ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਦਫ਼ਤਰ ਵਿੱਚ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਨੌਜਵਾਨਾਂ ਵਿੱਚ ਸਵੈ-ਵਿਸ਼ਵਾਸ ਦੀ ਭਾਵਨਾ ਭਰਨ ’ਤੇ ਧਿਆਨ ਕੇਂਦਰਤ ਕਰ ਕੇ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ’ਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਨੌਜਵਾਨਾਂ ਨੂੰ ਸਹੀ ਢੰਗ ਨਾਲ ਸਿੱਖਿਅਤ ਕਰਨ ਦੀ ਲੋੜ ਹੈ। ਯੂਨੀਵਰਸਿਟੀਆਂ ਸਿੱਖਿਆ ਦੇ ਮੰਦਰ ਹਨ ਅਤੇ ਨੌਜਵਾਨਾਂ ਨੂੰ ਭਵਿੱਖ ਦੇ ਲੀਡਰ ਬਣਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਵਾਈਸ ਚਾਂਸਲਰਾਂ ਨੂੰ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ’ਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਾਂ ਕਿਹਾ ਕਿ ਹੁਨਰ ਸਿੱਖਿਆ ਰਾਹੀਂ ਸੂਬੇ ਕੋਲ ਹੁਨਰਮੰਦ ਮਨੁੱਖੀ ਸ਼ਕਤੀ ਦਾ ਅਜਿਹਾ ਭੰਡਾਰ ਹੋਵੇਗਾ, ਜਿਸ ਤੋਂ ਸਨਅਤਕਾਰਾਂ ਨੂੰ ਫਾਇਦਾ ਮਿਲੇਗਾ।
ਹੁਨਰ ਸਿੱਖਿਆ ਨੌਜਵਾਨਾਂ ਲਈ ਸਵੈ-ਰੁਜ਼ਗਾਰ ਦੇ ਨਵੇਂ ਰਸਤੇ ਖੋਲ੍ਹੇਗੀ, ਜਿਸ ਨਾਲ ਉਹ ਆਪਣਾ ਜੀਵਨ ਮਾਣ ਤੇ ਸਤਿਕਾਰ ਨਾਲ ਬਸਰ ਕਰਨ ਦੇ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੁਹਾਲੀ ਵਿੱਚ ਸ਼ੁਰੂ ਕੀਤਾ ਇਨੋਵੇਸ਼ਨ ਸੈਂਟਰ ਨੌਜਵਾਨਾਂ ਦੇ ਬਹੁ-ਪੱਖੀ ਵਿਕਾਸ ਲਈ ਸਹਾਈ ਸਾਬਤ ਹੋ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪੰਜਾਬ ਵਿੱਚ ਵਿਚਾਰਾਂ ਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਕਰਨ ’ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਾਰਚ ਤੇ ਜੂਨ ਮਹੀਨੇ ਦੌਰਾਨ ਜੀ-20 ਸੰਮੇਲਨ ਦੇ ਦੋ ਸੈਸ਼ਨ ਸਿੱਖਿਆ ਦੇ ਮੁੱਦੇ ’ਤੇ ਹੋ ਰਹੇ ਹਨ। ਯੂਨੀਵਰਸਿਟੀਆਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸੰਮੇਲਨ ਵਿੱਚ ਭਾਗ ਲੈਣਾ ਚਾਹੀਦਾ ਹੈ ਕਿਉਂਕਿ ਇਹ ਸੰਮੇਲਨ ਆਲਮੀ ਮੁੱਦਿਆਂ ਬਾਰੇ ਵਿਦਿਆਰਥੀਆਂ ਦੀ ਸੋਚ ਦਾ ਘੇਰਾ ਮੋਕਲਾ ਕਰ ਕੇ ਉਨ੍ਹਾਂ ਦੇ ਜੀਵਨ ਵਿੱਚ ਉਸਾਰੂ ਤਬਦੀਲੀ ਲਿਆਏਗਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly