ਨਵੀਂ ਦਿੱਲੀ/ਅਹਿਮਦਾਬਾਦ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਉਨ੍ਹਾਂ ਦੀ ਪਤਨੀ ਮੇਲਾਨੀਆ, ਧੀ ਇਵਾਂਕਾ, ਜਵਾਈ ਜੇਰਡ ਕੁਸ਼ਨਰ ਤੇ ਪ੍ਰਸ਼ਾਸਕੀ ਅਧਿਕਾਰੀ ਭਲਕ ਤੋਂ ਭਾਰਤ ਦਾ ਦੌਰਾ ਆਰੰਭਣਗੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵਿੱਟਰ ’ਤੇ ਪੋਸਟ ਕੀਤਾ ਕਿ ‘ਮਾਣ ਵਾਲੀ ਗੱਲ ਹੈ ਕਿ ਰਾਸ਼ਟਰਪਤੀ ਟਰੰਪ ਭਲਕੇ ਅਹਿਮਦਾਬਾਦ ਵਿਚ ਉਨ੍ਹਾਂ ਨਾਲ ਹੋਣਗੇ, ਭਾਰਤ ਉਡੀਕ ਰਿਹਾ ਹੈ।’ ਜ਼ਿਕਰਯੋਗ ਹੈ ਕਿ ਟਰੰਪ ਪਹਿਲੀ ਵਾਰ ਭਾਰਤ ਦੇ ਦੌਰੇ ’ਤੇ ਆ ਰਹੇ ਹਨ। ਭਾਰਤ ਦਾ ਦੌਰਾ ਕਰਨ ਵਾਲੇ ਟਰੰਪ ਅਮਰੀਕਾ ਦੇ ਸੱਤਵੇਂ ਰਾਸ਼ਟਰਪਤੀ ਹਨ। 60 ਸਾਲ ਪਹਿਲਾਂ 9 ਤੋਂ 14 ਦਸੰਬਰ ਤੱਕ, ਸੰਨ 1959 ’ਚ ਰਾਸ਼ਟਰਪਤੀ ਡਵਾਈਟ ਡੀ ਆਈਜ਼ਨਹਾਵਰ ਭਾਰਤ ਦੇ ਦੌਰੇ ’ਤੇ ਆਉਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ। ਮੋਦੀ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਦੇ ਉਸ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ’ਚ ਰੁਪਾਨੀ ਨੇ ਲਿਖਿਆ ਸੀ ‘ਸਾਰਾ ਗੁਜਰਾਤ ਇਕ ਆਵਾਜ਼ ’ਚ ਕਹਿ ਰਿਹਾ ਹੈ- ਨਮਸਤੇ ਟਰੰਪ।’ ਰਾਸ਼ਟਰਪਤੀ ਟਰੰਪ ਤੇ ਮੋਦੀ ਅਹਿਮਦਾਬਾਦ ਹਵਾਈ ਅੱਡੇ ਤੋਂ ਮੋਟੇਰਾ ਇਲਾਕੇ ’ਚ ਨਵੇਂ ਉਸਾਰੇ ਸਰਦਾਰ ਪਟੇਲ ਸਟੇਡੀਅਮ ਤੱਕ 22 ਕਿਲੋਮੀਟਰ ਲੰਮਾ ਰੋਡ ਸ਼ੋਅ ਕਰਨਗੇ। ਕ੍ਰਿਕਟ ਸਟੇਡੀਅਮ ’ਚ ਹੋਣ ਵਾਲੇ ‘ਨਮਸਤੇ ਟਰੰਪ’ ਈਵੈਂਟ ’ਚ ਇਕ ਲੱਖ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਹੈ। ਹਵਾਈ ਅੱਡੇ ਤੋਂ ਮੋਟੇਰਾ ਮੈਦਾਨ ਤੱਕ ਮੁਲਕ ਦੇ ਵੱਖ-ਵੱਖ ਹਿੱਸਿਆਂ ਦੀਆਂ 28 ਝਾਕੀਆਂ ਸਜਾਈਆਂ ਗਈਆਂ ਹਨ। ਰਵਾਇਤੀ ਗੁਜਰਾਤੀ ਨ੍ਰਿਤ ‘ਗਰਬਾ’ ਵੀ ਇਸ ਮੌਕੇ ਪੇਸ਼ ਕੀਤਾ ਜਾਵੇਗਾ। ਮੋਟੇਰਾ ਸਟੇਡੀਅਮ ਵਿਚ ਨਾਮਵਰ ਗਾਇਕ ਲੋਕਾਂ ਦਾ ਮਨੋਰੰਜਨ ਕਰਨਗੇ। ਟਰੰਪ ਦੇ ਇਸ ਦੌਰੇ ਦੌਰਾਨ ਦੁਵੱਲੇ ਰੱਖਿਆ ਤੇ ਰਣਨੀਤਕ ਰਿਸ਼ਤੇ ਮਜ਼ਬੂਤ ਹੋਣ ਦੀ ਤਾਂ ਆਸ ਹੈ, ਪਰ ਵਪਾਰਕ ਪੱਖ ਤੋਂ ਬਣੇ ਅੜਿੱਕੇ ਦੂਰ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਰਾਸ਼ਟਰਪਤੀ ਟਰੰਪ ਦਾ 36 ਘੰਟੇ ਲੰਮਾ ਇਹ ਦੌਰਾ ਖਿੱਤੇ ਵਿਚ ਭੂਗੋਲਿਕ ਪੱਖ ਤੋਂ ਹੋ ਰਹੀਆਂ ਸਿਆਸੀ ਗਤੀਵਿਧੀਆਂ ਬਾਰੇ ਸਪੱਸ਼ਟ ਸੁਨੇਹਾ ਦੇਵੇਗਾ, ਖ਼ਾਸ ਕਰ ਕੇ ਉਸ ਵੇਲੇ ਇਹ ਹੋਰ ਵੀ ਮਹੱਤਵਪੂਰਨ ਹੈ ਜਦ ਚੀਨ ਇਲਾਕੇ ’ਚ ਆਪਣਾ ਫ਼ੌਜੀ ਤੇ ਵਿੱਤੀ ਦਬਦਬਾ ਵਧਾ ਰਿਹਾ ਹੈ। ਮੰਗਲਵਾਰ ਨੂੰ ਰਾਸ਼ਟਰਪਤੀ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਪਾਰ ਤੇ ਨਿਵੇਸ਼, ਰੱਖਿਆ-ਸੁਰੱਖਿਆ, ਦਹਿਸ਼ਤਗਰਦੀ, ਊਰਜਾ ਖੇਤਰ, ਧਾਰਮਿਕ ਆਜ਼ਾਦੀ, ਤਾਲਿਬਾਨ ਨਾਲ ਸ਼ਾਂਤੀ ਸਮਝੌਤੇ ਅਤੇ ਭਾਰਤੀ ਪ੍ਰਸ਼ਾਂਤ ਖੇਤਰ ਵਿਚ ਬਣੀ ਸਥਿਤੀ ਜਿਹੇ ਮੁੱਦਿਆਂ ’ਤੇ ਗੱਲਬਾਤ ਕਰਨਗੇ। ਟਰੰਪ ਉਸ ਵੇਲੇ ਭਾਰਤ ਆ ਰਹੇ ਹਨ ਜਦ ਥਾਂ-ਥਾਂ ਨਾਗਰਿਕਤਾ ਕਾਨੂੰਨ ਖ਼ਿਲਾਫ਼ ਰੋਸ ਮੁਜ਼ਾਹਰੇ ਹੋ ਰਹੇ ਹਨ। ਕਸ਼ਮੀਰ ਮੁੱਦੇ ’ਤੇ ਇਸਲਾਮਾਬਾਦ ਨਾਲ ਭਾਰਤ ਦੇ ਸਬੰਧ ਵਿਗੜੇ ਹੋਏ ਹਨ। ਭਾਰਤ ਅਮਰੀਕਾ ਨਾਲ ਐਮਐਚ- 60 ਰੋਮੀਓ ਹੈਲੀਕਾਪਟਰ ਖ਼ਰੀਦਣ ਬਾਰੇ ਸੌਦਾ ਕਰ ਸਕਦਾ ਹੈ। ‘ਅਪਾਚੇ’ ਹੈਲੀਕਾਪਟਰਾਂ ਬਾਰੇ ਵੀ ਸੌਦਾ ਹੋਣ ਦੀ ਆਸ ਹੈ। ਭਾਰਤ ਤੇ ਅਮਰੀਕਾ ਦੇ ਅਧਿਕਾਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਸ ਦੌਰਾਨ ਵਪਾਰ ਸੌਦਾ ਸਿਰੇ ਚੜ੍ਹਨ ਦੀ ਆਸ ਬਹੁਤ ਮੱਧਮ ਹੈ ਤੇ ਇਸ ’ਤੇ ਹਾਲੇ ਕੰਮ ਚੱਲ ਰਿਹਾ ਹੈ।
ਟਰੰਪ ਐਂਡਰਿਊਜ਼ ਬੇਸ ਤੋਂ ਅਮਰੀਕੀ ਸਮੇਂ ਮੁਤਾਬਕ ਐਤਵਾਰ ਸਵੇਰੇ ਕਰੀਬ 10 ਵਜੇ (ਭਾਰਤੀ ਸਮੇਂ ਮੁਤਾਬਕ ਐਤਵਾਰ ਰਾਤ 8.30 ਵਜੇ) ਏਅਰ ਫੋਰਸ ਵਨ ਜਹਾਜ਼ ਵਿਚ ਭਾਰਤ ਲਈ ਰਵਾਨਾ ਹੋਏ। ਜਰਮਨੀ ਵਿਚ ਉਹ ਰੈਮਸਟੀਨ ਏਅਰ ਬੇਸ ’ਤੇ 90 ਮਿੰਟ ਲਈ ਰੁਕਣਗੇ ਤੇ ਫਿਰ ਅਹਿਮਦਾਬਾਦ ਲਈ ਰਵਾਨਾ ਹੋਣਗੇ।
HOME ਟਰੰਪ ਦੀ ਬੇਸਬਰੀ ਨਾਲ ਉਡੀਕ: ਮੋਦੀ