ਸੈਮੀਫਾਈਨਲ ਵਿਚ ਭਾਰਤ ਨੂੰ ਹਰਾਉਣ ਲਈ ਸਪਿੰਨਰਾਂ ਨਾਲ ਨਜਿੱਠਣਾ ਅਹਿਮ ਹੋਵੇਗਾ, ਖ਼ਾਸ ਕਰ ਕੇ ਪੂਨਮ ਯਾਦਵ ਨਾਲ। ਪੂਨਮ ਨੇ ਟੂਰਨਾਮੈਂਟ ਦੇ ਪਹਿਲੇ ਹੀ ਮੈਚ ਵਿਚ ਚਾਰ ਵਾਰ ਦੇ ਚੈਂਪੀਅਨ ਆਸਟਰੇਲੀਆ ਨੂੰ ਫ਼ਿਰਕੀ ਦੇ ਜਾਦੂ ਵਿਚ ਉਲਝਾਇਆ ਸੀ।

Previous articleMamata publicly pulls up party leaders in district meeting
Next articleਮੋਗਾ ਵਿਚ ਕਰੋਨਾਵਾਇਰਸ ਦਾ ਸ਼ੱਕੀ ਮਰੀਜ਼ ਮਿਲਿਆ