ਸ਼ਾਮਚੁਰਾਸੀ, (ਚੁੰਬਰ) ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਡੈਫਨੈਂਸ ਅਧੀਨ ਅੱਜ ਵਿਸ਼ਵ ਸੁਣਨ ਦਿਵਸ ਪੀ.ਐਚ.ਸੀ. ਚੱਕੋਵਾਲ ਵਿਖੇ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਜੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਇਸ ਦੌਰਾਨ ਕੰਨ੍ਹਾ ਦੀਆਂ ਹੋਣ ਵਾਲੀਆਂ ਸਮੱਸਿਆਵਾਂ, ਇਹਨਾਂ ਤੋਂ ਬਚਾਅ ਅਤੇ ਇਲਾਜ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ ਗਈ।
ਈ.ਐਨ.ਟੀ. ਮਾਹਰ ਐਸ.ਐਮ.ਓ. ਡਾ. ਓ.ਪੀ. ਗੋਜਰਾ ਜੀ ਨੇ ਇਸ ਦੌਰਾਨ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਿਕ ਹਰ 100 ਪਿੱਛੇ 6 ਵਿਅਕਤੀ ਸੁਣਨ ਸ਼ਕਤੀ ਸੰਬੰਧੀ ਕਿਸੇ ਨਾ ਕਿਸੇ ਬੀਮਾਰੀ ਨਾਲ ਪ੍ਰਭਾਵਿਤ ਹਨ। ਇਸਦਾ ਮੁੱਖ ਕਾਰਣ ਜਮਾਂਦਰੂ, ਕੰਨ੍ਹਾਂ ਦੀ ਇੰਨਫੈਕਸ਼ਨ, ਕੰਨ੍ਹ ਜਾਂ ਸਿਰ ਦੀ ਸੱਟ, ਕੰਨ੍ਹਾਂ ਦੀ ਮੈਲ ਸਾਫ ਕਰਨ ਲਈ ਤੀਖੀਆਂ ਵਸਤੂਆਂ ਦਾ ਇਸਤੇਮਾਲ ਕਰਨਾ, ਧੁਨੀ ਪ੍ਰਦੂਸ਼ਣ ਅਤੇ ਜਨਮ ਦੇ ਸਮੇਂ ਬੱਚੇ ਵਿਚ ਪੀਲੀਆ, ਘੱਟ ਭਾਰ ਵਾਲੇ ਬੱਚੇ ਆਦਿ ਹਨ। ਉਹਨਾਂ ਕਿਹਾ ਕਿ ਕੰਨ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਜੇਕਰ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਸੁਣਨ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ ਜਾਂ ਪੂਰੀ ਤਰ੍ਹਾਂ ਬੋਲਾਪਨ ਆ ਸਕਦਾ ਹੈ। ਇਸ ਲਈ ਜਰੂਰੀ ਹੈ ਕਿ ਨੰਕ, ਕੰਨ੍ਹ ਜਾਂ ਗਲੇ ਨਾਲ ਸਬਧਿਤ ਕੋਈ ਵੀ ਸਮੱਸਿਆ ਹੋਵੇ ਤਾਂ ਸਮੇਂ ਸਿਰ ਡਾਕਟਰੀ ਸਲਾਹ ਲੈਣੀ ਜਰੂਰੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 3.3.2020 ਤੋਂ ਮਿਤੀ 17.3.2020 ਤੱਕ ਇਸ ਸੰਬੰਧੀ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਡਾ. ਕਪਿਲ ਸ਼ਰਮਾ ਏ.ਐਮ.ਓ. ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੰਨ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਾਅ ਲਈ ਸਾਨੂੰ ਕੰਨ੍ਹਾਂ ਦੀ ਮੈਲ ਸਾਫ ਕਰਨ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਕੰਨ੍ਹ ਵਿਚ ਨਹੀਂ ਮਾਰਨੀ ਚਾਹੀਦੀ। ਉਹਨਾਂ ਨੇ ਇਹ ਵੀ ਕਿਹਾ ਕਿ ਬੱਚਿਆਂ ਦਾ ਟੀਕਾਕਰਣ ਵੀ ਸਮੇਂ ਸਿਰ ਹੋਣਾ ਚਾਹੀਦਾ ਹੈ ਜਿਸ ਨਾਲ ਬੱਚੇ ਕਈ ਬਿਮਾਰੀਆਂ ਜਿਵੇਂ ਮੀਜ਼ਲ, ਮਮਜ਼ ਆਦਿ ਤੋਂ ਬਚ ਸਕਦੇ ਹਨ ਜਿਨ੍ਹਾਂ ਨਾਲ ਕਿ ਬੱਚਿਆਂ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਜਿਆਦਾ ਉਚੀ ਆਵਾਜ਼ ਵਾਲੀਆਂ ਚੀਜ਼ਾਂ ਸੁਣਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਉਕਤ ਤੋਂ ਇਲਾਵਾ ਡਾ. ਸੁਰਿੰਦਰ ਕੁਮਾਰ, ਡਾ. ਕਰਤਾਰ ਸਿਘ, ਬੀ.ਈ.ਈ. ਰਮਨਦੀਪ ਕੌਰ, ਐਲ.ਐਚ.ਵੀ. ਕ੍ਰਿਸ਼ਨਾ ਰਾਣੀ, ਅਕਾਊਂਟੈਂਟ ਅਜੈ ਕੁਮਰਾ, ਸਟਾਫ ਨਰਸ ਅਲਕਾ ਤੇ ਮਨਪ੍ਰੀਤ ਕੌਰ ਅਤੇ ਇਲਾਕਾ ਨਿਵਾਸੀ ਸ਼ਾਮਿਲ ਹੋਏ।