‘ਆਪ’ ਹੁਣ ਤੱਤੇ ਰੌਂਅ ’ਚ ਭਖਾਏਗੀ ਬਿਜਲੀ ਅੰਦੋਲਨ

ਆਮ ਆਦਮੀ ਪਾਰਟੀ (ਆਪ) ਹੁਣ ਤੱਤੇ ਪੈਂਤੜੇ ਨਾਲ ਬਿਜਲੀ ਅੰਦੋਲਨ ਨੂੰ ਭਖਾਏਗੀ। ਦਿੱਲੀ ਜਿੱਤ ਮਗਰੋਂ ‘ਆਪ’ ਨੇ ਬਿਜਲੀ ਅੰਦੋਲਨ ਨਾਲ ਲਾਮਬੰਦੀ ਕਰਨ ਦੀ ਯੋਜਨਾਬੰਦੀ ਘੜੀ ਹੈ। ‘ਆਪ’ ਨੇ ਕੋਰ ਕਮੇਟੀ ਦੀ ਮੀਟਿੰਗ 20 ਫਰਵਰੀ ਨੂੰ ਬੁਲਾ ਲਈ ਹੈ ਜਿਸ ਵਿਚ ਬਿਜਲੀ ਅੰਦੋਲਨ ਦੀ ਨਵੀਂ ਰੂਪ-ਰੇਖਾ ਤਿਆਰ ਹੋਵੇਗੀ। ਪਟਿਆਲਾ ਤੋਂ ਬਿਜਲੀ ਅੰਦੋਲਨ ਨੂੰ ਭਖਵੇਂ ਰੂਪ ਵਿਚ ਸ਼ੁਰੂ ਕੀਤਾ ਜਾਣਾ ਹੈ। ਦੱਸਣਯੋਗ ਹੈ ਕਿ ਬਿਜਲੀ ਬਿੱਲਾਂ ਅਤੇ ਬਿਜਲੀ ਸਮਝੌਤਿਆਂ ਨੂੰ ਲੈ ਕੇ ‘ਆਪ’ ਨੇ ਪਹਿਲਾਂ ਹੀ ਕਾਫ਼ੀ ਪ੍ਰਦਰਸ਼ਨ ਕੀਤੇ ਹਨ। ਪਾਰਟੀ ਇਸ ਮਸਲੇ ਨੂੰ ਹੁਣ ਤਿੱਖੇ ਰੌਂਅ ਵਿਚ ਲੈਣਾ ਚਾਹੁੰਦੀ ਹੈ।
ਸੂਤਰਾਂ ਅਨੁਸਾਰ ‘ਆਪ’ ਵੱਲੋਂ 19 ਫਰਵਰੀ ਤੋਂ ਪੰਜਾਬ ਤੋਂ ਮੈਂਬਰਸ਼ਿਪ ਮੁਹਿੰਮ ‘ਦੇਸ਼ ਹਿੱਤ ਲਈ ‘ਆਪ’ ਦੇ ਮੈਂਬਰ ਬਣੋ’ ਸ਼ੁਰੂ ਕੀਤੀ ਜਾਣੀ ਹੈ। ਇਸ ਤਹਿਤ ਇੱਕ ਫੋਨ ਨੰਬਰ ਜਨਤਕ ਕੀਤਾ ਜਾਵੇਗਾ ਜਿਸ ’ਤੇ ਮਿਸਡ ਕਾਲ ਦੇ ਕੇ ਕੋਈ ਵੀ ਵਿਅਕਤੀ ਮੈਂਬਰ ਬਣ ਸਕੇਗਾ। ਇਸ ਮੁਹਿੰਮ ਮਗਰੋਂ ਕੋਰ ਕਮੇਟੀ ਦੀ ਅਗਲੇ ਦਿਨ ਮੀਟਿੰਗ ਚੰਡੀਗੜ੍ਹ ਵਿਚ ਹੋਣੀ ਹੈ ਜਿਸ ਦੇ ਫ਼ੈਸਲਿਆਂ ਪਿਛੋਂ ‘ਆਪ’ ਪੂਰੀ ਤਿਆਰੀ ਨਾਲ ਪੰਜਾਬ ਦੇ ਮੈਦਾਨ ਵਿਚ ਕੁੱਦੇਗੀ।
