ਅਮਰੀਕਾ ਨੇ ਭਾਰਤ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਦੇ ਹੱਕਾਂ ਦੀ ਰਾਖੀ ਲਈ ਕਿਹਾ

ਅਮਰੀਕਾ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਦੇ ਹੱਕਾਂ ਦੀ ਸੁਰੱਖਿਆ ਯਕੀਨੀ ਬਣਾਏ। ਉਨ੍ਹਾਂ ਦਿੱਲੀ ਦੰਗਿਆਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਵਾਬਦੇਹ ਬਣਾਉਣ ਲਈ ਵੀ ਕਿਹਾ ਹੈ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਇਹ ਮੁੱਦਾ ਭਾਰਤ ਨਾਲ ਉੱਚ ਪੱਧਰ ’ਤੇ ਵੀ ਉਠਾਇਆ ਹੈ। ਵਿਦੇਸ਼ ਵਿਭਾਗ ਦੇ ਤਰਜਮਾਨ ਨੇ ਕਿਹਾ ਕਿ ਅਮਰੀਕਾ ਦਿੱਲੀ ’ਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕਰਦਾ ਹੈ। ਉਨ੍ਹਾਂ ਸਾਰੀਆਂ ਧਿਰਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕਰਦਿਆਂ ਹਿੰਸਾ ਤੋਂ ਗੁਰੇਜ਼ ਕਰਨ ਲਈ ਕਿਹਾ। ਇਕ ਸਵਾਲ ਦੇ ਜਵਾਬ ’ਚ ਅਧਿਕਾਰੀ ਨੇ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਧਾਰਮਿਕ ਆਜ਼ਾਦੀ ਨਾਲ ਸਬੰਧਤ ਮੁੱਦਿਆਂ ’ਤੇ ਵੀ ਗੱਲਬਾਤ ਕਰ ਰਹੇ ਹਨ। ਅਧਿਕਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਾਂਤੀ ਦੇ ਦਿੱਤੇ ਸੁਨੇਹੇ ਦਾ ਵੀ ਜ਼ਿਕਰ ਕੀਤਾ। ਡੈਮੋਕਰੈਟਿਕ ਕਾਨੂੰਨਸਾਜ਼ ਕੋਲਿਨ ਆਲਰੈੱਡ ਨੇ ਕਿਹਾ ਕਿ ਘੱਟ ਗਿਣਤੀਆਂ ਦੇ ਹੱਕਾਂ ਨੂੰ ਮਜ਼ਬੂਤ ਕਰਕੇ ਹੀ ਲੋਕਤੰਤਰ ਮਜ਼ਬੂਤ ਹੁੰਦਾ ਹੈ। ਇਕ ਹੋਰ ਆਗੂ ਬੌਬ ਮੈਨੇਡੇਜ਼ ਨੇ ਹਿੰਸਾ ’ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ। ਉਨ੍ਹਾਂ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਦੌਰੇ ਵੇਲੇ ਹਿੰਸਾ ਬਾਰੇ ਜਨਤਕ ਤੌਰ ’ਤੇ ਕੋਈ ਬਿਆਨ ਨਾ ਦੇਣ ’ਤੇ ਵੀ ਨਿਖੇਧੀ ਕੀਤੀ। ਭਾਰਤੀ-ਅਮਰੀਕੀ ਨੀਰਾ ਟੰਡਨ ਨੇ ਕਿਹਾ ਕਿ ਭਾਰਤ ’ਚ ਮੁਸਲਮਾਨਾਂ ਖ਼ਿਲਾਫ਼ ਹਿੰਸਾ ਹੌਲਨਾਕ ਹੈ ਅਤੇ ਭਾਰਤ ਦੇ ਏਸ਼ੀਆ ’ਚ ਲੋਕਤੰਤਰ ਦੇ ਅਲੰਬਰਦਾਰ ਹੋਣ ਦੇ ਅਕਸ ਨੂੰ ਇਹ ਢਾਹ ਲਾਉਂਦੀ ਹੈ। ਅਮਰੀਕੀ-ਇਸਲਾਮਿਕ ਰਿਲੇਸ਼ਨ ਕਾਊਂਸਿਲ ਨੇ ਅਮਰੀਕੀ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਦਿੱਲੀ ’ਚ ਹੋਈ ਹਿੰਸਾ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕਰੇ। ਇੰਡੀਅਨ ਓਵਰਸੀਜ਼ ਕਾਂਗਰਸ ਨੇ ਵੀ ਹਿੰਸਾ ’ਤੇ ਚਿੰਤਾ ਜਤਾਈ ਹੈ।

Previous articleਲੰਕਾ ਢਾਹੁਣ ਲਈ ਉਤਰੇਗਾ ਭਾਰਤ
Next articleਲੋਕਤੰਤਰ ਬਚਾਉਣ ਵਾਸਤੇ ਨਿਆਂਤੰਤਰ ਦਾ ਸੁਤੰਤਰ ਹੋਣਾ ਅਤਿਅੰਤ ਜਰੂਰੀ – ਸਮਤਾ ਸੈਨਿਕ ਦਲ