ਘੱਟ ਗਿਣਤੀਆਂ ਦੀ ਸੁਰੱਖਿਆ ਜ਼ਰੂਰੀ: ਬਾਦਲ

ਧਰਮ ਨਿਰਪੱਖਤਾ ਦਾ ਮਾਹੌਲ ਕਾਇਮ ਰੱਖਣ ’ਤੇ ਜ਼ੋਰ; ਮੋਦੀ ਦਾ ਨਾਂ ਲਏ ਬਿਨਾਂ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਲਾਹ

* ਕੈਪਟਨ ਨੂੰ ਵਾਅਦੇ ਪੂਰੇ ਕਰਨ ਜਾਂ ਕੁਰਸੀ ਛੱਡਣ ਲਈ ਆਖਿਆ

* ਸੁਖਬੀਰ ਨੇ ਕਾਂਗਰਸ ਸਰਕਾਰ ’ਤੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦੇ ਦੋਸ਼ ਲਾਏ

ਬਿਜਲੀ ਦਰਾਂ ਵਿੱਚ ਕਟੌਤੀ ਦੇ ਵਾਅਦੇ ਕੀਤੇਜਗਤਾਰ ਸਿੰਘ ਲਾਂਬਾ
ਰਾਜਾਸਾਂਸੀ (ਅੰਮ੍ਰਿਤਸਰ)– ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਮਾਮਲੇ ’ਤੇ ਬਣੇ ਅਸਥਿਰਤਾ ਵਾਲੇ ਮਾਹੌਲ ਦੌਰਾਨ ਅੱਜ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਸਰਕਾਰ ਦਾ ਨਾਂ ਲਏ ਬਿਨਾਂ ਆਖਿਆ ਕਿ ਦੇਸ਼ ਵਿਚ ਧਰਮ ਨਿਰਪੱਖਤਾ ਦਾ ਮਾਹੌਲ ਬਣਿਆ ਰਹਿਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਉਹ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਦੀ ਕਾਂਗਰਸ ਸਰਕਾਰ ਖ਼ਿਲਾਫ਼ ਰੋਸ ਰੈਲੀ ਵਿਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਜਾਂ ਫਿਰ ਗੱਦੀ ਛੱਡ ਦੇਣ।
ਰਾਜਾਸਾਂਸੀ ਦੀ ਦਾਣਾ ਮੰਡੀ ਵਿਚ ਰੋਸ ਰੈਲੀ ਵਿਚ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪਹਿਲੀ ਵਾਰ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ’ਤੇ ਕੁਝ ਬੋਲੇ ਹਨ। ਇਸ ਸਬੰਧੀ ਸ੍ਰੀ ਬਾਦਲ ਨੇ ਮੋਦੀ ਸਰਕਾਰ ਅਤੇ ਨਾਗਰਿਕਤਾ ਸੋਧ ਕਾਨੂੰਨ ਦਾ ਨਾਂ ਲਏ ਬਿਨਾਂ ਟਿੱਪਣੀ ਕੀਤੀ। ਦੇਸ਼ ਵਿਚ ਬਣੇ ਅਸਥਿਰਤਾ ਵਾਲੇ ਮਾਹੌਲ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਧਰਮ ਨਿਰਪੱਖਤਾ ਨੂੰ ਭੰਗ ਕਰਨ ਵਾਲੀ ਕੋਈ ਵੀ ਕਾਰਵਾਈ ਦੇਸ਼ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਇਹ ਦੇਸ਼ ਦੇ ਸੰਵਿਧਾਨ ਦੀ ਭਾਵਨਾ ਦੇ ਵੀ ਉਲਟ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਧਰਮ ਨਿਰਪੱਖਤਾ ਦਾ ਮਾਹੌਲ ਕਾਇਮ ਰਹਿਣਾ ਚਾਹੀਦਾ ਹੈ ਅਤੇ ਸਰਕਾਰਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਦੇਸ਼ ਵਿਚ ਅਜਿਹਾ ਮਾਹੌਲ ਹੋਣਾ ਚਾਹੀਦਾ ਹੈ, ਜਿੱਥੇ ਘੱਟ ਗਿਣਤੀ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਨਾ ਕਰਨ। ਉਨ੍ਹਾਂ ਇਸ ਮਾਮਲੇ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਧਰਮ ਨਿਰਪੱਖ ਰਾਜ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਰਾਜ ਵਿਚ ਪ੍ਰਮੁੱਖ ਪੰਜ ਮੰਤਰੀਆਂ ਵਿਚ ਇਕ ਮੁਸਲਮਾਨ, ਤਿੰਨ ਹਿੰਦੂ ਤੇ ਇਕ ਸਿੱਖ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਵੀ ਧਰਮ ਨਿਰਪੱਖਤਾ ਦਾ ਰਾਹ ਦਿਖਾਉਂਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਿਮ ਫਕੀਰ ਕੋਲੋਂ ਰਖਵਾਈ ਸੀ।
