ਪਰਵਾਸੀ ਭਾਰਤੀਆਂ ਨੂੰ ਏਅਰ ਇੰਡੀਆ ’ਚ ਸੌ ਫੀਸਦ ਨਿਵੇਸ਼ ਦੀ ਖੁੱਲ੍ਹ

ਸਰਕਾਰ ਨੇ ਪਰਵਾਸੀ ਭਾਰਤੀਆਂ (ਐੱਨਆਰਆਈਜ਼) ਨੂੰ ਏਅਰ ਇੰਡੀਆ ਵਿੱਚ ਸੌ ਫੀਸਦ ਨਿਵੇਸ਼ (ਭਾਈਵਾਲੀ ਖਰੀਦਣ) ਦੀ ਖੁੱਲ੍ਹ ਦੇ ਦਿੱਤੀ ਹੈ। ਮੋਦੀ ਸਰਕਾਰ ਨੇ ਇਹ ਫੈਸਲਾ ਅਜਿਹੇ ਮੌਕੇ ਕੀਤਾ ਹੈ ਜਦੋਂ ਸਰਕਾਰ ਕੌਮੀ ਕੈਰੀਅਰ ਦਾ ਸੌ ਫੀਸਦ ਹਿੱਸਾ ਵੇਚਣ ਲਈ ਸ਼ੁਰੂਆਤੀ ਬੋਲੀ ਲਈ ਅਰਜ਼ੀਆਂ ਪਹਿਲਾਂ ਹੀ ਮੰਗ ਚੁੱਕੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੈਬਨਿਟ ਦੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ‘ਏਅਰ ਇੰਡੀਆ ਬਾਰੇ ਅੱਜ ਦਾ ਫੈਸਲਾ ਮੀਲਪੱਥਰ ਹੋਵੇਗਾ, ਜਿੱਥੇ ਪਰਵਾਸੀ ਭਾਰਤੀਆਂ ਨੂੰ ਕੌਮੀ ਏਅਰਲਾਈਨ ਵਿੱਚ ਸੌ ਫੀਸਦ ਨਿਵੇਸ਼ ਕਰਨ ਦੀ ਖੁੱਲ੍ਹ ਮਿਲ ਜਾਵੇਗੀ।’ ਇਸ ਤੋਂ ਪਹਿਲਾਂ ਐੱਨਆਰਆਈਜ਼ ਨੂੰ 49 ਫੀਸਦ ਭਾਈਵਾਲੀ ਖਰੀਦਣ ਜਾਂ ਨਿਵੇਸ਼ ਦੀ ਹੀ ਇਜਾਜ਼ਤ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਸੌ ਫੀਸਦ ਨਿਵੇਸ਼ ਦੀ ਖੁੱਲ੍ਹ ਸਬਸਟਾਂਸ਼ੀਅਲ ਮਾਲਕੀ ਤੇ ਅਸਰਦਾਰ ਕੰਟਰੋਲ (ਐੱਸਓਈਸੀ) ਨੇਮਾਂ ਦੀ ਉਲੰਘਣਾ ਦੇ ਘੇਰੇ ਵਿੱਚ ਵੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਨਿਵੇਸ਼ ਨੂੰ ਘਰੇਲੂ ਨਿਵੇਸ਼ ਮੰਨਿਆ ਜਾਵੇਗਾ।
ਇਸ ਦੌਰਾਨ ਕੇਂਦਰੀ ਕੈਬਨਿਟ ਨੇ ਕੰਪਨੀਜ਼ ਲਾਅ ਵਿੱਚ ਕਈ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਵਿੱਚ ਕਈ ਦੋਸ਼ਾਂ ਨੂੰ ਅਪਰਾਧ ਦੀ ਸ਼੍ਰੇਣੀ ’ਚੋਂ ਬਾਹਰ ਰੱਖਣਾ ਵੀ ਸ਼ਾਮਲ ਹੈ। ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਕੈਬਨਿਟ ਨੇ ਕੰਪਨੀਜ਼ ਐਕਟ 2013 ਵਿੱਚ 72 ਸੋਧਾਂ ਨੂੰ ਸਹਿਮਤੀ ਦਿੱਤੀ ਹੈ। ਐਕਟ ਤਹਿਤ 66 ਕੰਪਾਊਂਡੇਬਲ ਅਪਰਾਧਾਂ ’ਚੋਂ 23 ਨੂੰ ਮੁੜ ਸ਼੍ਰੇਣੀਗਤ ਕੀਤਾ ਹੈ।

Previous articleਕਰੋਨਾਵਾਇਰਸ: ਦੇਸ਼ ਭਰ ਵਿੱਚ ਪੀੜਤਾਂ ਦੀ ਗਿਣਤੀ 29 ਹੋਈ
Next articleBengal BJP workers distribute Modi-named masks to fight corona