ਵਿਦੇਸ਼ ਸਕੱਤਰ ਨੇ ਗੁਆਂਢੀ ਮੁਲਕ ਨੂੰ ਭਰੋਸਾ ਦਿਵਾਇਆ;
ਨਾਗਰਿਕ ਰਜਿਸਟਰ ਭਾਰਤ ਦਾ ‘ਨਿਰੋਲ ਅੰਦਰੂਨੀ’ ਮਸਲਾ ਕਰਾਰ
ਭਾਰਤ ਨੇ ਬੰਗਲਾਦੇਸ਼ ਨੂੰ ਭਰੋਸਾ ਦਿਵਾਇਆ ਹੈ ਕਿ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਲਾਗੂ (ਅਪਡੇਟ) ਹੋਣ ਦਾ ਬੰਗਲਾਦੇਸ਼ੀ ਲੋਕਾਂ ’ਤੇ ਕੋਈ ਅਸਰ ਨਹੀਂ ਹੋਵੇਗਾ। ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਕਿਰਿਆ ਮੁਲਕ ਦੀ ‘ਨਿਰੋਲ ਅੰਦਰੂਨੀ ਗਤੀਵਿਧੀ’ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁਲ ਮੋਮਿਨ ਤੇ ਗ੍ਰਹਿ ਮੰਤਰੀ ਅਸਦੁੱਜ਼ਾਮਨ ਖ਼ਾਨ ਨੇ ਦਸੰਬਰ ਵਿਚ ਨਵਾਂ ਨਾਗਰਿਕਤਾ ਕਾਨੂੰਨ (ਸੀਏਏ) ਲਾਗੂ ਹੋਣ ਤੋਂ ਬਾਅਦ ਬਣੀ ਸਥਿਤੀ ਦੇ ਮੱਦੇਨਜ਼ਰ ਭਾਰਤ ਦੇ ਦੌਰੇ ਰੱਦ ਕਰ ਦਿੱਤੇ ਸਨ। ਭਾਰਤ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਬੰਗਲਾਦੇਸ਼ ਅਸਾਮ ’ਚ ਐੱਨਆਰਸੀ ਲਾਗੂ ਹੋਣ ਤੋਂ ਵੀ ‘ਨਾਰਾਜ਼’ ਹੈ। ਢਾਕਾ ’ਚ ਇਕ ਸੈਮੀਨਾਰ ਵਿਚ ਭਾਰਤੀ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਮੁਤਾਬਕ ਇਹ ਭਾਰਤ ਦੇ ਅੰਦਰੂਨੀ ਮਸਲੇ ਹਨ। ਸ਼੍ਰਿੰਗਲਾ ਢਾਕਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਵੀ ਰਹਿ ਚੁੱਕੇ ਹਨ। ਦੱਸਣਯੋਗ ਹੈ ਕਿ ਢਾਕਾ ਨੇ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਚਿੰਤਾ ਜ਼ਾਹਿਰ ਕੀਤੀ ਸੀ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਭਾਰਤ ਸ਼ਾਇਦ ਕੁਝ ਬੰਗਲਾਦੇਸ਼ੀ ਆਵਾਸੀਆਂ ਨੂੰ ਸੀਏਏ ਤਹਿਤ ਵਾਪਸ ਭੇਜ ਸਕਦਾ ਹੈ। ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਵੀ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਕੋਲ ਐੱਨਆਰਸੀ ਦਾ ਮੁੱਦਾ ਉਠਾਇਆ ਸੀ। ਸ੍ਰਿੰਗਲਾ ਆਪਣੇ ਦੌਰੇ ਦੌਰਾਨ ਹਸੀਨਾ, ਵਿਦੇਸ਼ ਮੰਤਰੀ ਮੋਮਿਨ ਤੇ ਵਿਦੇਸ਼ ਸਕੱਤਰ ਨਾਲ ਵੀ ਮੁਲਾਕਾਤ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਢਾਕਾ ਦੌਰੇ ਬਾਰੇ ਵੀ ਗੱਲਬਾਤ ਹੋਵੇਗੀ। ਉਹ ਇਸੇ ਮਹੀਨੇ ਬੰਗਲਾਦੇਸ਼ ਦੇ ਸੰਸਥਾਪਕ ਬੰਗਬੰਧੂ ਸ਼ੇਖ਼ ਮਜੀਬੁਰ ਰਹਿਮਾਨ ਦੇ ਜਨਮ ਸ਼ਤਾਬਦੀ ਜਸ਼ਨਾਂ ’ਚ ਹਿੱਸਾ ਲੈਣ ਲਈ ਬੰਗਲਾਦੇਸ਼ ਜਾ ਸਕਦੇ ਹਨ। ਸ੍ਰਿੰਗਲਾ ਨੇ ਕਿਹਾ ਕਿ ਦੋਵਾਂ ਮੁਲਕਾਂ ਨੇ ਕਈ ਗੁੰਝਲਦਾਰ ਦੁਵੱਲੇ ਮਸਲੇ ਸੁਲਝਾਏ ਹਨ ਤੇ ਭਾਈਵਾਲੀ ਦੀ ਕਾਫ਼ੀ ਸਮਰੱਥਾ ਹੈ। ਇਸ ਲਈ ਕੁਝ ਵਖ਼ਰੇਵਿਆਂ ਨੂੰ ਅੜਿੱਕਾ ਨਹੀਂ ਬਣਨ ਦੇਣਾ ਚਾਹੀਦਾ। ਉਨ੍ਹਾਂ ਬੰਗਲਾਦੇਸ਼ ਦੀ ਸਮਾਜਿਕ ਤੇ ਆਰਥਿਕ ਪੱਧਰ ’ਤੇ ਕੀਤੇ ਵਿਕਾਸ ਲਈ ਸ਼ਲਾਘਾ ਕੀਤੀ।