ਪੇਸ਼ਕਸ਼:- ਅਮਰਜੀਤ ਚੰਦਰ, ਲੁਧਿਆਣਾ +91 9417 600014
ਸ਼ੋਸ਼ਲ ਮੀਡੀਆ ਸਾਡੇ ਤੇ ਭਾਰੂ ਹੁੰਦਾ ਜਾ ਰਿਹਾ ਹੈ। ਅੱਜ ਦੇ ਸਮ੍ਹੇਂ ਵਿਚ ਸ਼ੋਸ਼ਲ ਮੀਡੀਆ ਹਰ ਇਕ ਇਨਸਾਨ ਦਾ ਇਕ ਅਹਿਮ ਹਿੱਸਾ ਬਣ ਚੁੱਕਿਆ ਹੈ। ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਇਨਸਾਨ ਇਕ ਸਮ੍ਹੇਂ ਦੀ ਰੋਟੀ ਖਾਦੇ ਬਿੰਨਾ ਤਾਂ ਰਹਿ ਸਕਦਾ ਹੈ, ਰਿਸ਼ਤੇਦਾਰ, ਸਾਕ-ਸਬੰਧੀਆਂ ਨੂੰ ਮਿਲਣ ਤੋਂ ਬਿੰਨਾਂ ਰਹਿ ਸਕਦਾ ਹੈ। ਪਰ ਮੋਬਾਇਲ ਫੋਨ ਦੇ ਬਿੰਨਾਂ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰਨ ਲੱਗਦਾ ਹੈ। ਮੋਬਾਇਲ ਫੋਨ ਸਾਡੇ ਕੁਝ ਫਾਇਦਿਆਂ (ਸਾਡੀਆਂ ਕੁਝ ਲੋੜਾਂ ਨੂੰ ਪੂਰਾ ਕਰਨ ਦੇ ਲਈ)ਦੇ ਲਈ ਬਣਾਇਆ ਗਿਆ ਸੀ। ਬਦਲਦੇ ਸਮੇ੍ਹਂ ਦੇ ਮੁਤਾਬਿਕ ਇਸ ਦੇ ਬਹੁਤ ਸਾਰੇ ਸਾਨੂੰ ਫਾਇਦੇ ਵੀ ਹੋਏ ਹਨ, ਪਰ ਇਕ ਅਜੀਬ ਜਿਹੀ ਨਮੋਸ਼ੀ ਦੇ ਨਾਲ ਇਹ ਸਾਡੀ ਜਿੰਦਗੀ ਲਈ ਵੱਡਾ ਖਤਰਾ ਵੀ ਬਣ ਗਿਆ ਹੈ। ਇਸ ਦੀ ਲਪੇਟ ਜੋ ਵੀ ਆਇਆ ਹੈ ਉਹ ਇਹਦਾ ਹੀ ਹੋ ਕੇ ਰਹਿ ਗਿਆ ਹੈ। ਇਸ ਦੀ ਲਪੇਟ ਵਿਚ ਸਭ ਤੋਂ ਜਿਆਦਾ ਸਕੂਲ ਅਤੇ ਕਾਲਜ ਵਿਚ ਪੜ੍ਹਣ ਵਾਲੇ ਬੱਚੇ ਆ ਰਹੇ ਹਨ।ਜੇਕਰ ਫੇਸਬੁੱਕ ਦੀ ਗੱਲ ਕਰੀਏ ਤਾਂ ਸੱਭ ਤੋਂ ਜਿਆਦਾ ਵਰਤੋਂ ਕਰਨ ਵਾਲੇ ਮੱਧਿਅਮ ਵਰਗ ਦੀ ਉਮਰ ਦੇ ਹੀ ਲੋਕ ਹਨ।