ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪਿੰਡ ਘੁਬਾਇਆ ਦੇ ਵਾਸੀ ਸ਼ੇਰ ਸਿੰਘ ਘੁਬਾਇਆ ਦੋ ਵਾਰ ਜਲਾਲਾਬਾਦ ਤੋਂ ਵਿਧਾਇਕ ਅਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਦੋ ਵਾਰ ਜਿੱਤੇ। ਇਸ ਤੋਂ ਇਲਾਵਾ ਉਨ੍ਹਾਂ ਦਾ ਪੁੱਤ ਵੀ ਵਿਧਾਇਕ ਹੈ ਪਰ ਉਨ੍ਹਾਂ ਦੇ ਆਪਣੇ ਪਿੰਡ ਦਾ ਜੂਨ ਨਾ ਸੁਧਰੀ। ਪਿੰਡ ਘੁਬਾਇਆ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ, ਜਿਸ ਪਾਸੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ ਅਤੇ ਉਨ੍ਹਾਂ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਦਾ ਜੱਦੀ ਘਰ ਹੈ, ਉਸ ਪਾਸੇ ਵਿਕਾਸ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪਿੰਡ ਦੇ ਦੂਜੇ ਪਾਸੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਪਿੰਡ ਦੇ ਇਸ ਪਾਸੇ ਬਣਿਆ ਛੱਪੜ ਪੱਚੀ ਤੀਹ ਫੁੱਟ ਡੂੰਘਾ ਹੈ ਅਤੇ ਬਰਸਾਤਾਂ ਦਾ ਪਾਣੀ ਕਦੇ ਸੁੱਕਦਾ ਨਹੀਂ, ਲਗਾਤਾਰ ਬਦਬੂ ਮਾਰ ਰਿਹਾ ਹੈ ਅਤੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪਿੰਡ ਵਾਸੀ ਜਗਤਾਰ ਸਿੰਘ, ਜੀਤ ਸਿੰਘ, ਰਾਮ ਸਿੰਘ, ਕਰਤਾਰੋ ਬਾਈ, ਇੰਦਰੋ ਬਾਈ ਅਤੇ ਜੀਤੋ ਬਾਈ ਨੇ ਦੋਸ਼ ਲਗਾਇਆ ਕਿ ਕਿ ਪਿੰਡ ਦਾ ਸਾਬਕਾ ਐੱਮਪੀ ਅਤੇ ਵਿਧਾਇਕ ਉਨ੍ਹਾਂ ਨਾਲ ਮਤਰੇਇਆ ਵਿਹਾਰ ਕਰ ਰਹੇ ਹਨੇ। ਇਨ੍ਹਾਂ ਪਿਓ-ਪੁੱਤ ਨੇ ਆਪਣੇ ਪਾਸੇ ਵਿਕਾਸ ਕਰ ਲਿਆ ਪਰ ਇਧਰ ਦੇਖਿਆ ਵੀ ਨਹੀਂ। ਤਿੰਨ ਸਾਲ ਤੋਂ ਸੜਕ ’ਤੇ ਪੱਥਰ ਪਿਆ ਹੋਇਆ ਹੈ ਪਰ ਸੜਕ ਨੂੰ ਨਹੀਂ ਬਣੀ। ਪਿੰਡ ਦਾ ਛੱਪੜ ਬਦਬੂ ਮਾਰ ਰਿਹਾ ਹੈ। ਨਾਲੀਆਂ ਗੰਦਗੀ ਨਾਲ ਭਰੀਆਂ ਹੋਈਆਂ ਹਾ। ਪਿੰਡ ਵਾਸੀ ਸ਼ੀਲੋ ਬਾਈ, ਛਿੰਦੋ ਬਾਈ, ਮੰਗਤ ਸਿੰਘ, ਕੁੰਦਨ ਲਾਲ ਢੋਲਾ, ਜਸਵਿੰਦਰ ਸਿੰਘ, ਬਿੱਟੂ ਸਿੰਘ ਅਤੇ ਵਿਜੇ ਸਿੰਘ ਨੇ ਦੱਸਿਆ ਕਿ ਜਲਾਲਾਬਾਦ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਨੂੰ ਸਾਰੀਆਂ ਸਮੱਸਿਆਵਾਂ ਬਾਰੇ ਦੱਸਿਆ ਸੀ ਤੇ ਉਨ੍ਹਾਂ ਬਗ਼ੈਰ ਵਿਤਕਰੇ ਤੋਂ ਵਿਕਾਸ ਕਰਨ ਦੀ ਗੱਲ ਕੀਤੀ ਸੀ। ਜਿੱਤਣ ਤੋਂ ਬਾਅਦ ਉਨ੍ਹਾਂ ਨੇ ਹਾਲ ਤੱਕ ਨਹੀਂ ਜਾਣਿਆ।ਪਿੰਡ ਵਾਸੀ ਨੇ ਛੱਪੜ ਕਿਨਾਰੇ ਮਰੇ ਪਸ਼ੂ ਨੂੰ ਦਿਖਾਉਂਦਿਆਂ ਕਿਹਾ ਕਿ ਇਹ ਛੱਪੜ ਏਨਾ ਡੂੰਘਾ ਹੈ ਕਿ ਇਸ ਵਿੱਚ ਕੋਲੋਂ ਲੰਘਦੇ ਪਸ਼ੂ ਡਿੱਗ ਜਾਂਦੇ ਹਨ ਅਤੇ ਬਾਹਰ ਨਾ ਨਿਕਲਣ ਕਰਕੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਦੁਖੀ ਔਰਤਾਂ ਨੇ ਕਿਹਾ ਕਿ ਉਹ ਜ਼ਿੰਦਗੀ ਨਹੀਂ ਜੀ ਸਗੋਂ ਨਰਕ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਨੂੰ ਸਾਂਝੀਵਾਲਤਾ ਦੇ ਰੂਪ ਵਿੱਚ ਇਕੱਠਾ ਕਰਨ ਦੀ ਬਜਾਏ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ ਹੈ। ਹੁਣ ਪਿੰਡ ਦਾ ਵਿਕਸਤ ਪਾਸਾ ਸ਼ੇਰ ਸਿੰਘ ਘੁਬਾਇਆ ਪਰਿਵਾਰ ਦਾ ਤੇ ਦੂਜਾ ਦੂਸਰਾ ਨਰਕ ਭਰੀ ਜ਼ਿੰਦਗੀ ਜਿਊਣ ਵਾਲੇ ਆਮ ਗਰੀਬ ਲੋਕਾਂ ਦਾ।