ਪੰਜਾਬ ਸਰਕਾਰ ਦੀ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਅਤੇ ਜੇਕਰ ਅਜਿਹਾ ਨਹੀਂ ਕਰ ਸਕਦੀ ਤਾਂ ਮੁੱਖ ਮੰਤਰੀ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਕਿ ਜੇਕਰ ਕੋਈ ਪਾਰਟੀ ਸੱਤਾ ਵਿਚ ਆਉਣ ਮਗਰੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਗਏ ਅਕਾਲੀ ਆਗੂਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਆਗੂਆਂ ਨੂੰ ਪਾਰਟੀ ਨੇ ਪੂਰਾ ਮਾਣ-ਸਤਿਕਾਰ ਦਿੱਤਾ ਹੈ ਅਤੇ ਉਨ੍ਹਾਂ ਨੇ ਇਸ ਨੂੰ ਹੰਢਾਇਆ ਵੀ ਹੈ ਪਰ ਹੁਣ ਪੰਥ ਵਿਰੋਧੀਆਂ ਨਾਲ ਰਲ ਕੇ ਉਹ ਪਾਰਟੀ ਨਾਲ ਵਿਸ਼ਵਾਸਘਾਤ ਕਰ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਅਜਿਹੀ ਮਾਂ ਹੈ, ਜੋ ਵਿਅਕਤੀ ਨੂੰ ਰੁਤਬਾ ਅਤੇ ਸ਼ੌਹਰਤ ਦਿੰਦੀ ਹੈ, ਉਸ ਨਾਲ ਵਿਸ਼ਵਾਸਘਾਤ ਜਾਇਜ਼ ਨਹੀਂ।
ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਸੂਬੇ ਦੀ ਕਾਂਗਰਸ ਸਰਕਾਰ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਚਾਹੁੰਦੀ ਹੈ ਅਤੇ ਜਥੇਬੰਦੀ ਅਜਿਹਾ ਕਿਸੇ ਵੀ ਸੂਰਤ ਵਿਚ ਨਹੀਂ ਹੋਣ ਦੇਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਹੱਥ ਵਿਚ ਲੈ ਕੇ ਅਤੇ ਗੁਰਦੁਆਰੇ ਵੱਲ ਮੂੰਹ ਕਰਕੇ ਲੋਕਾਂ ਨਾਲ ਵਾਅਦੇ ਕੀਤੇ ਸਨ ਪਰ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬਹਿਬਲ ਕਲਾਂ ਅਤੇ ਬੇਅਦਬੀ ਮਾਮਲੇ ਵਿਚ ਸਰਕਾਰ ਨੇ ਹੁਣ ਤੱਕ ਕਿਸੇ ਦੋਸ਼ੀ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਸਗੋਂ ਕਾਂਗਰਸ ਦੇ ਕੁਝ ਆਗੂਆਂ ਦੇ ਦਬਾਅ ਕਾਰਨ ਇਸ ਮਾਮਲੇ ਦਾ ਮੁੱਖ ਗਵਾਹ ਬਿਨਾਂ ਗਵਾਹੀ ਦਿੱਤੇ ਅਕਾਲ ਚਲਾਣਾ ਕਰ ਗਿਆ। ਅੱਜ ਭਰਵੇਂ ਇਕੱਠ ਵਿਚ ਬੇਅਦਬੀ ਅਤੇ ਗੋਲੀ ਕਾਂਡ ਬਾਰੇ ਸਫ਼ਾਈ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ, ‘‘ਜਿਸ ਕਿਸੇ ਨੇ ਵੀ ਬੇਅਦਬੀ ਕਰਵਾਈ ਹੈ, ਉਸ ਦੇ ਪਰਿਵਾਰ ਦਾ ਕੁਝ ਨਾ ਰਹੇ।’’
ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਕਰੜੇ ਹੱਥੀਂ ਲਿਆ ਅਤੇ ਕਿਹਾ ਕਿ ਗੰਨਾ ਕਿਸਾਨਾਂ ਦੇ 350 ਕਰੋੜ ਰੁਪਏ ਦਾ ਬਕਾਇਆ ਹੁਣ ਤਕ ਸਰਕਾਰ ਨੇ ਨਹੀਂ ਦਿੱਤਾ ਹੈ। ਜਗਮੀਤ ਸਿੰਘ ਬਰਾੜ ਨੇ ਆਪਣੇ ਉਤਸ਼ਾਹ ਭਰਪੂਰ ਭਾਸ਼ਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਲਏ ਸਟੈਂਡ ਦੀ ਸ਼ਲਾਘਾ ਕੀਤੀ। ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਛੱਡ ਕੇ ਮੁੜ ਘਰ ਵਾਪਸੀ ਕਰਨ ਵਾਲੇ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਬਾਗੀ ਅਕਾਲੀ ਕਦੇ ਵੀ ਇਕ ਝੰਡੇ ਹੇਠ ਇਕੱਠੇ ਨਹੀਂ ਹੋ ਸਕਦੇ। ਰੈਲੀ ਨੂੰ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ, ਗੁਲਜ਼ਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ, ਗੁਰਪ੍ਰਤਾਪ ਸਿੰਘ ਟਿੱਕਾ, ਤਲਬੀਰ ਸਿੰਘ, ਮਲਕੀਤ ਸਿੰਘ ਏਆਰ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।