ਫੇਸਬੁਕ ਤੇ ਬਹੁਤ ਘੱਟ ਉਮਰ ਦੇ ਬੱਚਿਆ ਦੇ ਜਿਆਦਾਤਰ ਅਕਾਉਂਟ ਬਣੇ ਹੋਏ ਹਨ, ਜਦ ਕਿ ਫੇਸਬੁਕ ਤੇ ਅਕਾਊਟ ਬਣਾਉਣ ਵਾਲੇ ਦੀ ਉਮਰ 18 ਸਾਲ ਦੀ ਮੰਨੀ ਗਈ ਹੈ, ਪਰ ਫੇਸਬੁਕ ਅਕਾਂਉਟ ਬਣਾਉਣ ਲੱਗਿਆ ਗਲਤ ਉਮਰ ਲਿਖ ਕੇ ਤੁਸੀ ਅਸਾਨੀ ਨਾਲ ਆਪਣਾ ਅਕਾਉਟ ਬਣਾ ਸਕਦੇ ਹੋ।ਇਸ ਵਿਸ਼ੇ ਤੇ ਕੋਈ ਵੀ ਕਿੰਤੂ-ਪਰੰਤੂ ਨਹੀ ਤੇ ਨਾ ਹੀ ਕੋਈ ਇਸ ਦੀ ਜਾਂਚ ਪੜਤਾਲ ਹੁੰਦੀ ਹੈ ਜੋ ਕਿ ਸਾਡੇ ਸਮਾਜ ਲਈ,ਆਉਣ ਵਾਲੀ ਨਵੀ ਪੀੜ੍ਹੀ ਲਈ ਬਹੁਤ ਹੀ ਖਤਰਨਾਕ ਹੈ।
ਦਰਅਸਲ, ਅਸਲੀ ਗੱਲ ਇਹ ਹੈ ਕਿ ਅੱਜ ਕਲ ਫੇਸਬੁਕ ਤੇ ਕਈ ਤਰੀਕਿਆ ਨਾਲ ਅਸ਼ਲੀਲ ਵਿਗਿਆਪਨ, ਇਸ਼ਤਿਹਾਰ ਆਉਣ ਲੱਗ ਪਏ ਹਨ, ਜਿਸ ਵਿਚ ਬੇਹੱਦ ਗੰਦੀ ਭਾਸ਼ਾ ਦਾ ਪ੍ਰਯੋਗ ਕਰਦੇ ਹੋਏ ਸਲੋਗਨ ਦਿੱਤੇ ਜਾ ਰਹੇ ਹਨ। ਜਿੰਨਾਂ ਨੂੰ ਘਰ ਵਿਚ ਅਸੀ ਆਪਣੇ ਪਰਿਵਾਰ ਨਾਲ ਬੈਠ ਕੇ ਨਹੀ ਦੇਖ ਸਕਦੇ, ਬਹੁਤ ਤਰ੍ਹਾਂ ਦੀਆਂ ਐਸੀਆਂ ਗੱਲਾਂ ਕੀਤੀਆ ਜਾ ਰਹੀਆਂ ,ਚੀਜ਼ਾਂ ਦਿਖਾਈਆਂ ਜਾ ਰਹੀਆਂ ਹਨ, ਜਿਸ ਨੂੰ ਪੜ੍ਹ ਕੇ ਬਹੁਤੇ ਬੱਚੇ ਗਲਤ ਦਿਸ਼ਾਂ ਵਲ ਜਾ ਰਹੇ ਹਨ। ਕੁਝ ਬੱਚੇ ਤਾਂ ਆਪਣੇ ਮਾਂ ਪਿਓ ਨਾਲ ਇਹਨਿਆ ਵਿਸ਼ਿਆਂ ਤੇ ਗੱਲ ਕਰ ਲੈਦੇ ਹਨ ਅਤੇ ਕੁਝ ਬੱਚੇ ਆਪਣੇ ਮਾਂ ਪਿਓ ਨਾਲ ਗੱਲ ਨਹੀ ਕਰ ਸਕਦੇ। ਇਹ ਦੋਵੇ ਸਥਿਤੀਆਂ ਵਿਚ ਬੱਚਿਆਂ ਵਿਚ ਇਸ ਤਰਾਂ ਦੀਆਂ ਗੱਲਾਂ ਜਾਨਣ ਦੇ ਲਈ ਦਿਲਚਸਪੀ ਵੱਧ ਜਾਂਦੀ ਹੈ,ਕਿਉਕਿ 10 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਦੇ ਬੱਚੇ ਸੈਕਸ ਵਰਗੇ ਵਿਸ਼ੇ ਨੂੰ ਗੰਭੀਰਤਾ ਨਾਲ ਲੈਦੇ ਹਨ, ਅਤੇ ਜੋ ਬੱਚੇ ਇਸ ਉਮਰ ਵਿਚ ਕਿਸੇ ਗਲਤ ਹਰਕਤ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਉਹਨਾਂ ਦੀ ਪੂਰੀ ਜਿੰਦਗੀ ਖਰਾਬ ਹੋ ਜਾਂਦੀ ਹੈ। ਪੰਜਾਬੀ ਭਾਸ਼ਾਂ ਵਿਚ ਕਿਹਾ ਜਾਵੇ ਤਾਂ ਇਹ ਹੈ ਕਿ ‘ਇਹ ਉਮਰ ਕੱਚੀ ਮਿੱਟੀ ਦੀ ਤਰ੍ਹਾਂ ਹੁੰਦੀ ਹੈ ਇਸ ਨੂੰ ਜਿਸ ਤਰ੍ਹਾਂ ਢਾਲ੍ਹੋਗੇ ਉਸੇ ਤਰ੍ਹਾਂ ਹੀ ਢਲ੍ਹ ਜਾਏਗੀ। ’ਹੁਣ ਇਹ ਸੱਭ ਸਾਡੇ ਮਾਪਿਆਂ ਦੇ ਵਸ ਵਿਚ ਹੈ ਕਿ ਇਸ ਨੂੰ ਕਿਸ ਤਰ੍ਹਾਂ ਢਾਲਣਾ ਹੈ। ਸ਼ੋਸ਼ਲ ਮੀਡੀਆਂ ਦੇ ਰਾਹੀ ਪਤਾ ਨਹੀ ਕਿੰਨੇ ਹੀ ਬੱਚਿਆਂ ਦੀਆਂ ਜਿੰਦਗੀ ਖਰਾਬ ਹੋ ਰਹੀਆਂ ਹਨ। ਮਹਾਂਨਗਰਾ ਵਿਚ ਇਸ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਣਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਮੁੱਖ ਕਾਰਨ ਹੈ ਕਿ ਅੱਜ ਮਾਤਾ ਪਿਤਾ ਦੋਵੇ ਆਪਣੀ ਮਜਬੂਰੀ ਦਾ ਹਵਾਲਾ ਦੇ ਕੇ ਬੱਚਿਆਂ ਨੂੰ ਮੋਬਾਇਲ ਲੈ ਕੇ ਦੇ ਦਿੰਦੇ ਹਨ, ਜਿਹੜੇ ਮਾਤਾ ਪਿਤਾ ਮੋਬਾਇਲ ਬੱਚੇ ਨੂੰ ਨਹੀ ਲੈ ਕੇ ਦਿੰਦੇ ਤਾਂ ਉਹ ਬੱਚੇ ਆਪਣੇ ਹੋਮ ਵਰਕ ਜਾਂ ਕੋਈ ਹੋਰ ਪੜ੍ਹਾਈ ਦਾ ਠੋਸ ਬਹਾਨਾ ਲਾ ਕੇ ਆਪਣੇ ਮਾਤਾ ਪਿਤਾ ਤੋਂ ਮੋਬਾਇਲ ਲੈ ਲੈਦੇ ਹਨ। ਉਹ ਬੱਚੇ ਫਿਰ ਹੋਮ ਵਰਕ ਘੱਟ ਅਤੇ ਸ਼ੋਸਲ ਮੀਡੀਆ ਤੇ ਜਿਆਦਾ ਲੱਗੇ ਰਹਿੰਦੇ ਹਨ। ਅੱਜ ਕਲ ਸਕੂਲ ਜਾਂ ਕਾਲਜ ਵਿਚ ਹੋਮ ਵਰਕ ਜਾਂ ਅਸਾਇਨਮੈਂਟ ਮੇਲ ਜਾਂ ਸ਼ੋਸ਼ਲ ਮੀਡੀਆਂ ਰਾਹੀ ਹੀ ਆਉਦੇ ਹਨ ਤਾਂ ਸ਼ੌਸ਼ਲ ਮੀਡੀਆ ਰਾਹੀ ਹੀ ਪੂਰੇ ਕਰਨੇ ਹੁੰਦੇ ਹਨ।ਇਸ ਲਈ ਸਮਾਰਟ ਫੋਨ ਦਾ ਹੋਣਾ ਵੀ ਬਹੁਤ ਹੀ ਜਰੂਰੀ ਹੈ। ਪਰ ਉਸ ਸਮਾਰਟ ਮੋਬਾਇਲ ਦਾ ਸਹੀ ਇਸਤੇਮਾਲ ਘੱਟ ਤੇ ਗਲਤ ਇਸਤੇਮਾਲ ਬਹੁਤ ਜਿਆਦਾ ਹੋਣ ਲੱਗ ਪਿਆ ਹੈ।
ਬਹੁਤ ਸਾਰੀਆਂ ਘਟਨਾਵਾਂ ਵਿਚ ਦੇਖਿਆ ਗਿਆ ਹੈ ਕਿ ਦੋਸਤੀ ਦੀਆਂ ਨਵੀਆਂ-ਨਵੀਆਂ ਸਾਇਟਾਂ ਤੇ ਦੋਸਤੀ ਕਰਕੇ ਬੱਚੇ ਆਪਣੀਆਂ ਜਿੰਦਗੀਆਂ ਖਰਾਬ ਕਰ ਚੁੱਕੇ ਹਨ।ਇਸ ਤਰ੍ਹਾਂ ਦੀਆਂ ਖਬਰਾਂ ਰੋਜਾਨਾ ਅਖਬਾਰਾਂ ਵਿਚ ਪੜ੍ਹਣ ਨੂੰ ਮਿਲ ਰਹੀਆਂ ਹਨ।ਪਰ ਹੁਣ ਵਿਗਿਆਪਨ, ਇਸ਼ਤਿਹਾਰ ਉਹ ਵੀ ਘਟੀਆਂ ਭਾਸ਼ਾਂ ਵਿਚ ਆਉਣਾ, ਇਹ ਸਾਡੇ ਲਈ ਬਹੁਤ ਚਿੰਤਾਜਨਕ ਹੁੰਦਾ ਜਾ ਰਿਹਾ ਹੈ।ਪਹਿਲਾ ਤੋਂ ਹੀ ਸ਼ੋਸ਼ਲ ਮੀਡੀਆ ਉਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਦੇ ਜੀਵਨ ਵਿਚ ਬਰੂਦ ਦਾ ਕੰਮ ਕਰ ਰਿਹਾ ਹੈ। ਉਥੇ ਦੂਸਰੇ ਪਾਸੇ ਲਾਲਚ ਦੇ ਚੱਕਰ ਵਿਚ ਸਾਰਾ ਸ਼ੋਸ਼ਲ ਮੀਡੀਆ ਇਸ ਤਰ੍ਹਾਂ ਦੀਆਂ ਸਾਇਟਾਂ ਤੇ ਵਿਗਿਆਪਨ ਦੇ ਕੇ ਬੇਹੱਦ ਗਲਤ ਕੰਮ ਕਰ ਰਿਹਾ ਹੈ। ਵਿਉਪਾਰ ਕਰਨਾ ਕੋਈ ਗਲਤ ਨਹੀ ਹੈ,ਪਰ ਹਿੰਦੋਸਤਾਨ ਵਰਗੇ ਦੇਸ਼ ਨੂੰ ਅੱਜ ਵੀ ਸੰਸਕਾਰਾਂ ਤੇ ਸੰਸਕ੍ਰਿਤੀਆਂ ਦੇ ਦੇਸ਼ ਵਜੋਂ ਜਾਣਿਆ ਜਾਂਦਾ ਹੈ।ਇਸ ਦੇਸ਼ ਵਿਚ ਐਸਾ ਕਰਨਾ ਅਪਰਾਧ ਸਮਾਨ ਹੈ।ਇਸ ਲਈ ਸੁਝਾਓ ਹੈ ਕਿ ਇਸ ਦੇ ਬਾਰੇ ਵਿਚ ਸਰਕਾਰ ਤੇ ਇਜੰਸੀਆਂ ਨੂੰ ਕੋਈ ਠੋਸ ਕਦਮ ਉਠਾਉਣਾ ਚਾਹੀਦਾ ਹੈ। ਕਿਸੇ ਵੀ ਸ਼ੋਸ਼ਲ ਮੀਡੀਆ ਤੇ 2-3 ਮਿੰਟ ਬਾਅਦ ਅਸ਼ਲੀਲ ਵਿਗਿਆਪਨਾਂ ਨਾਲ ਦੇਸ਼ ਦੀ ਦਸ਼ਾਂ ਤੇ ਦਿਸ਼ਾਂ ਗਲਤ ਪਾਸੇ ਜਾਣ ਲਈ ਇਹ ਬਹੁਤ ਵੱਡਾ ਸੰਕੇਤ ਹੈ ਕਿ ਅਸੀ ਬਹੁਤ ਜਲਦ ਹੀ ਪੱਛਮੀ ਦੇਸ਼ਾਂ ਦੀ ਸਭਿਅਤਾ ਦੇ ਰੰਗ ਵਿਚ ਰੰਗੇ ਜਾ ਰਹੇ ਹਾਂ। ਸਾਡੇ ਦੇਸ਼ ਵਿਚ ਸ਼ੋਸ਼ਲ ਮੀਡੀਆਂ ਤੇ ਸੱਭ ਤੋਂ ਜਿਆਦਾ ਵਿਦਿਆਰਥੀ ਵਰਗ ਹੀ ਹੈ ਇਸ ਕਰਕੇ ਪ੍ਰਭਾਵਿਤ ਵੀ ਉਹ ਲੋਕ ਹੀ ਜਿਆਦਾ ਹੋ ਰਹੇ ਹਨ। ਇਕ ਸਰਵੈ ਦੇ ਅਨੁਸਾਰ ਕਿਹਾ ਗਿਆ ਹੈ ਕਿ ਸ਼ੋਸ਼ਲ ਮੀਡੀਆਂ ਨਾਲ ਜਿਆਦਾ ਦੇਰ ਤਕ ਜੁੜੇ ਰਹਿਣ ਨਾਲ ਸਾਡਾ ਦਿਮਾਗ ਕਮਜੋਰ ਪੈ ਜਾਂਦਾ ਹੈ ਸਾਨੂੰ ਭੁੱਲਣ ਦੀ ਬੀਮਾਰੀ ਲੱਗ ਸਕਦੀ ਹੈ। ਤੁਹਾਡੇ ਦਿਮਾਗ ਵਿਚ ਕੁਝ ਵੀ ਜਮ੍ਹਾ, ਸੁਰੱਖਿਅਤ ਨਹੀ ਰਹਿੰਦਾ।ਮਾਨਸਿਕ ਰੋਗੀ ਹੋਣ ਦੇ ਨਾਲ-ਨਾਲ ਖਾਲੀ ਸਮ੍ਹੇਂ ਵਿਚ ਤੁਹਾਡਾ ਦਿਮਾਗ ਬਸ ਉਹੀ ਲੱਭਦਾ ਰਹਿੰਦਾ ਹੈ ਜੋ ਤੁਸੀ ਜਿਆਦਾ ਦੇਰ ਤੱਕ ਸ਼ੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹੋ। ਕਿਉਕਿ ਖਾਲੀ ਸਮੇਂ ਦੇ ਦੌਰਾਨ ਆਨ-ਲਾਇਨ ਗਤੀ-ਵਿਧੀਆ ਦੇ ਸੰਪਰਕ ਵਿਚ ਰਹਿਣ ਦੇ ਕਾਰਨ ਦਿਮਾਗ ਨੂੰ ਅਰਾਮ ਹੀ ਨਹੀ ਮਿਲਦਾ। ਜਿਸ ਕਰਕੇ ਬੱਚੇ ਪੇਪਰਾਂ ਵਿਚੋਂ ਜਿਆਦਾ ਨੰਬਰ ਨਹੀ ਲੈਣ ਵਿਚ ਕਾਮਯਾਬ ਹੋ ਰਹੇ।ਲੋਕ ਹਰ ਸਮੇਂ ਮੋਬਾਇਲ ਆਪਣੇ ਨਾਲ ਰੱਖਣ ਦੇ ਆਦੀ ਹੋ ਗਏ ਹਨ,ਹਰ ਕੋਈ ਆਪਣੀ ਜੇਬ ਵਿਚ ਮੋਬਾਇਲ ਪਾਈ ਫਿਰਦਾ ਹੈ, ਫਿਰ ਬਾਰ-ਬਾਰ ਉਸ ਨੂੰ ਦੇਖਦੇ, ਚੈਕ ਕਰਦੇ ਹਨ, ਨੋਟੀਫੀਕੇਸ਼ਨ ਆਉਣ ਦੀ ਵਜਾ ਕਰਕੇ ਬਾਰ-ਬਾਰ ਮੋਬਾਇਲ ਨੂੰ ਦੇਖਣਾ ਵੀ ਸਾਡੀ ਸਿਹਤ ਦੇ ਲਈ ਖਤਰਨਾਕ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਜੋ ਲੋਕ ਦੋਸਤੀ ਵਾਲੀਆਂ ਸਾਇਟਾਂ ਤੇ ਦੋਸਤੀ ਕਰਦੇ ਹਨ ਉਹ ਲੋਕ ਅਸ਼ਲੀਲਤਾ ਵੱਲ ਬੜੀ ਤੇਜ਼ੀ ਨਾਲ ਵੱਧ ਰਹੇ ਹਨ।
ਆਖਰ ਵਿਚ ਕਿ ਅੱਜ ਦੇ ਸਮੇਂ ਵਿਚ ਬੱਚਿਆਂ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ। ਬੱਚਿਆਂ ਨੂੰ ਪੜ੍ਹਾਈ ਪ੍ਰਤੀ ਸੁਚੇਤ ਕਰੋ,ਬੱਚਿਆਂ ਨਾਲ ਬੈਠ ਕੇ ਸਮ੍ਹਾਂ ਬਿਤਾਇਆ ਕਰੋਂ, ਅੱਜ ਦੇ ਇਸ ਤਕਨੀਕੀ ਯੁਗ ਵਿਚ ਸ਼ੋਸ਼ਲ ਮੀਡੀਆ ਨਾਲ ਜੁੜੇ ਰਹਿਣਾ ਵੀ ਜਰੂਰੀ ਹੈ ਪਰ ਮਾਂ ਪਿਓ ਦਾ ਬੱਚਿਆਂ ਤੇ ਨਜ਼ਰ ਰੱਖਣਾ ਵੀ ਬੇਹੱਦ ਜਰੂਰੀ ਹੈ।ਅੱਜ ਦੇ ਸਮੇਂ ਵਿਚ ਹਰ ਕਦਮ ਬੜਾ ਸੋਚ ਸਮਝ ਕੇ ਰੱਖਣਾ ਪੈਦਾ ਹੈ ਕਿਉਕਿ ਜ਼ਮਾਨਾ ਬਹੁਤ ਖਰਾਬ ਹੋ ਚੁੱਕਾ ਹੈ ਕਿ ਸਾਡੀ ਜਿੰਦਗੀ ‘ਸਾਵਧਾਨੀ ਹਟੀ, ਦੁਰਘਟਨਾ ਘਟੀ’ ਵਾਲੀ ਤਰਜ਼ ਤੇ ਚੱਲ ਰਹੀ ਹੈ। ਅੱਜ ਦੇ ਸਮ੍ਹੇਂ ਨੂੰ ਗੰਭੀਰਤਾ ਨਾਲ ਦੇਖੀਏ ਤਾਂ ਸਾਡੀ ਜਿੰਦਗੀ ਦੀ ਗੇਮ ਬਿਲਕੁਲ ਕਲੀਅਰ ਹੈ, ਅੱਜ ਇਹ ਸੱਭ ਕੁਝ ਸਾਡੇ ਹੱਥ ਵਿਚ ਹੈ, ਅਸੀ ਕਿਸ ਚੀਜ਼ ਤੋਂ, ਫਾਇਦਾ ਲੈਣਾ ਚਾਹੁੰਦੇ ਹੋ ਜਾਂ ਨੁਕਸਾਨ।ਜੇ ਕਰ ਅਸੀ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਤੋਂ (ਸ਼ੋਸ਼ਲ ਮੀਡੀਆ) ਥੋੜੀ ਜਿਹੀ ਦੂਰੀ ਬਣਾਉਣੀ ਪਏਗੀ, ਤਾਂ ਹੀ ਅਸੀ ਆਪਣੇ ਨਫੇ-ਨੁਕਸਾਨ ਬਾਰੇ ਸੋਚ ਸਕਦੇ ਹਾਂ, ਤਾਂ ਹੀ ਅਸੀ ਆਪਣੇ ਜੀਵਨ ਦੀ ਗੱਡੀ ਸਹੀ ਪਟੜੀ ਤੇ ਚਲਾ ਸਕਦੇ ਹਾਂ।ਆਪਣਾ ਜੀਵਨ ਸਹੀ ਢੰਗ ਨਾਲ ਜੀਅ ਸਕਦੇ ਹਾਂ।