ਪਤਾ ਲੱਗਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ ਹਫ਼ਤੇ ਲਈ ਅੱਗੇ ਪੈ ਗਿਆ ਹੈ ਅਤੇ ਉਨ੍ਹਾਂ ਦੇ ਮਾਰਚ ਦੇ ਪਹਿਲੇ ਹਫ਼ਤੇ ਆਉਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਉਹ ਪੰਜਾਬ ਵਿਚ ਆਪਣੀ ਨਵੀਂ ਸ਼ੁਰੂਆਤ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਦੁਰਗਿਆਣਾ ਮੰਦਰ ’ਚ ਮੱਥਾ ਟੇਕ ਕੇ ਕਰਨਗੇ। ਉਸ ਮਗਰੋਂ ਮਾਲਵੇ ਦੇ ਚਾਰ ਜ਼ਿਲ੍ਹਿਆਂ ਵਿਚ ਰੋਡ ਸ਼ੋਅ ਦਾ ਪ੍ਰੋਗਰਾਮ ਬਣਾਉਣ ਦੀ ਯੋਜਨਾ ਹੈ। ‘ਆਪ’ ਵੱਲੋਂ ਸ਼੍ਰੋਮਣੀ ਕਮੇਟੀ ਚੋੋਣਾਂ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਜਾ ਚੁੱਕਾ ਹੈ। ਆਉਂਦੇ ਦਿਨਾਂ ਵਿਚ ਪੰਜਾਬ ਦੇ ਪਿੰਡਾਂ ’ਚੋਂ ਦੂਜੀਆਂ ਧਿਰਾਂ ਦੇ ਵਰਕਰਾਂ ਦੀ ‘ਆਪ’ ਵਿਚ ਸ਼ਮੂਲੀਅਤ ਦੀ ਮੁਹਿੰਮ ਵੀ ਚੱਲਣੀ ਹੈ। ‘ਆਪ’ ਨੂੰ ਪਿਛਲੀ ਚੋਣ ਵਿਚ ਮਾਲਵਾ ਖ਼ਿੱਤੇ ਵਿਚ ਵੱਡੀ ਕਾਮਯਾਬੀ ਮਿਲੀ ਸੀ ਜਿਸ ਕਰ ਕੇ ਦਿੱਲੀ ਜਿੱਤ ਮਗਰੋਂ ਮਾਲਵੇ ਦੇ ਵਿਆਹਾਂ ਤੇ ਭੋਗਾਂ ’ਤੇ ਹੁਣ ਮੁੜ ਕੇਜਰੀਵਾਲ ਦੀ ਗੱਲ ਚੱਲੀ ਹੈ। ਮੰਡੀ ਕਲਾਂ ਦੇ ਹਰਜਸ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਵਿਦੇਸ਼ਾਂ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਹਨ। ਸਿਆਸੀ ਧਿਰਾਂ ਦੇ ਵਰਕਰ ਵੀ ਹੁਣ ‘ਆਪ’ ਦੇ ਕੰਮਾਂ ਦੀ ਤਾਰੀਫ਼ ਕਰ ਰਹੇ ਹਨ।

Previous articleਦੇਸ਼ਧ੍ਰੋਹ ਕੇਸ: ਕਸ਼ਮੀਰ ਦੇ ਤਿੰਨ ਇੰਜਨੀਅਰਿੰਗ ਵਿਦਿਆਰਥੀ ਮੁੜ ਗ੍ਰਿਫ਼ਤਾਰ
Next articleਝਾਰਖੰਡ: ਬਾਬੂਲਾਲ ਮਰਾਂਡੀ ਦੀ ਭਾਜਪਾ ’ਚ ਵਾਪਸੀ