ਰੈਲੀ ਦੌਰਾਨ ਸੁਖਬੀਰ ਬਾਦਲ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਮੁੜ ਅਕਾਲੀ ਸਰਕਾਰ ਆਉਣ ’ਤੇ ਨਾ ਸਿਰਫ ਬਿਜਲੀ ਦੀਆਂ ਦਰਾਂ ਪਹਿਲਾਂ ਵਾਂਗ ਪੰਜ ਰੁਪਏ ਪ੍ਰਤੀ ਯੂਨਿਟ ਕੀਤੀਆਂ ਜਾਣਗੀਆਂ ਸਗੋਂ ਗਰੀਬਾਂ ਨੂੰ 200 ਯੂਨਿਟ ਮੁਫਤ ਦੀ ਥਾਂ 400 ਯੂਨਿਟ ਮੁਫਤ ਦਿੱਤੇ ਜਾਣਗੇ। ਅਨਸੂਚਿਤ ਜਾਤੀ ਵਜ਼ੀਫ਼ੇ ਮੁੜ ਸ਼ੁਰੂ ਕੀਤੇ ਜਾਣਗੇ ਅਤੇ ਹੋਰ ਸਹੂਲਤਾਂ ਵੀ ਬਹਾਲ ਕੀਤੀਆਂ ਜਾਣਗੀਆਂ।

Previous articleਭਾਰਤੀ ਹਵਾਈ ਫੌਜ ਦਾ ‘ਚੇਤਕ’ ਖੇਤਾਂ ਵਿੱਚ ਉਤਰਿਆ
Next articleਦੁਬਈ ਤੋਂ ਪਰਤੇ ਦੋਸਤ ਨੂੰ ਘਰ ਲਿਜਾਂਦੇ ਸਮੇਂ ਹਾਦਸਾ, ਦੋ ਹਲਾਕ